ਸ੍ਰੋਮਣੀ ਅਕਾਲੀ ਦਲ ਬਚਾਉ ਲਹਿਰ ਦਾ ਅਗਾਜ 1 ਜੁਲਾਈ ਤੋਂ
ਉਭਰੀ ਮੰਗ, ਪਾਰਟੀ ਵਰਕਰਾਂ ਦੀ ਭਾਵਨਾ ਦੀ ਕਦਰ ਕਰਦੇ ਸੁਖਬੀਰ ਬਾਦਲ ਤਿਆਗ ਦੀ ਭਾਵਨਾ ਦਿਖਾਉਣ
ਅਨੁਭਵ ਦੂਬੇ , ਜਲੰਧਰ 25 ਜੂਨ 2024
ਸ਼੍ਰੋਮਣੀ ਅਕਾਲੀ ਦਲ ਜੋ ਪੰਥ ਅਤੇ ਪੰਜਾਬ ਦੀ ਭਲਾਈ ਲਈ ਹੋਂਦ ਵਿੱਚ ਆਇਆ ਸੀ ਨੇ ਦੇਸ਼ ਅਤੇ ਦੁਨੀਆਂ ਵਿੱਚ ਮਾਨਵੀ ਹੱਕਾਂ ਲਈ ਕੌਮ ਦੀ ਪੰਥਕ ਮਰਿਆਦਾ ਤੇ ਪੰਥਕ ਹਿੱਤਾਂ ਲਈ ਤੇ ਦੇਸ਼ ਵਿੱਚ ਫੈਡਰਲ ਢਾਂਚੇ ਲਈ ਸੰਘਰਸ਼ ਕਰਕੇ ਆਪਣੀ ਪਹਿਚਾਣ ਬਣਾਈ ਸੀ। ਲੋਕ ਹਿਤਾਂ ਲਈ ਤੇ ਪੰਜਾਬ ਦੀ ਭਲਾਈ ਲਈ ਸੰਘਰਸ਼ ਕਰਕੇ ਕਈ ਵਾਰ ਸੂਬੇ ਵਿੱਚ ਤੇ ਦੇਸ਼ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਰਾਜ ਕੀਤਾ। ਪਿਛਲੇ ਸਮੇਂ ਵਿੱਚ ਕਈ ਕੁਤਾਹੀਆਂ ਤੇ ਗਲਤ ਫੈਸਲਿਆਂ ਕਰਕੇ ਹੁਣ ਪਾਰਟੀ ਅਰਸ਼ ਤੋਂ ਫਰਸ ਤੇ ਪਹੁੰਚ ਗਈ ਹੈ । ਇਹ ਵਿਚਾਰ ਅੱਜ ਦੀ ਹੋਈ ਇਕੱਤਰਤਾ ਵਿੱਚ ਪੰਜਾਬ ਅਤੇ ਪੰਥ ਦਰਦੀਆਂ ਵੱਲੋਂ ਕੀਤੀ ਡੂੰਘੀ ਵਿਚਾਰ ਚਰਚਾ ਦੌਰਾਨ ਪ੍ਰਮੁੱਖਤਾ ਨਾਲ ਉੱਭਰ ਕੇ ਆਇਆ। ਪੰਥ ਦਰਦੀਆਂ ਨੇ ਭਵਿੱਖ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਬੁਲੰਦੀਆਂ ਤੇ ਲੈ ਜਾਣ ਲਈ “ਸ਼੍ਰੋਮਣੀ ਅਕਾਲੀ ਦਲ ਬਚਾਓ ਲਹਿਰ” ਦਾ ਆਗਾਜ਼ 1 ਜੁਲਾਈ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰਕੇ ਕਰਨ ਦਾ ਨਿਰਣਾ ਕੀਤਾ ।
ਆਗੂਆਂ ਨੇ ਮੀਡੀਆ ਨੂੰ ਦੱਸਿਆ ਕਿ 1 ਜੁਲਾਈ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਪਿਛਲੇ ਸਮੇਂ ਵਿੱਚ ਹੋਈਆਂ ਗਲਤੀਆਂ ਅਤੇ ਖਾਮੀਆਂ ਲਈ ਖਿਮਾ ਯਾਚਨਾ ਪੱਤਰ ਦਿੱਤਾ ਜਾਵੇਗਾ। ਅਰਦਾਸ ਕੀਤੀ ਜਾਵੇਗੀ ਤਾਂ ਕਿ ਅੱਗੇ ਤੋਂ ਕੋਈ ਕੁਤਾਹੀ ਨਾ ਹੋਵੇ ਉਸ ਦੀ ਸਮਰੱਥਾ ਤੇ ਸਮੱਤ ਗੁਰੂ ਸਾਹਿਬ ਸਾਨੂੰ ਆਪ ਬਖਸ਼ਣ। ਜਿਸ ਨਾਲ ਸ੍ਰੋਮਣੀ ਅਕਾਲੀ ਦਲ ਦੀ ਮੁੜ ਸੁਰਜੀਤੀ ਹੋ ਸਕੇ।
ਉਨ੍ਹਾਂ ਕਿਹਾ ਕਿ 1 ਜੁਲਾਈ 2024 ਨੂੰ ਸ੍ਰੋਮਣੀ ਅਕਾਲੀ ਦਲ ਨਾਲ ਜੁੜੇ ਸਾਰੇ ਅਹੁੱਦੇਦਾਰ ਸਹਿਬਾਨ ਤੇ ਸ੍ਰੋਮਣੀ ਅਕਾਲੀ ਦਲ ਸਰਕਾਰ ਸਮੇਂ ਸਿੱਧੇ ਜਾਂ ਅਸਿੱਧੇ ਤੌਰ ਤੇ ਜੁੜੇ ਵਿਅਕਤੀ ਪਹੁੰਚ ਕੇ ਖਿਮਾ ਯਾਚਨਾ ਪੱਤਰ ਠੀਕ 11.15 ਵਜੇ ਅਰਦਾਸ ਕਰਕੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਦਫ਼ਤਰ ਵਿਖੇ ਦੇਣਗੇ।
ਇਕੱਤਰਤਾ ਨੇ ਇਹ ਵੀ ਮਹਿਸੂਸ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦਾ ਆਮ ਲੋਕਾਂ ਨਾਲੋਂ ਸੰਪਰਕ ਖਤਮ ਹੋ ਰਿਹਾ ਸੀ। ਜਿਸ ਨਾਲ ਲੋਕਾਂ ਵਿੱਚ ਨਿਰਾਸ਼ਤਾ ਪੈਦਾ ਹੋਈ ਤੇ ਲੋੜ ਹੈ, ਸ਼੍ਰੋਮਣੀ ਅਕਾਲੀ ਦਲ ਤੋਂ ਦੂਰ ਹੋ ਗਏ ਲੋਕਾਂ ਨੂੰ ਮੁੜ ਸ਼੍ਰੋਮਣੀ ਅਕਾਲੀ ਦਲ ਨਾਲ ਜੋੜਨ ਲਈ ਤੇ ਲੋਕਾਂ ਦਾ ਵਿਸ਼ਵਾਸ ਮੁੜ ਬਹਾਲ ਕਰਨ ਲਈ “ਸ਼੍ਰੋਮਣੀ ਅਕਾਲੀ ਦਲ ਬਚਾਓ ਲਹਿਰ” ਨੂੰ ਪ੍ਰਚੰਡ ਕੀਤਾ ਜਾਵੇਗਾ। ਇਸ ਇਕੱਤਰਤਾ ਵਿੱਚ ਇਹ ਵੀ ਵਿਚਾਰ ਕੀਤਾ ਗਿਆ ਕਿ ਕੋਈ ਨਿਰਪੱਖ ਰਾਜਨੀਤਿਕ ਤੇ ਧਾਰਮਿਕ ਸੁਮੇਲ ਵਾਲੀ ਸ਼ਖਸ਼ੀਅਤ ਨੂੰ ਅਗਵਾਈ ਕਰਨ ਲਈ ਅਪੀਲ ਕੀਤੀ ਜਾਵੇ ਅਤੇ ਤਾਂ ਕਿ ਪੰਥਕ ਏਜੰਡਾ ਤੈਅ ਕੀਤਾ ਜਾ ਸਕੇ ਤੇ ਲੋਕ ਦੀਆਂ ਇਛਾਵਾ ਤੇ ਖਰਾ ਉਤਰ ਸਕੀਏ।
ਇਕੱਤਰਤਾ ਵਿੱਚ ਉਪਰੋਕਤ ਮਤਿਆਂ ਤੋਂ ਇਲਾਵਾ ਹੇਠ ਲਿਖੇ ਮਤੇ ਪਾਸ ਕੀਤੇ ਗਏ..
ਇਹ ਕਿ ਅੱਜ ਦੇ ਦਿਨ ਜੋ ਦੇਸ਼ ਵਿੱਚ ਸਮੇਂ ਦੀ ਹਕੂਮਤ ਵੱਲੋਂ ਐਮਰਜੈਂਸੀ ਲਗਾਈ ਗਈ ਸੀ ਉਸ ਦੀ ਸਰਬਸੰਮਤੀ ਨਾਲ ਨਿੰਦਾ ਕੀਤੀ ਜਾਂਦੀ ਹੈ।
ਇਹ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦੀ ਜ਼ੋਰਦਾਰ ਢੰਗ ਨਾਲ ਮੰਗ ਕੀਤੀ ਜਾਂਦੀ ਹੈ ਅਤੇ ਉਹਨਾਂ ਵਿਰੁੱਧ ਤੇ ਉਹਨਾਂ ਦੇ ਸਾਥੀਆਂ ਨੂੰ ਡਿਬਰੂਗੜ ਜੇਲ ਵਿੱਚ ਜਾਂ ਹੋਰ ਜੇਲ੍ਹਾਂ ਵਿੱਚ ਕੈਦ ਹਨ ਉਹਨਾਂ ਵਿਰੁੱਧ ਜੋ ਐਨਐਸਏ ਲਗਾਇਆ ਗਿਆ ਹੈ ਉਸ ਨੂੰ ਵੀ ਤੁਰੰਤ ਖਤਮ ਕਰਕੇ ਰਿਹਾਈ ਦੀ ਮੰਗ ਕੀਤੀ ਗਈ ਹੈ।
ਇਹ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਣਾਈ ਗਈ ਝੂੰਦਾ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਲਾਗੂ ਨਾ ਕਰਨ ਦੀ ਨਿੰਦਾ ਕੀਤੀ ਅਤੇ ਉਹਨਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ।
ਚੁਣੌਤੀਆਂ ਜਿੰਨਾਂ ਤੇ ਪਹਿਰਾ ਦਿੱਤਾ ਜਾਵੇਗਾ..
ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਕੀਤਾ ਜਾਵੇਗਾ।
– ਸਿੱਖ ਸੰਸਥਾਵਾਂ ਨੂੰ ਖੋਰਾ ਲੱਗਾ ਹੈ ਤੇ ਗੈਰ ਪੰਥਕ ਲੋਕਾਂ ਕੋਲੋਂ ਇਹਨਾਂ ਦਾ ਕੰਟਰੋਲ ਵਾਪਸ ਲੈਣ ਲਈ ਸੰਘਰਸ਼ ਕੀਤਾ ਜਾਵੇਗਾ।
– ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਤੇ ਮੌਜੂਦਾ ਜਲ ਸੰਕਟ ਦੇ ਹੱਲ ਕੱਢਣ ਲਈ ਯਤਨ ਕੀਤੇ ਜਾਣਗੇ।
-ਪੰਜਾਬ ਦੀ ਆਰਥਿਕ ਮੰਦੀ ਜੋ ਪਿਛਲੇ ਲੰਬੇ ਸਮੇਂ ਤੋਂ ਹੋ ਰਹੀ ਹੈ ਉਸ ਬਾਰੇ ਵਿਚਾਰ ਵਟਾਂਦਰਾ ਕਰਕੇ ਆਪਣਾ ਬਣਦਾ ਯੋਗਦਾਨ ਪਾਇਆ ਜਾਵੇਗਾ।
– ਪੰਜਾਬ ਵਿੱਚ ਵੱਧ ਰਹੇ ਨਸ਼ਿਆਂ ਦੇ ਰੁਝਾਨ ਅਤੇ ਪੰਜਾਬ ਵਿੱਚ ਵੱਧ ਰਹੀ ਅਰਾਜਕਤਾ ਦੇ ਮਾਹੌਲ ਤੋਂ ਜੋ ਭੈਅਭੀਤ ਅਤੇ ਸਹਿਮ ਭਰੇ ਮਾਹੌਲ ਵਿੱਚ ਪੰਜਾਬ ਲੰਘ ਰਿਹਾ ਹੈ, ਉਸ ਨੂੰ ਕਿਸ ਤਰੀਕੇ ਨਾਲ ਹੈ ਆਜਾਦ ਕੀਤਾ ਜਾ ਸਕਦਾ, ਉਹਦੇ ਬਾਰੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਪਾਰਟੀ ਵਰਕਰਾਂ ਦੀ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ ਜੋ ਪਿਛਲੇ ਸਮੇਂ ਵਿੱਚ ਪਾਰਟੀ ਦੇ ਮਾੜੇ ਪ੍ਰਦਰਸ਼ਨ ਕਰਕੇ ਢਾਹ ਲੱਗੀ ਹੈ। ਪਾਰਟੀ ਪ੍ਰਧਾਨ ਨੂੰ ਤਿਆਗ ਦੀ ਭਾਵਨਾ ਦਿਖਾਉਂਦੇ ਹੋਏ ਲੋਕਾਂ ਦੀ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ।
ਇਕੱਤਰਤਾ ਵਿੱਚ ਪਾਰਟੀ ਦੇ ਬਹੁਤ ਹੀ ਸੀਨੀਅਰ ਆਗੂ ਸ਼ਾਮਿਲ ਹੋਏ ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਸਿਰਜਣ ਵਾਲੇ ਵੱਖ-ਵੱਖ ਪਰਿਵਾਰਾਂ ਵਿੱਚੋਂ ਮਾਸਟਰ ਤਾਰਾ ਸਿੰਘ ਦੇ ਪਰਿਵਾਰ ਵੱਲੋਂ ਬੀਬੀ ਕਿਰਨਜੀਤ ਕੌਰ, ਸੰਤ ਕਰਤਾਰ ਸਿੰਘ ਖਾਲਸਾ ਦੇ ਪਰਿਵਾਰ ਵਿੱਚੋਂ ਭਾਈ ਮਨਜੀਤ ਸਿੰਘ, ਤੁੜ ਪਰਿਵਾਰ ਵੱਲੋਂ ਸਰਦਾਰ ਸੁੱਚਾ ਸਿੰਘ ਛੋਟੇਪੁਰ, ਵਡਾਲਾ ਪਰਿਵਾਰ ਦੇ ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ, ਬਰਨਾਲਾ ਪਰਿਵਾਰ ਵੱਲੋਂ ਗਗਨਜੀਤ ਸਿੰਘ ਬਰਨਾਲਾ , ਟੌਹੜਾ ਪਰਿਵਾਰ ਵਿੱਚੋਂ ਹਰਿੰਦਰਪਾਲ ਸਿੰਘ ਟੌਹੜਾ, ਤਲਵੰਡੀ ਪਰਿਵਾਰ ਵੱਲੋਂ ਬੀਬੀ ਹਰਜੀਤ ਕੌਰ ਤਲਵੰਡੀ , ਢੀਡਸਾ ਪਰਿਵਾਰ ਵੱਲੋਂ ਪਰਮਿੰਦਰ ਸਿੰਘ ਢੀਂਡਸਾ , ਗਿਆਨੀ ਚੇਤ ਸਿੰਘ ਜੀ ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਪਰਿਵਾਰ ਵੱਲੋਂ ਪਰਵਿੰਦਰ ਪਾਲ ਸਿੰਘ ਰਿਟਾਇਰ ਪੀਸੀਐਸ ਸਮੇਤ ਵੱਖ ਵੱਖ ਸਖਸ਼ੀਅਤਾਂ ਸ਼ਾਮਿਲ ਹੋਈਆਂ।
ਇਹਨਾਂ ਤੋਂ ਇਲਾਵਾ ਇਸ ਮੌਕੇ ਸੀਨੀਅਰ ਲੀਡਰਸਿੱਪ ਵਿਚੋਂ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ, ਸੁਰਜੀਤ ਸਿੰਘ ਰੱਖੜਾ, ਬੀਬੀ ਜੰਗੀਰ ਕੌਰ, ਸਿਕੰਦਰ ਸਿੰਘ ਮਲੂਕਾ, ਪ੍ਰਮਿੰਦਰ ਸਿੰਘ ਢੀਡਸਾ, ਗੁਰਪ੍ਰਤਾਪ ਸਿੰਘ ਵਡਾਲਾ ਸਾਰੇ ਕੋਰ ਕਮੇਟੀ ਮੈਂਬਰ, ਸੰਤਾ ਸਿੰਘ ਉਮੈਦਪੁੱਰੀ, ਭਾਈ ਮਨਜੀਤ ਸਿੰਘ, ਬੀਬੀ ਸਤਵਿੰਦਰ ਕੌਰ ਧਾਲੀਵਾਲ, ਗਗਨਜੀਤ ਸਿੰਘ ਬਰਨਾਲਾ, ਸੁਰਿੰਦਰ ਸਿੰਘ ਭੁਲੇਵਾਲ ਰਾਠਾਂ ਹਲਕਾ ਇੰਨਚਾਰਜ ਤੇ ਸਾਰੇ ਸੀਨੀਅਰ ਮੀਤ ਪ੍ਰਧਾਨ , ਸੁੱਚਾ ਸਿੰਘ ਛੋਟੇਪੁੱਰ ਮੈਂਬਰ ਸਲਾਹਕਾਰ ਬੋਰਡ, ਚਰਨਜੀਤ ਸਿੰਘ ਬਰਾੜ ਸਿਆਸੀ ਸਕੱਤਰ ਹਲਕਾ ਇੰਨਚਾਰਜ ਰਾਜਪੁਰਾ, ਸਰਵਨ ਸਿੰਘ ਫਿਲੌਰ ਸਾਬਕਾ ਮੰਤਰੀ, ਜਸਟਿਸ ਨਿਰਮਲ ਸਿੰਘ, ਸੰਤ ਬਲਬੀਰ ਸਿੰਘ ਘੁੰਨਸ, ਸੁਖਵਿੰਦਰ ਸਿੰਘ ਔਲਖ, ਕਰਨੈਲ ਸਿੰਘ ਪੰਜੋਲੀ, ਹਰਿੰਦਰਪਾਲ ਸਿੰਘ ਚੰਦੂਮਾਜਰਾ ਹਲਕਾ ਇੰਨਚਾਰਜ ਸਨੌਰ, ਭੁਪਿੰਦਰ ਸਿੰਘ ਸ਼ੇਖੂਪੁੱਰ ਹਲਕਾ ਇੰਨਚਾਰਜ ਘਨੌਰ, ਜਸਪਾਲ ਸਿੰਘ ਚੱਠਾ ਹਲਕਾ ਇੰਨਚਾਰਜ ਪਟਿਆਲ਼ਾ ਦਿਹਾਤੀ, ਜਰਨੈਲ ਸਿੰਘ ਕਰਤਾਰਪੁੱਰ ਅਤੇ ਸੁਖਵਿੰਦਰ ਸਿੰਘ ਰਾਜਲਾ ਦੋਨੋ ਜਿਲਾ ਪ੍ਰਧਾਨ ਪਟਿਆਲ਼ਾ, ਤੇਜਿੰਦਰਪਾਲ ਸਿੰਘ ਸੰਧੂ, ਬੀਬੀ ਕਿਰਨਜੋਤ ਕੌਰ, ਬੀਬੀ ਪਰਮਜੀਤ ਕੌਰ ਲਾਡਰਾਂ, ਬੀਬੀ ਹਰਜੀਤ ਕੌਰ ਤਲਵੰਡੀ, ਬੀਬੀ ਸੁਰਿੰਦਰ ਕੌਰ ਦਿਆਲ, ਜਥੇਦਾਰ ਜਗਜੀਤ ਸਿੰਘ ਗਾਬਾ, ਹਰੀ ਸਿੰਘ ਪ੍ਰੀਤ ਟਰੈਕਟਰ, ਜਗਜੀਤ ਸਿੰਘ ਕੋਹਲੀ, ਹਰਿੰਦਰਪਾਲ ਸਿੰਘ ਟੌਹੜਾ, ਸੁਖਵੰਤ ਸਿੰਘ ਸਰਾਉ, ਸਤਵਿੰਦਰ ਸਿੰਘ ਢੱਟ, ਅਮਰਦੀਪ ਸਿੱਘ ਸੌਨੂੰ ਲਿਬੜਾ, ਮਿਠੂ ਸਿੰਘ ਕਾਹਨੇਕੇ, ਹਰਬੰਸ ਸਿੰਘ ਮੰਝਪੁੱਰ, ਰਣਧੀਰ ਸਿੰਘ ਰੱਖੜਾ, ਸਤਵਿੰਦਰ ਸਿੰਘ ਟੌਹੜਾ, ਟੋਨੀ ਭੱਠੇਵਾਲਾ, ਗੁਰਪ੍ਰੀਤ ਸਿੰਘ ਚੀਮਾਂ, ਪਰਮਿੰਦਰ ਸਿੰਘ ਪੰਨੂੰ ਅਤੇ ਸੁੱਚਾ ਸਿੰਘ ਆਦਿ ਆਗੂ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।