ਹਰਿੰਦਰ ਨਿੱਕਾ, ਪਟਿਆਲਾ 12 ਜੂਨ 2024
ਧੋਖਾਧੜੀ / ਠੱਗੀਆਂ ਕਰਨ ਲਈ ਲੋਕ ਕੀ-ਕੀ ਕਰ ਸਕਦੇ ਹਨ, ਇਸ ਦਾ ਅੰਦਾਜਾ ਪੁਲਿਸ ਥਾਣਾ ਸੰਭੂ ਖੇਤਰ ਅਧੀਨ ਪੈਂਦੇ ਇੱਕ ਪਿੰਡ ਵਿੱਚ, ਵਾਪਰੀ ਸਾਢੇ ਤੇਰਾਂ ਲੱਖ ਰੁਪਏ ਦੀ ਇੱਕ ਠੱਗੀ ਦੀ ਘਟਨਾ ਤੋਂ ਸਹਿਜੇ ਹੀ ਲਾਇਆ ਜਾ ਸਕਦਾ ਹੈ। ਪੁਲਿਸ ਨੇ ਜਹਿਰ ਖਾਣ ਦਾ ਕਥਿਤ ਨਾਟਕ ਰਚਣ ਵਾਲੇ,ਪਿਉ-ਪੁੱਤ ਦੇ ਖਿਲਾਫ ਅਪਰਾਧਿਕ ਕੇਸ ਦਰਜ ਕਰਕੇ,ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਇਹ ਮਾਮਲਾ, ਗੁਰਪ੍ਰੀਤ ਕੌਰ ਪੁੱਤਰੀ ਮਹਾਰਾਜ ਸਿੰਘ ਵਾਸੀ ਪਿੰਡ ਸੰਭੂ ਖੁਰਦ ਦੀ ਸ਼ਕਾਇਤ ਪਰ,ਦੌਰਾਨ ਏ ਪੜਤਾਲ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੀ ਸ਼ਕਾਇਤ ਵਿੱਚ ਮੁਦਈ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਸੁੱਚਾ ਸਿੰਘ ਪੁੱਤਰ ਰਾਮ ਰਤਨ ਅਤੇ ਜਸਪਾਲ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਪਿੰਡ ਮਰਦਾਂਪੁਰ, ਥਾਣਾ ਖੇਤਰ ਸੰਭੂ ਨੇ ਆਪਣਾ ਪਲਾਟ ਗਹਿਣੇ ਰੱਖ ਕੇ ਮੁਦਈ ਪਾਸੋਂ 13,50,000 ਰੁਪਏ ਵਿਆਜ ਪਰ ਲਏ ਸਨ। ਉਕਤ ਵਿਅਕਤੀ ਕਰੀਬ 4 ਮਹੀਨਿਆਂ ਤੱਕ ਤਾਂ ਵਿਆਜ ਤੇ ਉਧਾਰ ਲਈ ਰਕਮ ਦਾ ਵਿਆਜ ਦਿੰਦੇ ਰਹੇ। ਪਰ ਬਾਅਦ ਵਿੱਚ ਲਾਰਾ ਲੱਪਾ ਲਾਉਣ ਲੱਗ ਪਏ ਅਤੇ ਉਲਟਾ ਮੁਦਈ ਨੂੰ ਹੀ ਧਮਕਾਉਣ ਲੱਗ ਪਏ। ਲੰਘੇ ਵਰ੍ਹੇ ਅਗਸਤ ਮਹੀਨੇ ਦੀ 19 ਤਾਰੀਖ ਨੂੰ ਨਾਮਜ਼ਦ ਦੋਸ਼ੀ ਜਸਪਾਲ ਸਿੰਘ ਨੇ ਮੁਦਈ ਨੂੰ ਆਪਣੇ ਪਿਤਾ ਸੁੱਚਾ ਸਿੰਘ ਦੀ ਫੋਟੇ ਪਾਈ, ਕਿ ਉਸ ਨੇ ਜਹਿਰ ਖਾ ਲਈ ਹੈ ਤੇ ਪਲਾਟ ਦੇ ਕਾਗਜਾਤ ਵਾਪਿਸ ਮੰਗੇ। ਦੋਸ਼ੀਆਂ ਦੇ ਅਜਿਹੇ ਰਵੱਈਏ ਤੋਂ ਤੰਗ ਆ ਕੇ,ਮੁਦਈ ਨੇ ਪੁਲਿਸ ਕੋਲ ਦੁਰਖਾਸਤ ਦਿੱਤੀ। ਪੁਲਿਸ ਨੇ ਪੜਤਾਲ ਉਪਰੰਤ ਸੁੱਚਾ ਸਿੰਘ ਅਤੇ ਉਸ ਦੇ ਪੁੱਤਰ ਜਸਪਾਲ ਸਿੰਘ ਦੇ ਖਿਲਾਫ ਅਧੀਨ ਜੁਰਮ 406,420, 506,120-B IPC ਤਹਿਤ ਥਾਣਾ ਸ਼ੰਭੂ ਵਿਖੇ ਕੇਸ ਦਰਜ ਕਰਕੇ,ਦੋਸ਼ੀਆਂ ਦੀ ਤਲਾਸ਼ ਅਤੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ।