ਬਰਨਾਲਾ ਜਿਮਨੀ ਚੋਣ ਲਈ ਛਿੜੀ ਨਵੀਂ ਚਰਚਾ-ਇਹ ਵੀ ਹੋ ਸਕਦੇ ਨੇ ਕਾਂਗਰਸੀ ਉਮੀਦਵਾਰ…

Advertisement
Spread information

ਸਾਬਕਾ ਆਈ.ਜੀ. ਜਗਦੀਸ਼ ਮਿੱਤਲ ਵੀ ਚੋਣ ਲਈ ਪਰ ਤੋਲਣ ਲੱਗੇ…!

ਹਰਿੰਦਰ ਨਿੱਕਾ, ਬਰਨਾਲਾ 24 ਜੂਨ 2024 

      ਲੋਕ ਸਭਾ ਹਲਕਾ ਸੰਗਰੂਰ ਤੋਂ ਗੁਰਮੀਤ ਸਿੰਘ ਮੀਤ ਹੇਅਰ ਦੇ ਮੈਂਬਰ ਪਾਰਲੀਮੈਂਟ ਚੁਣੇ ਜਾਣ ਤੋਂ ਬਾਅਦ ਖਾਲੀ ਹੋਈ ਬਰਨਾਲਾ ਵਿਧਾਨ ਸਭਾ ਸੀਟ ਤੋਂ ਕਾਂਗਰਸੀ ਉਮੀਦਵਾਰਾਂ ਵਿੱਚ ਇੱਕ ਨਵਾਂ ਨਾਂ ਸਾਬਕਾ ਆਈਜੀ ਜਗਦੀਸ਼ ਮਿੱਤਲ ਦਾ ਵੀ ਸ਼ਾਮਿਲ ਹੋ ਗਿਆ ਹੈ। ਪੰਜਾਬ ਪੁਲਿਸ ਦੇ ਧੜੱਲੇਦਾਰ ਅਫਸਰ ਵਜੋਂ ਚਰਚਿਤ ਰਹਿ ਚੁੱਕੇ ਜਗਦੀਸ਼ ਮਿੱਤਲ  ਨੇ ਵੀ ਬਰਨਾਲਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਬਣਨ ਲਈ ਯਤਨ ਸ਼ੁਰੂ ਕਰ ਦਿੱਤੇ ਹਨ । ਵਰਨਣਯੋਗ ਹੈ ਕਿ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਵੀ ਜਗਦੀਸ਼ ਮਿੱਤਲ ਨੇ ਇਲਾਕੇ ਅੰਦਰ ਆਪਣੀਆਂ ਸਰਗਰਮੀਆਂ ਵਿੱਢੀਆਂ ਸਨ,ਉਦੋਂ ਉਨਾਂ ਦਾ ਨਾਮ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਤੌਰ ਤੇ ਚਰਚਾ ਵਿੱਚ ਆਇਆ ਸੀ। ਪਰੰਤੂ ਐਨ ਮੌਕੇ ਤੇ ਆਮ ਆਦਮੀ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਦੇ ਤਤਕਾਲੀ ਕੱਦਾਵਰ ਆਗੂ ਰਹੇ ਐਡਵੇਕੇਟ ਐਚ.ਐਸ. ਫੂਲਕਾ ਨੇ ਟਿਕਟ ਆਪਣੇ ਕਰੀਬੀ ਨੌਜਵਾਨ ਆਗੂ ਗੁਰਮੀਤ ਸਿੰਘ ਮੀਤ ਹੇਅਰ ਨੂੰ ਦਿਵਾ ਦਿੱਤੀ ਸੀ, ਜਿੰਨ੍ਹਾਂ ਕਾਂਗਰਸ ਦੇ ਦੋ ਵਾਰ ਵਿਧਾਇਕ ਰਹੇ ਕੇਵਲ ਸਿੰਘ ਢਿੱਲੋਂ ਨੂੰ ਹਰਾ ਕੇ, ਕਾਂਗਰਸ ਦੇ ਕਿਲੇ ਨੂੰ ਅਜਿਹਾ ਰਾਜਸੀ ਸੰਨ੍ਹ ਲਾਇਆ ਕਿ ੳਦੋਂ ਤੋਂ ਲੈ ਕੇ, ਕਾਂਗਰਸ ਪਾਰਟੀ ਦੇ ਮੁੜ ਕੇ,ਹੁਣ ਤੱਕ ਕਿਸੇ ਵੀ ਲੋਕ ਸਭਾ ਜਾਂ ਵਿਧਾਨ ਸਭਾ ਚੋਣਾਂ ਵਿੱਚ ਪੈਰ ਹੀ ਨਹੀਂ ਲੱਗੇ। ਪਰ ਹਾਲੀਆ ਰਾਜਨੀਤਕ ਪ੍ਰਸਥਿਤੀਆਂ ਵਿੱਚ ਸਾਰਾ ਕੁੱਝ ਪਹਿਲਾਂ ਵਾਂਗ ਨਹੀਂ ਰਿਹਾ।      ਸਾਬਕਾ ਕਾਂਗਰਸੀ ਵਿਧਾਇਕ ਕੇਵਲ ਸਿੰਘ ਢਿੱਲੋਂ, ਹੁਣ ਭਾਜਪਾ ਦੇ ਸੂਬਾਈ ਆਗੂਆਂ ਵਿੱਚ ਸ਼ੁਮਾਰ ਹੋ ਚੁੱਕੇ ਹਨ। 2022 ਦੀਆਂ ਲੰਘੀਆਂ ਵਿਧਾਨ ਸਭਾ ਚੋਣਾਂ ਵਿੱਚ ਕੇਵਲ ਸਿੰਘ ਢਿੱਲੋਂ ਨੂੰ ਪਟਖਣੀ ਦੇ ਕੇ ਟਿਕਟ ਹਾਸਿਲ ਕਰਨ ਵਾਲੇ ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ ਦੇ ਪੁੱਤਰ ਮੁਨੀਸ਼ ਬਾਂਸਲ ,ਖੁਦ ਹੀ ਹਾਲੇ ਪਿਛਲੇ ਦਿਨੀ, ਪਾਰਟੀ ਦੇ ਸੂਬਾਈ ਪ੍ਰਧਾਨ ਤੇ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਲੋਕ ਸਭਾ ਚੋਣ ਵਿੱਚ ਮੀਤ ਹੇਅਰ ਤੋਂ ਬੁਰੀ ਤਰਾਂ ਮਾਤ ਖਾਣ ਵਾਲੇ ਸੁਖਪਾਲ ਸਿੰਘ ਖਹਿਰਾ ਦੀ ਮੌਜੂਦਗੀ ਵਿੱਚ ਜਿਮਨੀ ਚੋਣ ਲੜਣ ਤੋਂ ਹੱਥ ਖੜ੍ਹੇ ਕਰ ਚੁੱਕੇ ਹਨ। ਕਾਂਗਰਸ ਪਾਰਟੀ ਦੇ ਲੋਕਲ ਆਗੂਆਂ ਨੇ ਸਾਫ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਉਹ ਇਸ ਜਿਮਨੀ ਚੋਣ ਵਿੱਚ ਬਰਨਾਲਾ ਹਲਕੇ ਤੋਂ ਬਾਹਰੀ ਕਿਸੇ ਵੀ ਉਮੀਦਵਾਰ ਨੂੰ ਟਿਕਟ ਦੇਣ ਦਾ ਵਿਰੋਧ ਕਰਨਗੇ।

Advertisement

      ਕਾਂਗਰਸੀਆਂ ਦੇ ਅਜਿਹੇ ਫੈਸਲੇ ਤੋਂ ਬਾਅਦ 1985 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਦੇ ਮੁਕਾਬਲੇ ਚੋਣ ਮੈਦਾਨ ਵਿੱਚ ਉਤਾਰੇ ਗਾਂਧੀ ਪਰਿਵਾਰ ਦੇ ਵਿਸ਼ਵਾਸ਼ ਪਾਤਰ ਐਡਵੋਕੇਟ ਹਰਦੀਪ ਗੋਇਲ, ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ, ਸਾਬਕਾ ਵਿਧਾਇਕ ਕੁਲਦੀਪ ਸਿੰਘ ਭੱਠਲ ਦੇ ਬੇਟੇ ਗੁਰੀ ਭੱਠਲ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਤੇ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਮੱਖਣ ਸ਼ਰਮਾ, ਆਮ ਆਦਮੀ ਪਾਰਟੀ ਦੀ ਸਰਕਾਰ ਬਨਣ ਤੋਂ ਬਾਅਦ ਕੁੱਝ ਮਹੀਨੇ ਪਹਿਲਾਂ ਨਗਰ ਕੌਂਸਲ ਦੇ ਅਹੁਦਿਉਂ ਲਾਹੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਅਤੇ ਚਾਰ ਵਾਰ ਨਗਰ ਕੌਂਸਲ ਬਰਨਾਲਾ ਦੇ ਕੌਂਸਲਰ ਰਹਿ ਚੁੱਕੇ ਤੇ ਕਾਂਗਰਸ ਦੇ ਸ਼ਹਿਰੀ ਬਲਾਕ ਪ੍ਰਧਾਨ ਮਹੇਸ਼ ਲੋਟਾ ਦਾ ਨਾਂ ਬਤੌਰ ਸੰਭਾਵੀ ਉਮੀਦਵਾਰ ਲੋਕਾਂ ਵਿੱਚ ਚੱਲ ਰਿਹਾ ਹੈ, ਇਹ ਸਾਰੇ ਆਗੂ ਪਾਰਟੀ ਤੋਂ ਟਿਕਟ ਦੀ ਮੰਗ ਵੀ ਕਰ ਰਹੇ ਹਨ। ਕਾਂਗਰਸੀ ਉਮੀਦਵਾਰਾਂ ਵਿੱਚ ਹੁਣ ਇੱਕ ਨਵਾਂ ਨਾਂ ਸਾਬਕਾ ਆਈਜੀ ਜਗਦੀਸ਼ ਮਿੱਤਲ ਦਾ ਵੀ ਚੱਲ ਰਿਹਾ ਹੈ। ਜਿਕਰਯੋਗ ਹੈ ਕਿ ਜਗਦੀਸ਼ ਮਿੱਤਲ ਬਰਨਾਲਾ ਦੇ ਹੀ ਰਹਿਣ ਵਾਲੇ ਹਨ, ਉਨ੍ਹਾਂ ਦਾ ਭਰਾ ਸਿਰੀਪਾਲ ਮਿੱਤਲ ਦੋ ਵਾਰ ਨਗਰ ਕੌਂਸਲ ਦਾ ਮੈਂਬਰ ਅਤੇ ਇੱਕ ਵਾਰ ਕੌਂਸਲ ਦਾ ਮੀਤ ਪ੍ਰਧਾਨ ਵੀ ਰਹਿ ਚੁੱਕਾ ਹੈ।                                                                                        ਟਰੱਕ ਯੂਨੀਅਨ ਬਰਨਾਲਾ ਦੇ ਅਹੁਦੇਦਾਰ ਦੇ ਤੌਰ ਤੇ ਵੀ ਸਿਰੀਪਾਲ ਮਿੱਤਲ ਚੰਗਾ ਨਾਮਣਾ ਖੱਟ ਚੁੱਕੇ ਹਨ। ਖੁਦ ਜਗਦੀਸ਼ ਮਿੱਤਲ ਲੰਬਾ ਅਰਸਾ ਤੱਕ ਨੈਟਵਾਲ ਐਸੋਸੀਏਸ਼ਨ ਦੀ ਅਗਵਾਈ ਕਰ ਰਹੇ ਹਨ, ਜਿੰਨ੍ਹਾਂ ਨੇ ਇਲਾਕੇ ਦੇ ਵੱਡੀ ਗਿਣਤੀ ਨੌਜਵਾਨਾਂ ਨੂੰ ਨੈਟਵਾਲ ਖੇਡ ਰਾਹੀਂ ਪੰਜਾਬ ਪੁਲਿਸ ਵਿੱਚ ਭਰਤੀ ਕਰਵਾਇਆ। ਉਨ੍ਹਾਂ ਦੇ ਯਤਨਾਂ ਸਦਕਾ ਭਰਤੀ ਹੋਏ ਕਈ ਨੈਟਵਾਲ ਖਿਡਾਰੀ ਕੌਮੀ ਪੱਧਰ ਤੇ ਖੇਡ ਕੇ, ਪੁਲਿਸ ਇੰਸਪੈਕਟਰ, ਸਬ ਇੰਸਪੈਕਟਰ ਅਤੇ ਏਐਸਆਈ ਦੇ ਰੈਂਕ ਤੱਕ ਪਹੁੰਚ ਚੁੱਕੇ ਹਨ। ਜਗਦੀਸ਼ ਮਿੱਤਲ ਬਰਨਾਲਾ ਦੇ ਰਹਿਣ ਵਾਲੇ ਪਹਿਲੇ ਅਜਿਹੇ ਪੁਲਿਸ ਅਧਿਕਾਰੀ ਹਨ, ਜਿੰਨਾਂ ਨੂੰ ਇੱਕ ਸਾਲ ਬਰਨਾਲਾ ਪੁਲਿਸ ਜਿਲੇ ਦਾ ਪੁਲਿਸ ਮੁਖੀ ਰਹਿਣ ਦਾ ਮਾਣ ਹਾਸਿਲ ਹੋਇਆ ਹੈ। ਇਸ ਤੋਂ ਇਲਾਵਾ ਜਗਦੀਸ਼ ਮਿੱਤਲ, ਪੁਲਿਸ ਜਿਲਾ ਜਗਰਾਉਂ ਦੇ ਐਸਐਸਪੀ ਦੇ ਤੌਰ ਤੇ ਵੀ ਕਰੀਬ ਤਿੰਨ ਸਾਲ ਸੇਵਾ ਨਿਭਾ ਚੁੱਕੇ ਹਨ। ਆਪਣੀ ਸਰਵਿਸ ਦੇ ਦੌਰਾਨ ਜਗਦੀਸ਼ ਮਿੱਤਲ ਦਾ ਅਜਿਹਾ ਵਰਤਾਉ ਰਿਹਾ ਹੈ ਕਿ ਉਹ ਆਪਣੇ ਕੋਲ ਕੰਮ ਦੀ ਉਮੀਦ ਲੈ ਕੇ, ਪਹੁੰਚੇ ਕਿਸੇ ਵੀ ਵਿਅਕਤੀ ਨੂੰ ਨਿਰਾਸ਼ ਨਹੀਂ ਮੋੜਦੇ ਸਨ। ਉਨਾਂ ਦੇ ਅਜਿਹੇ ਸੁਭਾਅ ਕਾਰਣ ਹੀ ਬਰਨਾਲਾ ਸ਼ਹਿਰ ਅਤੇ ਪੇਂਡੂ ਇਲਾਕਿਆਂ ਵਿੱਚ ਜਗਦੀਸ਼ ਮਿੱਤਲ ਦੇ ਦੋਸਤਾਂ ਕਾਫੀ ਵੱਡਾ ਦਾਇਰਾ ਹੈ, ਜਿਹੜੇ ਵੱਖ ਵੱਖ ਵਿਦਿਅਕ , ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ‘ਚ ਮੋਹਰੀ ਭੂਮਿਕਾ ਵਿੱਚ ਹਨ। ਜੇਕਰ ਕਾਂਗਰਸ ਪਾਰਟੀ ਵੱਲੋਂ ਟਿਕਟ ਦਾ ਗੁਣਾ ਜਗਦੀਸ਼ ਮਿੱਤਲ ਤੇ ਪੈਂਦਾ ਹੈ ਤਾਂ ਫਿਰ ਉਹ ਜਿਮਨੀ ਚੋਣ ਵਿੱਚ ਮੁਕਾਬਲੇ ਨੂੰ ਕਾਫੀ ਦਿਲਚਸਪ ਬਣਾ ਸਕਦੇ ਹਨ। ਲੋਕਾਂ ਵਿੱਚ ਚੱਲ ਰਹੀ ਚਰਚਾ ਦੇ ਬਾਰੇ ਜਦੋਂ ਸਾਬਕਾ ਆਈਜੀ ਜਗਦੀਸ਼ ਮਿੱਤਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਲੋਕ ਚਰਚਾ ਨੂੰ ਬਲ ਦਿੰਦਿਆਂ ਕਿਹਾ ਕਿ ਜੇਕਰ ਕਾਂਗਰਸ ਹਾਈਕਮਾਂਡ, ਉਨਾਂ ਨੂੰ ਟਿਕਟ ਦਿੰਦੀ ਹੈ ਤਾਂ ਉਹ ਮੈਦਾਨ ਵਿੱਚ ਡਟਣ ਤੋਂ ਪਿੱਛੇ ਨਹੀਂ ਹਟਣਗੇ।

Advertisement
Advertisement
Advertisement
Advertisement
Advertisement
error: Content is protected !!