ਅਸ਼ੋਕ ਵਰਮਾ, ਸ੍ਰੀ ਮੁਕਤਸਰ ਸਾਹਿਬ 29 ਮਾਰਚ 2024
ਸ੍ਰੀ ਮੁਕਤਸਰ ਸਾਹਿਬ ਪੁਲਿਸ ਦੇ ਸੀਆਈਏ ਸਟਾਫ ਮਲੋਟ ਦੇ ਇੰਚਾਰਜ ਸਬ ਇੰਸਪੈਕਟਰ ਕੁਲਬੀਰ ਚੰਦ ਅਤੇ ਥਾਣਾ ਲੱਖੇਵਾਲੀ ਦੇ ਮੁੱਖ ਥਾਣਾ ਅਫਸਰ ਇੰਸਪੈਕਟਰ ਜਸਵੀਰ ਸਿੰਘ ਨੇ ਪਿੰਡ ਲੱਖੇਵਾਲੀ ’ਚ ਕਰੀਬ 11 ਮਹੀਨੇ ਪਹਿਲਾਂ ਹੋਏ ਇੱਕ ਕਤਲ ਦੀ ਗੁੱਥੀ ਸੁਲਝਾਉਂਦਿਆਂ ਇੱਕ ਮੁਲਜਮ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਗ੍ਰਿਫਤਾਰ ਮੁਲਜਮ ਦੀ ਪਛਾਣ ਅਨਮੋਲ ਸਿੰਘ ਉਰਫ ਜੁਗਨੂ ਪੁੱਤਰ ਚੂੰਘਾ ਸਿੰਘ ਵਾਸੀ ਲੱਖੇਵਾਲੀ ਵਜੋਂ ਹੋਈ ਹੈ । ਜਿਸ ਨੇ ਗੁੱਸੇ ’ਚ ਆਕੇ ਆਪਣੇ ਹੀ ਦੋਸਤ ਦਵਿੰਦਰ ਸਿੰਘ ਵਾਸੀ ਲੱਖੇਵਾਲੀ ਨੂੰ ਨਸ਼ੇ ਕਾਰਨ ਹੋਈ ਲੜਾਈ ਦੌਰਾਨ ਗਲ ਘੁੱਟ ਕੇ ਮਾਰ ਦਿੱਤਾ ਸੀ। ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਮਿਤੀ 2ਮਈ 2023 ਨੂੰ ਮੰਡੀ ਲੱਖੇਵਾਲੀ ਦੇ ਗੁਦਾਮਾਂ ਦੇ ਨਜਦੀਕ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਸੀ। ਜਿਸ ਦੀ ਸ਼ਨਾਖਤ ਦਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਚੱਕ ਖੇੜੇਵਾਲਾ (ਜੈਮਲਵਾਲਾ) ਜ਼ਿਲਾ ਫ਼ਾਜ਼ਿਲਕਾ ਵਜੋਂ ਹੋਈ ਸੀ।
ਥਾਣਾ ਲੱਖੇਵਾਲੀ ਪੁਲਿਸ ਨੇ ਮ੍ਰਿਤਕ ਦਵਿੰਦਰ ਸਿੰਘ ਦੀ ਪਤਨੀ ਸਰਬਜੀਤ ਕੌਰ ਦੇ ਬਿਆਨਾਂ ਤੇ 174 ਸੀ.ਆਰ.ਪੀ.ਸੀ ਤਹਿਤ ਕਾਰਵਾਈ ਕੀਤੀ ਸੀ। ਮ੍ਰਿਤਕ ਦਵਿੰਦਰ ਸਿੰਘ ਦੀ ਪੋਸਟਮਾਰਟਮ ਰਿਪੋਰਟ ਆਈ ਤਾਂ ਭੇਦ ਖੁੱਲਿ੍ਹਆ ਕਿ ਉਸ ਦੀ ਮੌਤ ਗਲਾ ਘੁੱਟਣ ਕਾਰਨ ਹੋਈ ਹੈ। ਪੁਲਿਸ ਨੇ ਤਫਤੀਸ਼ ਦੌਰਾਨ ਅਨਮੋਲ ਸਿੰਘ ਉਰਫ ਜੁਗਨੂ ਪੁੱਤਰ ਚੁੰਘਾ ਸਿੰਘ ਵਾਸੀ ਲੱਖੇਵਾਲੀ ਨੂੰ ਕਾਬੂ ਕੀਤਾ ਹੈ । ਜਿਸ ਨੇ ਮੁੱਢਲੀ ਪੁੱਛਗਿਛ ਦੌਰਾਨ ਮੰਨਿਆ ਕਿ ਕਤਲ ਉਸ ਨੇ ਕੀਤਾ ਹੈ। ਇਹ ਵੀ ਸਾਹਮਣੇ ਆਇਆ ਕਿ ਅਨਮੋਲ, ਮ੍ਰਿਤਕ ਦਵਿੰਦਰ ਦਾ ਦੋਸਤ ਸੀ ਅਤੇ ਉਹ ਨਸ਼ੇ ਕਰਨ ਦੇ ਆਦੀ ਸਨ। ਨਸ਼ੇ ਕਰਨ ਦੌਰਾਨ ਅਨਮੋਲ ਅਤੇ ਮ੍ਰਿਤਕ ਦਵਿੰਦਰ ਦਾ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਜਿਸ ਤੋਂ ਗੁੱਸੇ ਅਨਮੋਲ ਨੇ ਦਵਿੰਦਰ ਦਾ ਗਲਾ ਘੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਥਾਣਾ ਲੱਖੇਵਾਲੀ ਪੁਲਿਸ ਨੇ ਅਨਮੋਲ ਸਿੰਘ ਖਿਲਾਫ ਧਾਰਾ 302 ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।