ਨਵੀਂ ਐਸਐਸਪੀ ਨੇ ਕਿਹਾ ਨਸ਼ਾ ਤਸਕਰੀ ਰੋਕਣਾ ਪੁਲਿਸ ਦਾ ਤਰਜੀਹੀ ਏਜੰਡਾ
ਅਸ਼ੋਕ ਵਰਮਾ, ਬਠਿੰਡਾ 5 ਅਗਸਤ 2024
ਜਿਲ੍ਹੇ ਦੀ ਨਵੀਂ ਨਿਯੁਕਤ ਹੋਈ ਸੀਨੀਅਰ ਪੁਲਿਸ ਕਪਤਾਨ ਅਮਨੀਤ ਕੌਂਡਲ ਨੇ ਐਲਾਨ ਕੀਤਾ ਹੈ ਕਿ ਨਸ਼ਿਆਂ ਦੇ ਕਾਰੋਬਾਰੀਆਂ ਦਾ ਇਹ ਕਾਲਾ ਧੰਦਾ ਕਿਸੇ ਵੀ ਕੀਮਤ ਤੇ ਚੱਲਣ ਨਹੀਂ ਦਿੱਤਾ ਜਾਏਗਾ। ਆਪਣੇ ਅਹੁਦਾ ਸੰਭਾਲਣ ਤੋਂ ਬਾਅਦ ਅੱਜ ਆਪਣੀ ਪਹਿਲੀ ਪ੍ਰਤੀਕਿਰਿਆ ’ਚ ਇਸ ਮਹਿਲਾ ਪੁਲਿਸ ਅਧਿਕਾਰੀ ਨੇ ਨਸ਼ਿਆਂ ਦੀ ਰੋਕਥਾਮ ਨੂੰ ਆਪਣਾ ਤਰਜੀਹੀ ਏਜੰਡਾ ਕਰਾਰ ਦਿੰਦਿਆਂ ਕਿਹਾ ਕਿ ਨਸ਼ੇ ਦੇ ਸੌਦਾਗਰਾਂ ਦੀ ਫੜੋ-ਫੜੀ ਲਈ ਵਿਸ਼ੇਸ਼ ਮੁਹਿੰਮ ਵਿੱਢੀ ਜਾਏਗੀ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਦੀਆਂ ਸੰਪਤੀਆਂ ਜਬਤ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਤਹਿਤ ਸਮੂਹ ਥਾਣਿਆ ਅਤੇ ਸਾਂਝ ਕੇਂਦਰਾਂ ਰਾਹੀਂ ਬਠਿੰਡਾ ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰਨ ਦੇ ਮਕਸਦ ਨਾਲ ਸਕੂਲਾਂ, ਕਾਲਜਾਂ, ਪਿੰਡਾਂ ਦੀਆਂ ਸੱਥਾਂ ਅਤੇ ਆਮ ਲੋਕਾਂ ਵਿੱਚ ਨਸ਼ਿਆਂ ਖਿਲਾਫ਼ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਕੰਮ ਲਈ ਸ਼ਹਿਰ ਦੀਆਂ ਸਮਾਜਸੇਵੀ ਸੰਸਥਾਵਾਂ ਅਤੇ ਆਮ ਨਾਗਰਿਕਾਂ ਦਾ ਸਹਿਯੋਗ ਵੀ ਲਿਆ ਜਾਏਗਾ। ਇਸ ਤੋਂ ਪਹਿਲਾਂ ਉਨ੍ਹਾਂ ਨੇ ਜਿਲ੍ਹੇ ਦੇ ਸਮੂਹ ਗਜ਼ਟਿਡ ਅਫਸਰਾਂ, ਥਾਣਾ ਇੰਚਾਰਜਾਂ ਅਤੇ ਵੱਖ ਵੱਖ ਬਰਾਂਚਾਂ ਦੇ ਅਧਿਕਾਰੀਆਂ ਨੂੰ ਸਪਸ਼ਟ ਸ਼ਬਦਾਂ ਵਿੱਚ ਆਖਿਆ ਹੈ ਕਿ ਉਹ ਅਮਨ ਕਾਨੂੰਨ ਤੇ ਨਸ਼ਿਆਂ ਦੀ ਵਿੱਕਰੀ ਦੇ ਮਾਮਲੇ ਵਿੱਚ ਕਿਸੇ ਕਿਸਮ ਦਾ ਕੋਈ ਬਹਾਨਾ ਨਹੀਂ ਸੁਨਣਗੇ। ਹਾਲਾਂਕਿ ਨਸ਼ਿਆਂ ਦੇ ਹੜ੍ਹ ਨੂੰ ਠੱਲ੍ਹ ਪਾਉਣ ਦੀ ਚੁਣੌਤੀ, ਅਮਨ ਕਾਨੂੰਨ ਦੀ ਸਥਿਤੀ ਨੂੰ ਕਾਬੂ ’ਚ ਰੱਖਣ ਅਤੇ ਅਪਰਾਧੀਆਂ ਦੀ ਲਗਾਮ ਕੱਸਣ ਵਰਗੇ ਮਸਲੇ ਵੀ ਹਨ ਫਿਰ ਵੀ ਉਨ੍ਹਾਂ ਇੰਨ੍ਹਾਂ ਸਮੱਸਿਆਵਾਂ ਨਾਲ ਨਜਿੱਠਣ ਪ੍ਰਤੀ ਆਪਣਾ ਅਹਿਦ ਪ੍ਰਗਟ ਕੀਤਾ ਹੈ।
ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਤਸਕਰੀ ਰੋਕਣ ਲਈ ਜ਼ੀਰੋ ਟਾਲਰੈਂਸ ਨੀਤੀ ਅਪਣਾਈ ਜਾਏਗੀ ।ਜ਼ਿਲ੍ਹਾ ਪੁਲਿਸ ਮੁਖੀ ਅਮਨੀਤ ਕੌਂਡਲ ਨੇ ਦੱਸਿਆ ਕਿ ਵਿੱਢੀ ਗਈ ਮੁਹਿੰਮ ਤਹਿਤ ਨਸ਼ਾ ਤਸਕਰਾਂ ਉਪਰ ਸ਼ਿਕੰਜਾ ਕਸਦੇ ਹੋਏ 1 ਜਨਵਰੀ 2024 ਤੋਂ ਹੁਣ ਤੱਕ ਐਨ.ਡੀ.ਪੀ.ਐਸ ਐਕਟ ਤਹਿਤ 328 ਮੁਕੱਦਮੇ ਦਰਜ ਕੀਤੇ ਗਏ ਹਨ। ਦਰਜ ਮਾਮਲਿਆਂ ਵਿੱਚ ਸ਼ਾਮਲ 508 ਦੋਸ਼ੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ। ਜਿਨਾਂ ਕੋਲੋਂ ਵੱਖ-ਵੱਖ ਨਸ਼ਿਆਂ ਦੀ ਖੇਪ ਜਿਸ ਵਿੱਚ 3 ਕਿਲੋ 296 ਗ੍ਰਾਮ ਹੈਰੋਇਨ, ਅਫ਼ੀਮ 12 ਕਿਲੋ 850 ਗ੍ਰਾਮ, 4067 ਕਿਲੋ 700 ਗ੍ਰਾਮ ਡੋਡੇ, ਗਾਂਜਾ 39 ਕਿਲੋ, 120125 ਨਸ਼ੀਲੇ ਕੈਪਸੂਲ ਅਤੇ 33 ਨਸ਼ੀਲੀਆਂ ਸ਼ੀਸ਼ੀਆਂ ਤੋਂ ਇਲਾਵਾ 100 ਵਹੀਕਲ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਬਠਿੰਡਾ ਪੁਲਿਸ ਵਲੋਂ ਨਸ਼ਿਆਂ ਦੇ ਸੌਦਾਗਰਾਂ ਵਿਰੁੱਧ ਹੋਰ ਵੀ ਸਖ਼ਤੀ ਨਾਲ ਕਦਮ ਚੁੱਕੇ ਜਾਣਗੇ।
ਉਨਾਂ ਕਿਹਾ ਕਿ ਉਹ ਸੂਬਾ ਸਰਕਾਰ ਵਲੋਂ ਨਸ਼ਿਆਂ ਦੇ ਖ਼ਾਤਮੇ ਲਈ ਬਠਿੰਡਾ ਪੁਲਿਸ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ। ਉਨਾਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਉਹ ਆਪਣੇ ਇਲਾਕੇ ਦੇ ਨਜ਼ਦੀਕੀ ਪੁਲਿਸ ਸਟੇਸ਼ਨਾਂ ਵਿੱਚ ਅਜਿਹੇ ਮਾੜੇ ਅਨਸਰਾਂ ਦੀ ਸੂਚਨਾ ਦਿੰਦੇ ਰਹਿਣ ਤਾਂ ਜੋ ਉਨ੍ਹਾਂ ਦੇ ਮਨਸੂਬਿਆਂ ’ਤੇ ਪਾਣੀ ਫੇਰਿਆ ਜਾ ਸਕੇ ਅਤੇ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਸੂਬਾ ਸਰਕਾਰ ਵਲੋਂ ਮਿੱਥੇ ਗਈ ਟੀਚੇ ਨੂੰ ਸਫ਼ਲ ਬਣਾਇਆ ਜਾ ਸਕੇ। ਮੈਡਮ ਅਮਨੀਤ ਕੌਂਡਲ ਨੇ ਕਿਹਾ ਕਿ ਜੇਕਰ ਪਿੰਡਾਂ ਜਾਂ ਸ਼ਹਿਰਾਂ ਚ ਤੁਹਾਡੇ ਆਲੇ-ਦੁਆਲੇ ਕੋਈ ਵੀ ਤਸਕਰ ਨਸ਼ਾ ਵੇਚਦਾ ਹੈ ਤਾਂ ਉਹ ਪੁਲਿਸ ਦੇ ਟੋਲ ਫ਼ਰੀ ਜਾਂ ਵਟਸਐਪ ਨੰਬਰ 91155-02252 ਤੇ ਸੂਚਨਾ ਦੇ ਸਕਦੇ ਹਨ ਜਾਂ ਸਿੱਧਾ ਦਫ਼ਤਰ ਆ ਕੇ ਸੰਪਰਕ ਕਰ ਸਕਦੇ ਹਨ। ਉਨ੍ਹਾਂ ਕਿ ਜਾਣਕਾਰੀ ਦੇਣ ਵਾਲੇ ਵਿਅਕਤੀ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ।