PAU ਤੋਂ ਗ੍ਰੈਜੂਏਟ ਨੌਜਵਾਨ ਨੇ ਭਰਾਵਾਂ ਨਾਲ ਰਲ ਕੇ ਸੰਭਾਲੀ ਪਰਾਲੀ ਪ੍ਰਬੰਧਨ ਦੀ ਕਮਾਨ

Advertisement
Spread information

ਕਿਸਾਨ ਭਰਾ 35 ਏਕੜ ਵਿਚ ਕਰਦੇ ਹਨ ਖੇਤੀ,ਪਰਾਲੀ ਜ਼ਮੀਨ ਵਿੱਚ ਰਲਾ ਕੇ ਅਤੇ ਗੰਢਾਂ ਬਣਾ ਕੇ ਕਰਦੇ ਹਨ ਨਿਬੇੜਾ

ਰਘਵੀਰ ਹੈਪੀ,  ਬਰਨਾਲਾ 18 ਸਤੰਬਰ 2024
         ਬਰਨਾਲਾ ਜ਼ਿਲ੍ਹੇ ਦੇ ਪਿੰਡ ਸੇਖਾ ਵਾਸੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਗ੍ਰੈਜੂਏਟ ਨੌਜਵਾਨ ਨੇ ਆਪਣੇ ਭਰਾਵਾਂ ਨੂੰ ਪਰਾਲੀ ਪ੍ਰਬੰਧਨ ਦੀ ਚਿਣਗ ਲਾਈ ਹੈ, ਜਿਸ ਬਦੌਲਤ ਇਹ ਪਰਿਵਾਰ ਦੂਜੇ ਕਿਸਾਨਾਂ ਲਈ ਉਦਾਹਰਨ ਬਣਿਆ ਹੈ।
           ਸੇਖਾ ਪਿੰਡ ਵਾਸੀ ਅਮਰਿੰਦਰ ਸਿੰਘ ਵੜੈਚ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਬੀ ਟੈਕ (ਬਾਇਓ ਟੈਕਨਾਲੋਜੀ) ਕੀਤੀ ਹੈ। ਉਸ ਨੇ ਦੱਸਿਆ ਕਿ ਉਹ ਆਪਣੇ ਤਾਏ ਦੇ ਪੁੱਤਾਂ ਸਰਬਜੀਤ ਸਿੰਘ ਵੜੈਚ ਅਤੇ ਬਲਕਾਰ ਸਿੰਘ ਵੜੈਚ ਨਾਲ 35 ਏਕੜ ਦੀ ਖੇਤੀ ਕਰਦੇ ਹਨ।
         ਉਨ੍ਹਾਂ ਦੱਸਿਆ ਕਿ ਉਹ ਕਣਕ ਅਤੇ ਝੋਨੇ ਤੋਂ ਇਲਾਵਾ ਆਲੂ, ਮੱਕੀ, ਮੂੰਗੀ ਆਦਿ ਦੀ ਕਾਸ਼ਤ ਕਰਦੇ ਹਨ। ਉਨ੍ਹਾਂ ਦਸਦੇ ਕਿ ਉਨ੍ਹਾਂ ਨੇ 2018 ਤੋਂ ਪਰਾਲੀ ਨੂੰ ਅੱਗ ਲਾਉਣੀ ਬੰਦ ਕੀਤੀ ਹੋਈ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਭੈਣ ਤਜਿੰਦਰ ਕੌਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਭੂਮੀ ਵਿਗਿਆਨ ‘ਤੇ ਪੀ.ਐਚਡੀ ਕਰ ਰਹੀ ਹੈ ‘ਤੇ ਉਸ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਭੈਣ ਵਲੋਂ ਖੇਤੀਬਾੜੀ ਦੀ ਪੜ੍ਹਾਈ ਕੀਤੀ ਹੋਣ ਅਤੇ ਉਸ ਦੇ ਖ਼ੁਦ ਦੇ ਖੇਤੀਬਾੜੀ ਯੂਨੀਵਰਸਿਟੀ ਨਾਲ ਜੁੜੇ ਹੋਣ ਕਰਕੇ ਪਰਾਲੀ ਪ੍ਰਬੰਧਨ ਬਾਰੇ ਵਧੇਰੇ ਜਾਣਕਾਰੀ ਮਿਲੀ। ਇਸ ਤੋਂ ਇਲਾਵਾ ਉਨ੍ਹਾਂ ਦੇ ਭਰਾ ਸਰਬਜੀਤ ਸਿੰਘ ਅਤੇ ਬਲਕਾਰ ਸਿੰਘ ਵੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਜੁੜੇ ਹੋਣ ਕਾਰਣ ਸਾਰਿਆਂ ਦੇ ਸਲਾਹ ਮਸ਼ਵਰੇ ਨਾਲ ਪਰਾਲੀ ਨੂੰ ਸਾੜਨ ਦੀ ਬਜਾਏ ਪ੍ਰਬੰਧਨ ਕਰਨ ਦੀ ਵਿਉਂਤ ਬਣਾਈ। ਇਸ ਦੌਰਾਨ ਹੈ ਕੋਈ ਦਿੱਕਤ ਆਉਂਦੀ ਤਾਂ ਅਸੀਂ ਯੂਨੀਵਰਸਿਟੀ ਦੇ ਪ੍ਰੋਫ਼ੈਸਰਾਂ ਜਾਂ ਹੋਰ ਮਾਹਿਰਾਂ ਦੀ ਮਦਦ ਲੈਂਦੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਕਰਮ ਸਿੰਘ ਤੇ ਤਾਇਆ ਗੁਰਚਰਨ ਸਿੰਘ ਨੇ ਸਾਡੀ ਅਗਵਾਈ ਕੀਤੀ ਅਤੇ ਉਨ੍ਹਾਂ ਦੀ ਅਗਵਾਈ ਵਿੱਚ ਅਸੀਂ ਪਰਾਲੀ ਪ੍ਰਬੰਧਨ ਵੱਲ ਮੁੜੇ।
           ਕਿਸਾਨ ਸਰਬਜੀਤ ਸਿੰਘ ਵੜੈਚ ਨੇ ਦੱਸਿਆ ਕਿ ਉਹ ਝੋਨੇ ਦੀ ਪਰਾਲੀ ਨੂੰ ਜ਼ਮੀਨ ਵਿੱਚ ਵੀ ਰਲਾਉਂਦੇ ਹਨ ਅਤੇ ਕੁਝ ਜ਼ਮੀਨ ਵਿੱਚ ਗੰਢਾਂ ਵੀ ਬਣਾਉਂਦੇ ਹਨ। ਉਨ੍ਹਾਂ ਦੱਸਿਆ ਕਿ ਉਹ ਮਲਚਰ, ਰੋਟਾਵੇਟਰ, ਪਲਾਓ ਆਦਿ ਸੰਦਾਂ ਦੀ ਮਦਦ ਨਾਲ ਪਰਾਲੀ ਦਾ ਜ਼ਮੀਨ ਵਿੱਚ ਨਿਬੇੜਾ ਕਰਦੇ ਹਨ, ਇਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਵਧਦੀ ਹੈ ਤੇ ਝਾੜ ਵੀ ਚੰਗਾ ਮਿਲਦਾ ਹੈ।
ਜਦੋਂ ਪਰਾਲੀ ਪ੍ਰਬੰਧਨ ‘ ਚ ਹੋਰ ਸਫਲਤਾ ਮਿਲੀ
     ਨੌਜਵਾਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਸਾਲ 2022 ਵਿੱਚ ਜਦੋਂ ਜਿਆਦਾ ਮੀਂਹ ਆਏ ਤਾਂ ਓਦੋਂ ਦੇਖਣ ਵਿੱਚ ਆਇਆ ਕਿ ਜਿਹੜੀ ਜ਼ਮੀਨ ਵਿੱਚ ਪਲਾਓ ਮਾਰੇ ਸਨ, ਓਥੇ ਆਲੂ ਦੀ ਫ਼ਸਲ ਖ਼ਰਾਬ ਨਹੀਂ ਹੋਈ ਜਦੋਂਕਿ ਬਾਕੀ ਜ਼ਮੀਨ ‘ਚ ਫ਼ਸਲ ਨੁਕਸਾਨੀ ਗਈ, ਕਿਉੰਕਿ ਪਲਾਓ ਡੂੰਘੇ ਵੱਜਣ ਕਾਰਣ ਜ਼ਮੀਨ ਹੇਠ ਬਣੀ ਪੇਪੜੀ ਟੁੱਟ ਜਾਂਦੀ ਹੈ ਤੇ ਪਾਣੀ ਅੰਦਰ ਸਮਾਉਣ ਦੀ ਸਮਰੱਥਾ ਵਧ ਜਾਂਦੀ ਹੈ।

ਡਿਪਟੀ ਕਮਿਸ਼ਨਰ ਨੇ ਕੀਤੀ ਸ਼ਲਾਘਾ
       ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਨੇ ਸੇਖਾ ਵਾਸੀ ਕਿਸਾਨ ਭਰਾਵਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਜੇ ਇਸੇ ਤਰ੍ਹਾਂ ਪੜ੍ਹੇ-ਲਿਖੇ ਨੌਜਵਾਨ ਪਰਾਲੀ ਪ੍ਰਬੰਧਨ ਮੁਹਿੰਮ ਦੀ ਅਗਵਾਈ ਕਰਨ ਤਾਂ ਅਸੀਂ ਛੇਤੀ ਹੀ ਇਸ ਮੁਹਿੰਮ ‘ਚ ਸਫਲਤਾ ਹਾਸਲ ਕਰ ਲਵਾਂਗੇ। ਉਨ੍ਹਾਂ ਹੋਰਨਾਂ ਕਿਸਾਨਾਂ ਨੂੰ ਵੀ ਇਸ ਪਾਸੇ ਤੁਰਨ ਦੀ ਅਪੀਲ ਕੀਤੀ।

Advertisement
Advertisement
Advertisement
Advertisement
Advertisement
error: Content is protected !!