ਅਸ਼ੋਕ ਵਰਮਾ, ਬਠਿੰਡਾ 3 ਅਪਰੈਲ 2024
ਬਠਿੰਡਾ ਪੁਲਿਸ ਨੇ ਕਰੀਬ 10 ਦਿਨ ਪਹਿਲਾਂ ਭੁੱਚੋ ਮੰਡੀ ’ਚ ਹੋਏ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕਰਦਿਆਂ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਮੁਲਜਮਾਂ ਦੀ ਪਛਾਣ ਬਲਜੀਤ ਸਿੰਘ ਉਰਫ ਬਿੱਲਾ ਪੁੱਤਰ ਗੁਰਜੰਟ ਸਿੰਘ,ਬਲਜੀਤ ਰਾਮ ਉਰਫ ਬੱਲੂ ਪੁੱਤਰ ਅਮਰਜੀਤ ਰਾਮ,ਸੁਖਦੇਵ ਰਾਮ ਉਰਫ ਸੁੱਖਾ ਪੁੱਤਰ ਛਿੰਦਰਪਾਲ, ਵਾਸੀਆਨ ਪਿੰਡ ਉੱਗੋਕੇ ਜਿਲ੍ਹਾ ਬਰਨਾਲਾ ਵਜੋਂ ਕੀਤੀ ਗਈ ਹੈ। ਪੁਲਿਸ ਨੇ ਮੁਲਜਮਾਂ ਕੋਲੋਂ ਵਾਰਦਾਤ ਵਿੱਚ ਵਰਤਿਆ ਮੋਟਰਸਾਈਕਲ ਹੀਰੋ ਸਪਲੈਂਡਰ, ਇੱਕ ਗਰਾਰੀ ਅਤੇ ਇੱਕ ਕਾਪਾ ਬਰਾਮਦ ਕੀਤਾ ਹੈ । ਮੁਲਜਮ ਸਿਰਫ 23-24 ਸਾਲ ਦੇ ਹਨ, ਜਿਸ ਨੂੰ ਦੇਖਦਿਆਂ ਪੁਲਿਸ ਇਹ ਪਤਾ ਲਾਉਣ ’ਚ ਜੁਟ ਗਈ ਹੈ ਕਿ ਆਖਿਰ ਐਨੀ ਛੋਟੀ ਉਮਰ ’ਚ ਇਹ ਲੋਕ ਕਾਤਿਲ ਕਿਸ ਗੱਲੋਂ ਬਣ ਗਏ।
ਮੁਲਜਮ ਬਲਜੀਤ ਰਾਮ ਉਰਫ ਬੱਲੂ ਪੁੱਤਰ ਅਮਰਜੀਤ ਰਾਮ ਖਿਲਾਫ ਬਰਨਾਲਾ ਜਿਲ੍ਹੇ ਦੇ ਥਾਣਾ ਸ਼ਹਿਣਾ ਵਿਖੇ 19 ਫਰਵਰੀ 2024 ਨੂੰ ਜਨਤਕ ਜਾਇਦਾਦ ਭੰਨ ਤੋੜ ਐਕਟ ਅਤੇ ਧਾਰਾ 341,323,427 ਤਹਿਤ ਮੁਕੱਦਮਾ ਦਰਜ ਹੋਇਆ ਹੈ । ਜਦੋਂਕਿ ਬਾਕੀ ਮੁਲਜਮਾਂ ਦਾ ਪਹਿਲਾਂ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ। ਐੱਸ.ਪੀ (ਡੀ) ਬਠਿੰਡਾ ਅਜੇ ਗਾਂਧੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੰਘੀ 22 ਮਾਰਚ ਆਪਣੇ ਘਰ ਆ ਰਹੇ ਮਨਪ੍ਰੀਤ ਸਿੰਘ ਪੁੱਤਰ ਰਾਜਿੰਦਰ ਸਿੰਘ ਵਾਸੀ ਪੱਤੀ ਸਾਉਲ ਪਿੰਡ ਮਹਿਰਾਜ ਜਿਲ੍ਹਾ ਬਠਿੰਡਾ ਹਾਲ ਆਬਾਦ ਭੁੱਚੋ ਮੰਡੀ ਨੂੰ ਲਹਿਰਾ ਸੌਧਾ ਬੱਸ ਅੱਡੇ ਤੇ ਰਾਤ ਨੂੰ ਅਣਪਛਾਤੇ ਵਿਅਕਤੀਆਂ ਨੇ ਤੇਜਧਾਰ ਹਥਿਆਰਾਂ ਨਾਲ ਗੰਭੀਰ ਰੂਪ ’ਚ ਜਖਮੀ ਕਰ ਦਿੱਤਾ ਸੀ । ਉਨ੍ਹਾਂ ਦੱਸਿਆ ਕਿ ਜਖਮੀ ਨੂੰ ਇਲਾਜ ਲਈ ਰਾਮਪੁਰਾ ਵਿਖੇ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਸੀ।
ਉਨ੍ਹਾਂ ਦੱਸਿਆ ਕਿ ਲੰਘੀ 24 ਮਾਰਚ ਨੂੰ ਇਲਾਜ ਦੌਰਾਨ ਮਨਪ੍ਰੀਤ ਸਿੰਘ ਦੀ ਮੌਤ ਹੋ ਗਈ ਸੀ। ਥਾਣਾ ਨਥਾਣਾ ਪੁਲਿਸ ਨੇ ਇਸ ਸਬੰਧ ’ਚ 24 ਮਾਰਚ 2024 ਨੂੰ ਅਣਪਛਾਤੇ ਵਿਅਕਤੀਆਂ ਖਿਲਾਫ ਧਾਰਾ 302 / 34 ਆਈਪੀਸੀ ਤਹਿਤ ਦਰਜ ਕੀਤਾ ਸੀ। ਉਨ੍ਹਾਂ ਦੱਸਿਆ ਕਿ ਇਸ ਕਤਲ ਦੇ ਮਾਮਲੇ ਨੂੰ ਹੱਲ ਕਰਨ ਲਈ ਸੀ.ਆਈ.ਏ-1 ਬਠਿੰਡਾ ਦੀ ਪੁਲਿਸ ਪਾਰਟੀ ਨੇ ਤਫਤੀਸ਼ ਦੌਰਾਨ 6 ਵਿਅਕਤੀਆਂ ਨੂੰ ਪਛਾਣ ਕਰਕੇ ਇਸ ਮੁਕੱਦਮੇ ’ਚ ਨਾਮਜਦ ਕੀਤਾ ਸੀ। ਉਨ੍ਹਾਂ ਦੱਸਿਆ ਕਿ ਸੀ.ਆਈ.ਏ-1 ਪੁਲਿਸ ਨੇ ਦਾਣਾ ਮੰਡੀ ਉਗੋਕੇ ਤੋਂ ਮਿਤੀ 2 ਅਪਰੈਲ 2024 ਨੂੰ ਬਲਜੀਤ ਸਿੰਘ ਉਰਫ ਬਿੱਲਾ ਪੁੱਤਰ ਗੁਰਜੰਟ ਸਿੰਘ,ਬਲਜੀਤ ਰਾਮ ਉਰਫ ਬੱਲੂ ਪੁੱਤਰ ਅਮਰਜੀਤ ਰਾਮ,ਸੁਖਦੇਵ ਰਾਮ ਉਰਫ ਸੁੱਖਾ ਪੁੱਤਰ ਛਿੰਦਰਪਾਲ, ਵਾਸੀਆਨ ਪਿੰਡ ਉੱਗੋਕੇ ਨੂੰ ਗ੍ਰਿਫਤਾਰ ਕਰ ਲਿਆ ਹੈ।
ਉਨ੍ਹਾਂ ਦੱਸਿਆ ਕਿ ਤਫਤੀਸ਼ ਦੌਰਾਨ ਜੁਰਮ ’ਚ ਧਾਰਾ 396,120 ਬੀ ਆਈਪੀਸੀ ਦਾ ਵਾਧਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਬਾਕੀ ਤਿੰਨ ਮੁਲਜਮਾਂ ਨੂੰ ਗ੍ਰਿਫਤਾਰ ਕਰਨ ਲਈ ਵੱਖ-ਵੱਖ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਮੁਲਜਮਾਂ ਨੇ ਪੁੱਛਗਿਛ ਦੌਰਾਨ ਦੌਰਾਨ ਮੰਨਿਆ ਹੈ ਕਿ ਹਰਪ੍ਰੀਤ ਸਿੰਘ ਉਰਫ ਢੱਕਣ ਦੀ ਮਨਪ੍ਰੀਤ ਸਿੰਘ ਨਾਲ ਲਾਗ ਡਾਟ ਸੀ ਜਿਸ ਨੇ ਉਨ੍ਹਾਂ ਨੂੰ ਕਤਲ ਕਰਨ ਲਈ ਆਪਣੇ ਨਾਲ ਲਿਆਂਦਾ ਸੀ। ਉਨ੍ਹਾਂ ਦੱਸਿਆ ਕਿ ਮੁਲਜਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਡ ਲਿਆ ਜਾਏਗਾ ਅਤੇ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ ।