ਅਸ਼ੋਕ ਵਰਮਾ, ਬਠਿੰਡਾ 10 ਜੁਲਾਈ 2024
ਬਠਿੰਡਾ ਪੁਲਿਸ ਨੇ ਕੌਮੀ ਸੜਕ ਮਾਰਗਾਂ ਤੇ ਟਰੱਕ ਡਰਾਈਵਰਾਂ ਨੂੰ ਲੁੱਟ ਕੇ ਦਹਿਸ਼ਤ ਪੈਦਾ ਕਰਨ ਵਾਲੇ ਇੱਕ ਲੁਟੇਰਾ ਤਿੱਕੜੀ ਗਿਰੋਹ ਨੂੰ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਏਡੀਜੀਪੀ ਬਠਿੰਡਾ ਰੇਂਜ ਸੁਰਿੰੰਦਰਪਾਲ ਸਿੰਘ ਪਰਮਾਰ ਅਤੇ ਸੀਨੀਅਰ ਪੁਲਿਸ ਕਪਤਾਨ ਦੀਪਕ ਪਾਰੀਕ ਦੇ ਦਿਸ਼ ਨਿਰਦੇਸ਼ਾਂ ਤਹਿਤ ਕਾਰਵਾਈ ਕਰਦਿਆਂ ਪੁਲਿਸ ਨੂੰ ਇਹ ਕਾਮਯਾਬੀ ਇੱਕ ਗੁਪਤ ਸੂਚਨਾ ਦੇ ਅਧਾਰ ਤੇ ਮਿਲੀ ਹੈ। ਮੁਲਜਮਾਂ ਦੀ ਪਛਾਣ ਨਵਦੀਪ ਸਿੰਘ ਉਰਫ ਦੀਪਾ ਪੁੱਤਰ ਕਰਮ ਸਿੰਘ ਵਾਸੀ ਪਿੰਡ ਅਜਨੌਦ ਜਿਲ੍ਹਾ ਲੁਧਿਆਣਾ, ਜਗਸੀਰ ਸਿੰਘ ਉਰਫ ਗਨੀ ਪੁੱਤਰ ਰਣਜੀਤ ਸਿੰਘ ਵਾਸੀ ਬਸਤੀ ਨੰਬਰ-6 ਬੀੜ ਤਲਾਬ ਬਠਿੰਡਾ ਅਤੇ ਧਰਮਿੰਦਰ ਸਿੰਘ ਉਰਫ ਸੋਨੂੰ ਪੁੱਤਰ ਅਜਮੇਰ ਸਿੰਘ ਵਾਸੀ ਸੀੜੀਆਂ ਵਾਲਾ ਮੁਹੱਲਾ ਬੈਂਕ ਸਾਈਡ ਬੱਸ ਸਟੈਂਡ ਬਠਿੰਡਾ ਵਜੋਂ ਹੋਈ ਹੈ। ਇਸ ਗਿਰੋਹ ਦੇ ਦੋ ਮੈਂਬਰਾਂ ਖਿਲਾਫ ਤਿੰਨ ਤਿੰਨ ਮੁਕੱਦਮੇ ਦਰਜ ਹਨ। ਡੀ.ਐੱਸ.ਪੀ ਬਠਿੰਡਾ ਦਿਹਾਤੀ ਮਨਜੀਤ ਸਿੰਘ ਨੇ ਦੱਸਿਆ ਕਿ ਥਾਣਾ ਸੰਗਤ ਅਧੀਨ ਆਉਂਦੀ ਪੁਲਿਸ ਚੌਂਕੀ ਪਥਰਾਲਾ ਨੂੰ ਸੂਹ ਲੱਗੀ ਸੀ ਕਿ ਤਿੰਨ ਅਪਰਾਧੀ ਕਿਸਮ ਦੇ ਵਿਅਕਤੀ ਟਰੱਕ ਡਰਾਇਵਰਾਂ ਤੋਂ ਲੁੱਟਾਂ-ਖੋਹਾਂ ਕਰਦੇ ਹਨ ਜੋ ਇਸ ਇਲਾਕੇ ’ਚ ਘੁੰਮ ਰਹੇ ਹਨ। ਉਨ੍ਹਾਂ ਦੱਸਿਆ ਕਿ ਮੁਖਬਰ ਤੋਂ ਮਿਲੀ ਇਸ ਜਾਣਕਾਰੀ ਦੇ ਅਧਾਰ ਤੇ ਥਾਣਾ ਸੰਗਤ ਮੰਡੀ ਵਿਖੇ ਧਾਰਾ 309 (4),3(5) ਬੀ. ਐੱਨ.ਐੱਸ ਤਹਿਤ ਮੁਕੱਦਮਾ ਨੰਬਰ 67 ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਪਾਰਟੀ ਨੇ ਕਾਰਵਾਈ ਕਰਦਿਆਂ ਨਵਦੀਪ ਸਿੰਘ ਉਰਫ ਦੀਪਾ ਪੁੱਤਰ ਕਰਮ ਸਿੰਘ, ਜਗਸੀਰ ਸਿੰਘ ਉਰਫ ਗਨੀ ਪੁੱਤਰ ਰਣਜੀਤ ਸਿੰਘ ਵਾਸੀ ਬਸਤੀ ਨੰਬਰ-6 ਬੀੜ ਤਲਾਬ ਅਤੇ ਧਰਮਿੰਦਰ ਸਿੰਘ ਉਰਫ ਸੋਨੂੰ ਪੁੱਤਰ ਅਜਮੇਰ ਸਿੰਘ ਨੂੰ ਅੱਜ ਗ੍ਰਿਫਤਾਰ ਕਰ ਲਿਆ।
ਉਨ੍ਹਾਂ ਦੱਸਿਆ ਕਿ ਮੁਲਜਮਾਂ ਨੇ ਜੱਸੀ ਬਾਗ ਵਾਲੀ ਤੇ ਪਿੰਡ ਰੁਲਦੂ ਸਿੰਘ ਵਾਲਾ ਨੂੰ ਆਉਦੀ ਮੇਨ ਜੀ.ਟੀ.ਰੋਡ ਤੇ ਟਰਾਲਾ/ਕੰਨਟੇਨਰ ਰੋਕ ਕੇ ਲਿਫਟ ਲੈਣ ਦੇ ਬਹਾਨੇ ਗੁਰਵਿੰਦਰ ਸਿੰਘ ਉਰਫ ਸਾਭਾ ਪੁੱਤਰ ਜਰਨੈਲ ਸਿੰਘ ਵਾਸੀ ਮਨਿਆਲ ਜਿਲ੍ਹਾ ਤਰਨਤਾਰਨ ਨੂੰ ਲੁੱਟਿਆ ਸੀ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਲੁਟੇਰਿਆਂ ਨੇ ਪੀੜਤ ਦੇ ਪਰਸ ਚੋਂ ਏ.ਟੀ.ਐਮ. ਕਾਰਡ, ਅਧਾਰ ਕਾਰਡ, 1500 ਰੁਪਏ ਨਗਦ, ਅਤੇ ਮੋਬਾਇਲ ਫੋਨ, ਗੱਡੀ ਦੇ ਕਾਗਜਾਤ ਵਾਲੀ ਫਾਇਲ, ਬੈਂਕ ਅਤੇ ਗੱਡੀ ਦਾ ਡੈਕ ਲੁੱਟ ਲਿਆ ਸੀ। ਉਨ੍ਹਾਂ ਦੱਸਿਆ ਕਿ ਇਸ ਲੁੱਟ ਸਬੰਧੀ ਮੁਕੱਦਮਾ ਦਰਜ ਹੋਇਆ ਸੀ ਜਿਸ ਦੀ ਤਫਤੀਸ਼ ਦੌਰਾਨ ਥਾਣਾ ਸੰਗਤ ਅਤੇ ਚੌਂਕੀ ਪਥਰਾਲਾ ਦੀ ਪੁਲਿਸ ਪਾਰਟੀ ਨੇ ਅੱਜ ਰਿਫਾਇਨਰੀ ਰੋਡ ਜੱਸੀ ਬਾਗ ਵਾਲੀ ਦੀ ਹੱਦ ਅੰਦਰ ਜਿੱਥੇ ਮੁਲਜਮ ਅਕਸਰ ਲੁੱਟਾਂ-ਖੋਹਾਂ ਕਰਦੇ ਸਨ ਦੀ ਗ੍ਰਿਫਤਾਰੀ ਕੀਤੀ ਹੈ।ਡੀਐਸਪੀ ਨੇ ਦੱਸਿਆ ਕਿ ਮੁਲਜਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸਦੌਰਾਨ ਹੋਰ ਵੀ ਅਜਿਹੇ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।