ਮੰਜਾ ਦੇ ਕਤਲ ਦੀ ਰੰਜਿਸ਼ ਕਾਰਨ ਕਰ ਦਿੱਤਾ ਅਠਿਆਨੀ ਦਾ ਕਤਲ
ਅਸ਼ੋਕ ਵਰਮਾ , ਬਠਿੰਡਾ 9 ਜੁਲਾਈ 2024
ਬਠਿੰਡਾ ਜਿਲ੍ਹੇ ਦੀ ਮੌੜ ਮੰਡੀ ’ਚ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤੇ ਨੌਜਵਾਨ ਜਸਪਾਲ ਸਿੰਘ ਉਰਫ ‘ਅਠਿਆਨੀ’ ਦੀ ਹੱਤਿਆ ਪਿੱਛੇ 4 ਸਾਲ ਪੁਰਾਣੀ ਦੁਸ਼ਮਣੀ ਦਾ ਹੋਣਾ ਸਾਹਮਣੇ ਆਇਆ ਹੈ। ਥਾਣਾ ਮੌੜ ਮੰਡੀ ਪੁਲਿਸ ਨੇ ਇਸ ਕਤਲ ਦੇ ਮਾਮਲੇ ’ਚ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕਰਨ ਉਪਰੰਤ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਇਸ ਕਤਲ ਮਾਮਲੇ ’ਚ ਸੁਖਪਾਲ ਸਿੰਘ ਪੁੱਤਰ ਬੱਘੜ ਸਿੰਘ ਵਾਸੀ ਆਸਾ ਪੱਤੀ ਮੌੜ ਕਲਾਂ ਦੇ ਬਿਆਨਾਂ ਮੁਤਾਬਕ ਹਰਪ੍ਰੀਤ ਸਿੰਘ ਪੁੱਤਰ ਲਾਭ ਸਿੰਘ ਵਾਸੀ ਸੰਦੋਹਾ, ਜਸਪ੍ਰੀਤ ਸਿੰਘ ਜਸ ਪੀਰਕੋਟ ਪੁੱਤਰ ਜਗਸੀਰ ਸਿੰਘ ਵਾਸੀ ਪੀਰਕੋਟ , ਗੁਰਦੀਪ ਸਿੰਘ ਪੁੱਤਰ ਜੱਗਾ ਸਿੰਘ ਵਾਸੀ ਮੌੜ ਮੰਡੀ, ਬਲਬੀਰ ਕੌਰ ਪਤਨੀ ਸੁਖਚੰਦ ਸਿੰਘ ਵਾਸੀ ਮੌੜ ਮੰਡੀ , ਏਕਮਪ੍ਰੀਤ ਕੌਰ ਪਤਨੀ ਗਗਨਦੀਪ ਸਿੰਘ ਅਤੇ ਗਗਨਦੀਪ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀਅਨ ਘੱਲ ਖੁਰਦ ਜਿਲ੍ਹਾ ਫਿਰੋਜਪੁਰ ਨੂੰ ਬੀਐਨਐਸ ਦੀ ਧਾਰਾ 103(5) 61(2) ਤਹਿਤ ਨਾਮਜਦ ਕੀਤਾ ਹੈ। ਇਸ ਮੁਕੱਦਮੇ ’ਚ ਨਾਮਜਦ ਬਲਬੀਰ ਕੌਰ ਮ੍ਰਿਤਕ ਅਮਨਿੰਦਰ ਸਿੰਘ ਦੀ ਮਾਂ ਹੈ, ਜਦੋਂਕਿ ਏਕਮਪ੍ਰੀਤ ਕੌਰ, ਬਲਬੀਰ ਕੌਰ ਦੀ ਲੜਕੀ ਅਤੇ ਗਗਨਦੀਪ ਸਿੰਘ ਜੁਆਈ ਹੈ ਜਿਨ੍ਹਾਂ ਤੇ ਪੁਲਿਸ ਕੋਲ ਬਿਆਨਕਰਤਾ ਸੁਖਪਾਲ ਸਿੰਘ ਨੇ ਜਸਪਾਲ ਸਿੰਘ ਨੂੰ ਕਤਲ ਕਰਵਾਉਣ ਦੀ ਸਾਜਿਸ਼ ਦਾ ਦੋਸ਼ ਲਾਇਆ ਹੈ। ਥਾਣਾ ਮੌੜ ਦੇ ਮੁੱਖ ਥਾਣਾ ਅਫਸਰ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਮੁੱਢਲੀ ਪੜਤਾਲ ਦੌਰਾਨ ਜਾਣਕਾਰੀ ਮਿਲੀ ਹੈ ਕਿ ਜਸਪਾਲ ਸਿੰਘ ਦੀ ਹੱਤਿਆ ( ਜੁਲਾਈ 2020 ਦੌਰਾਨ ਅਮਨਿੰਦਰ ਸਿੰਘ ਉਰਫ ਮੰਜਾ ਦੀ ਹੱਤਿਆ ਦਾ ਬਦਲਾ ਲੈਣ ਲਈ ਕੀਤੀ ਗਈ ਹੈ। ਵੇਰਵਿਆਂ ਅਨੁਸਾਰ ਜੁਲਾਈ 2020 ਵਿੱਚ ਪਿੰਡ ਮੌੜ ਕਲਾਂ ਦੇ ਅਮਨਿੰਦਰ ਸਿੰਘ ਉਰਫ ਮੰਜਾ (35) ਪੁੱਤਰ ਸੁਖਚੰਦ ਸਿੰਘ ਵਾਸੀ ਮੌੜ ਕਲਾਂ ਹਾਲ ਅਬਾਦ ਮੌੜ ਮੰਡੀ ਨੂੰ ਕੁੱਝ ਲੋਕਾਂ ਨੇ ਤੇਜ਼ਧਾਰ ਹਥਿਆਰਾਂ ਦੀ ਨੋਕ ਤੇ ਅਗਵਾ ਕਰ ਲਿਆ ਸੀ।
ਜਦੋਂ ਉਹ ਵਾਰਦਾਤ ਵਾਲੀ ਸ਼ਾਮ ਆਪਣੇ ਸਾਥੀਆਂ ਨਾਲ ਮੌੜ ਕਲਾਂ ਦੇ ਪਾਰਕ ’ਚ ਬੈਠਾ ਸੀ। ਪ੍ਰੀਵਾਰ ਵੱਲੋਂ ਤਲਾਸ਼ ਕਰਨ ਦੇ ਬਾਵਜੂਦ ਜਦੋਂ ਅਮਨਿੰਦਰ ਸਿੰਘ ਦਾ ਕੋਈ ਥਹੁ ਪਤਾ ਨਾਂ ਲੱਗਿਆ ਤਾਂ ਉਸ ਦੀ ਗੁੰਮਸ਼ਦਗੀ ਸਬੰਧੀ ਸੂਚਨਾ ਥਾਣਾ ਮੌੜ ਪੁਲਿਸ ਨੂੰ ਦਿੱਤੀ ਗਈ। ਥਾਣਾ ਮੌੜ ਪੁਲੀਸ ਨੇ ਤਲਾਸ਼ ਕੀਤੀ ਤਾਂ ਇਸੇ ਦੌਰਾਨ ਅਮਨਿੰਦਰ ਸਿੰਘ ਉਰਫ ਮੰਜਾ ਦੀ ਲਾਸ਼ ਕੋਟਲਾ ਬ੍ਰਾਂਚ ਨਹਿਰ ’ਚ ਪਿੰਡ ਮੌੜ ਚੜ੍ਹਤ ਸਿੰਘ ਕੋਲ ਮਿਲੀ ਸੀ। ਪੁਲਿਸ ਸੂਤਰਾਂ ਅਨੁਸਾਰ ਅਮਨਿੰਦਰ ਸਿੰਘ ਦੇ ਸਿਰ ’ਤੇ ਜ਼ਖ਼ਮ ਸਨ ਜੋ ਕਤਲ ਕਰਨ ਦਾ ਸ਼ੱਕ ਪੈਦਾ ਕਰਦੇ ਸਨ। ਥਾਣਾ ਮੌੜ ਪੁਲੀਸ ਨੇ ਅਮਨਿੰਦਰ ਸਿੰਘ ਦੀ ਮਾਤਾ ਬਲਵੀਰ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਇਸ ਮਾਮਲੇ ਵਿੱਚ ਮੰਗਾ ਸਿੰਘ ਪੁੱਤਰ ਪੀਤੂ ਸਿੰਘ, ਖਰਾਜੀ ਸਿੰਘ ਪੁੱਤਰ ਅਮਰਜੀਤ ਸਿੰਘ, ਸੁਖਬੀਰ ਸਿੰਘ ਸੋਨੀ ਅਤੇ ਲਖਵੀਰ ਸਿੰਘ ਦੋਵੇਂ ਪੁੱਤਰ ਸ਼ਾਮ ਸਿੰਘ ਸਾਰੇ ਵਾਸੀਅਨ ਮੌੜ ਕਲਾਂ ਖਿਲਾਫ ਧਾਰਾ 302 ਆਈਪੀਸੀ ਤਹਿਤ ਮੁਕੱਦਮਾ ਦਰਜ ਕੀਤਾ ਸੀ।
ਪੁਲਿਸ ਅਨੁਸਾਰ ਅਮਨਿੰਦਰ ਸਿੰਘ ਨੂੰ ਕਤਲ ਕਰਨ ਦੇ ਮਾਮਲੇ ’ਚ ਜਸਪਾਲ ਸਿੰਘ ਉਰਫ ਅਠਿਆਨੀ ਨੂੰ ਪੁਲਿਸ ਨੇ ਮਗਰੋਂ ਨਾਮਜਦ ਕੀਤਾ ਸੀ ਜਿਸ ਦੇ ਅਧਾਰ ਤੇ ਉਹ ਕਾਫੀ ਸਮਾਂ ਜੇਲ੍ਹ ’ਚ ਵੀ ਰਿਹਾ ਸੀ। ਜਸਪਾਲ ਸਿੰਘ ਕੁੱਝ ਦਿਨ ਪਹਿਲਾਂ ਹੀ ਜ਼ਮਾਨਤ ’ਤੇ ਜੇਲ੍ਹ ਵਿੱਚੋਂ ਬਾਹਰ ਆਇਆ ਸੀ। ਐਤਵਾਰ ਸ਼ਾਮ ਕਰੀਬ 7 ਵਜੇ ਟਰੱਕ ਯੂਨੀਅਨ ਨੇੜੇ ਤੇਜਧਾਰ ਹਥਿਆਰਾਂ ਨਾਲ ਲੈਸ ਕੁੱਝ ਨੌਜਵਾਨਾਂ ਨੇ ਜਸਪਾਲ ਸਿੰਘ ਤੇ ਹੱਤਿਆ ਦੀ ਨੀਯਤ ਨਾਲ ਹਮਲਾ ਕਰ ਦਿੱਤਾ । ਨੌਜਵਾਨਾਂ ਵੱਲੋਂ ਬੋਲਿਆ ਗਿਆ ਹੱਲਾ ਐਨਾ ਜੋਰਦਾਰ ਸੀ ਕਿ ਜਸਪਾਲ ਸਿੰਘ ਨੂੰ ਸੰਭਲਣ ਦਾ ਮੌਕਾ ਨਹੀਂ ਨਹੀਂ ਮਿਲਿਆ ਅਤੇ ਉਹ ਗੰਭੀਰ ਰੂਪ ’ਚ ਜਖਮੀ ਹੋਕੇ ਸੜਕ ਤੇ ਹੀ ਡਿੱਗ ਗਿਆ। ਹਮਲਾਵਰਾਂ ਦੀ ਦਹਿਸ਼ਤ ਹੀ ਐਨੀ ਸੀ ਕਿ ਮੌਕੇ ਤੇ ਆਮ ਲੋਕਾਂ ਦੇ ਭਾਰੀ ਇਕੱਠ ਚੋਂ ਪੀੜਤ ਦੀ ਸਹਾਇਤਾ ਲਈ ਕੋਈ ਵੀ ਅੱਗੇ ਨਹੀਂ ਆਇਆ ਬਲਕਿ ਲੋਕ ਤਮਸ਼ਬੀਨ ਬਣੇ ਰਹੇ।
ਆਪਣੇ ਵੱਲੋਂ ਮਰਿਆ ਸਮਝ ਕੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਤਾਂ ਲੋਕਾਂ ਨੇ ਜਸਪਾਲ ਸਿੰਘ ਨੂੰ ਮੌੜ ਮੰਡੀ ਦੇ ਇੱਕ ਹਸਪਤਾਲ ’ਚ ਪਹੁੰਚਾਇਆ ਜਿੱਥੋਂ ਉਸ ਨੂੰ ਬਠਿੰਡਾ ਰੈਫਰ ਕਰ ਦਿੱਤਾ ਗਿਆ। ਗੰਭੀਰ ਜਖਮਾਂ ਦੀ ਤਾਬ ਨਾਂ ਝੱਲਦਿਆਂ ਬੀਤੀ ਦੇਰ ਰਾਤ ਇਲਾਜ ਦੌਰਾਨ ਜਸਪਾਲ ਸਿੰਘ ਨੇ ਦਮ ਤੋੜ ਦਿੱਤਾ। ਇਸ ਮਾਮਲੇ ’ਚ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਵਿੱਚ ਸਾਹਮਣੇ ਆਇਆ ਹੈ ਕਿ ਦੋ ਨੌਜਵਾਨ ਜਸਪਾਲ ਸਿੰਘ ’ਤੇ ਸੜਕ ਵਿਚਕਾਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਦੇ ਦਿਖਾਈ ਦੇ ਰਹੇ ਹਨ। ਹਮਲਾਵਰਾਂ ਵੱਲੋਂ ਜਸਪਾਲ ਦੀਆਂ ਲੱਤਾਂ ਅਤੇ ਬਾਹਾਂ ’ਤੇ ਹਮਲਾ ਕੀਤਾ ਗਿਆ । ਜਿਸ ਕਾਰਨ ਉਸ ਨੂੰ ਗੰਭੀਰ ਸੱਟਾਂ ਵੱਜੀਆਂ ਸਨ ਜੋ ਉਸ ਦੀ ਮੌਤ ਦਾ ਕਾਰਨ ਬਣੀਆਂ। ਇੱਕ ਜਾਣਕਾਰੀ ਅਨੁਸਾਰ ਪੋਸਟਮਾਰਟਮ ਉਪਰੰਤ ਪੁਲਿਸ ਸੁਰੱਖਿਆ ਹੇਠ ਮ੍ਰਿਤਕ ਜਸਪਾਲ ਸਿੰਘ ਦਾ ਉਸ ਦੇ ਪਿੰਡ ’ਚ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ।
ਪੁਰਾਣੀ ਰੰਜਿਸ਼ ਦਾ ਮਾਮਲਾ:ਡੀਐਸਪੀ
ਡੀਐਸਪੀ ਰਾਹੁਲ ਭਾਰਦਵਾਜ ਦਾ ਕਹਿਣਾ ਸੀ ਕਿ ਮੌੜ ਮੰਡੀ ਦੀ ਟਰੱਕ ਯੂਨੀਅਨ ਦੀ ਸੜਕ ਤੇ ਜਖਮੀ ਕਰਨ ਉਪਰੰਤ ਮੌਤ ਦੇ ਮੂੰਹ ਜਾ ਪਏ ਜਸਪਾਲ ਸਿੰਘ ਉਰਫ ਅਠਿਆਨੀ ਦੇ ਦੋਸ਼ੀਆਂ ਦੀ ਪਛਾਣ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਹੱਤਿਆ ਦਾ ਸਬੰਧ ਸਾਲ 2020 ’ਚ ਅਮਨਿੰਦਰ ਸਿੰਘ ਉਰਫ ਮੰਜਾ ਦੇ ਕਤਲ ਨਾਲ ਹੈ। ਉਨ੍ਹਾਂ ਕਿਹਾ ਕਿ ਪੁਲਿਸ ਟੀਮਾਂ ਸਰਗਰਮ ਨਾਲ ਕੰਮ ਕਰ ਰਹੀਆਂ ਹਨ ਅਤੇ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਏਗਾ।