ਬਰਨਾਲਾ ‘ਚ ਵੀ ਭਾਜਪਾ ਦੀ ਜਿੱਤ ਦਾ ਜਸ਼ਨ,ਵੰਡੇ ਲੱਡੂ ਤੇ ਜਲੇਬੀਆਂ
ਰਘਬੀਰ ਹੈਪੀ, ਬਰਨਾਲਾ 9 ਅਕਤੂਬਰ 2024
ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਦੀ ਬਰਨਾਲਾ ਵਿੱਚ ਭਾਜਪਾ ਆਗੂਆਂ ਅਤੇ ਵਰਕਰਾਂ ਨੇ ਖੁਸ਼ੀ ਮਨਾਈ ਗਈ। ਭਾਜਪਾ ਦੇ ਸੂਬਾ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਭਾਜਪਾਈਆਂ ਨੇ ਲੱਡੂ ਵੰਡ ਕੇ ਜਿੱਤ ਦਾ ਜਸ਼ਨ ਮਨਾਇਆ।
ਇਸ ਮੌਕੇ ਗੱਲਬਾਾਤ ਕਰਦਿਆਂ ਭਾਜਪਾ ਆਗੂ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਹਰਿਆਣਾ ਵਿੱਚ ਭਾਜਪਾ ਦੀ ਬਹੁਤ ਇਤਿਹਾਸਕ ਜਿੱਤ ਹੋਈ ਹੈ। ਹਰਿਆਣਾ ਦੇ ਸੂਝਵਾਨ ਵੋਟਰਾਂ ਨੇ ਲਗਾਤਾਰ ਤੀਜੀ ਵਾਰ ਭਾਜਪਾ ਦੀ ਸਰਕਾਰ ਬਣਾ ਕੇ ਰਿਕਾਰਡ ਬਣਾ ਦਿੱਤਾ ਹੈ। ਇਸਦਾ ਜਿੱਤ ਦਾ ਸਾਰਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ, ਜੇਪੀ ਨੱਡਾ ਅਤੇ ਹੋਰ ਸਾਰੀ ਸਮੁੱਚੀ ਹਾਈਕਮਾਂਡ ਨੂੰ ਜਾਂਦਾ ਹੈ। ਉਹਨਾਂ ਕਿਹਾ ਕਿ ਭਾਰਤ ਦੇ ਵਿਕਾਸ ਨੂੰ ਦੇਖਦਿਆਂ ਹੀ ਹਰਿਆਣਾ ਦੇ ਲੋਕਾਂ ਨੇ ਭਾਜਪਾ ਨੂੰ ਮੁੜ ਜਿਤਾਇਆ ਹੈ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਦੇਸ਼ ਵਿੱਚ ਕੇਂਦਰ ਦੀ ਤੀਜੀ ਵਾਰ ਭਾਜਪਾ ਦੀ ਸਰਕਾਰ ਬਣਾਈ, ਉਸੇ ਨੂੰ ਮੁੱਖ ਰੱਖ ਕੇ ਹਰਿਆਣਾ ਦੇ ਵੋਟਰਾਂ ਨੇ ਭਾਜਪਾ ਦਾ ਸਾਥ ਦਿੱਤਾ ਹੈ। ਉਹਨਾਂ ਕਿਹਾ ਕਿ ਇਸਦੇ ਉਲਟ ਪੰਜਾਬ ਵਿੱਚ ਬਹੁਤ ਬੁਰਾ ਹਾਲ ਹੋਇਆ ਹੈ। ਪੰਚਾਇਤੀ ਚੋਣਾਂ ਵਿੱਚ ਸ਼ਰੇਆਮ ਧੱਕਾ ਅਤੇ ਘਪਲਾ ਹੋਇਆ ਹੈ। ਇਸ ਸਮੇਂ ਪੰਜਾਬ ਦੀ ਵਿੱਤੀ ਅਤੇ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੈ। ਇਸਤੋਂ ਮਾੜੀ ਸਰਕਾਰ ਪੰਜਾਬ ਵਿੱਚ ਕਦੇ ਨਹੀਂ ਆਵੇਗੀ। ਪੰਜਾਬ ਵਿੱਚ ਕੋਈ ਵੀ ਵਿਅਕਤੀ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਸਮਝ ਰਿਹਾ। ਪੰਜਾਬ ਦਾ ਇਸ ਵੇਲੇ ਕੋਈ ਵਾਲੀ ਵਾਰਸ ਨਹੀਂ ਹੈ। ਪੰਜਾਬ ਦੇ ਹਾਲਾਤਾਂ ਦੇ ਮੱਦੇਨਜ਼ਰ ਹੀ ਉਹਨਾਂ ਦਾਅਵਾ ਕੀਤਾ ਕਿ ਆਉਣ ਵਾਲੀਆਂ ਪੰਜਾਬ ਦੀਆਂ ਚਾਰ ਵਿਧਾਨ ਸਭਾ ਦੀਆ ਜਿਮਨੀ ਚੋਣਾਂ ਵਿੱਚ ਭਾਜਪਾ ਦੀ ਜਿੱਤ ਹੋਵੇਗੀ ਅਤੇ ਆਮ ਆਦਮੀ ਪਾਰਟੀ ਨੂੰ ਹਾਰ ਦਾ ਮੂੰਹ ਦੇਖਣਾ ਪਵੇਗਾ। ਉਹਨਾਂ ਬਰਨਾਲਾ ਵਿਧਾਨ ਸਭਾ ਦੀ ਜਿਮਨੀ ਚੋਣ ਵਿੱਚ ਵੀ ਭਾਜਪਾ ਦੀ ਵੱਡੀ ਲੀਡ ਨਾਲ ਜਿੱਤ ਦਾ ਦਾਅਵਾ ਕੀਤਾ। ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਜਿਮਨੀ ਚੋਣਾਂ ਨੂੰ ਲੈ ਕੇ ਕਿਹਾ ਕਿ ਭਾਜਪਾ ਦੀ ਇਹਨਾਂ ਚੋਣਾਂ ਨੂੰ ਲੈ ਕੇ ਪੂਰੀ ਤਿਆਰੀ ਹੈ ਅਤੇ ਜਲਦ ਹੀ ਉਮੀਦਵਾਰਾਂ ਦਾ ਐਲਾਨ ਕੀਤਾ ਜਾਵੇਗਾ।
ਇਸ ਮੌਕੇ ਕੌਸਲਰ ਧਰਮ ਸਿੰਘ ਫ਼ੌਜੀ, ਐਡਵੋਕੇਟ ਵਿਸ਼ਾਲ, ਜੱਗਾ ਸਿੰਘ ਮਾਨ, ਕੁਲਦੀਪ ਸਿੰਘ ਧਾਲੀਵਾਲ, ਨਰਿੰਦਰ ਨੀਟਾ, ਪ੍ਰੇਮ ਪ੍ਰੀਤਮ ਜਿੰਦਲ, ਸੁਭਾਸ਼ ਮੱਕੜਾ, ਪਰਮਜੀਤ ਕੌਰ ਚੀਮਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਭਾਜਪਾ ਦੇ ਆਗੂ ਤੇ ਵਰਕਰ ਹਾਜ਼ਰ ਸਨ।