ਬੱਚਾ ਅਗਵਾ ਕਰਕੇ,50 ਲੱਖ ਰੁਪੈ ਦੀ ਫਿਰੌਤੀ ਮੰਗਣ ਵਾਲਾ ਆਇਆ ਪੁਲਿਸ ਅੜਿੱਕੇ..!

Advertisement
Spread information
ਅਸ਼ੋਕ ਵਰਮਾ ,ਬਠਿੰਡਾ 20 ਮਾਰਚ 2024
     ਚਾਰ ਦਿਨ ਪਹਿਲਾਂ ਜਿਲ੍ਹੇ ਦੇ ਪਿੰਡ ਫੂਲ ਤੋਂ ਇੱਕ 9 ਸਾਲਾ ਬੱਚੇ ਨੂੰ ਅਗਵਾ ਕਰਕੇ, ਫਿਰੌਤੀ ਮੰਗਣ ਵਾਲੇ ਇੱਕ ਦੋਸ਼ੀ ਨੂੰ ਬਠਿੰਡਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਵਿਸ਼ੇਸ਼ ਤੱਥ ਇਹ ਵੀ ਹੈ ਕਿ ਬੱਚੇ ਦੀ ਸਹੀ ਸਲਾਮਤ ਵਾਪਿਸੀ ਦੇ ਕੁੱਝ ਸਮੇਂ ਤੋਂ ਬਾਅਦ ਹੀ ਪੁਲਿਸ ਨੇ ਅਗਵਾਕਾਰ ਦੀ ਗ੍ਰਿਫਤਾਰੀ ਕਰ ਲਈ। ਪੁਲਿਸ ਦੀ ਇਸ ਸਫਲਤਾ ਨੇ ਪੁਲਿਸ ਪ੍ਰਸ਼ਾਸ਼ਨ ਅਤੇ ਅਗਵਾ ਬੱਚੇ ਦੇ ਮਾਪਿਆਂ ਨੂੰ ਵੱਡੀ ਰਾਹਤ ਦਿੱਤੀ ਹੈ। ਮੁਲਜਮ ਦੀ ਪਛਾਣ ਮੁਹੰਮਦ ਆਰਿਫ ਪੁੱਤਰ ਨਸੀਮ ਅਹਿਮਦ ਵਾਸੀ ਚੰਨਾ ਰੋਡ ਨੇੜੇ ਈਦਗਾਹ, ਦਹਿਲੀਜ ਰੋਡ ਅਹਿਮਦਗੜ੍ਹ ਦੇ ਤੌਰ ਤੇ ਕੀਤੀ ਗਈ ਹੈ। ਮੁਹੰਮਦ ਆਰਿਫ ਨੇ ਬੱਚਾ ਅਗਵਾ ਕਰਕੇ ਹੀ ਜੁਰਮ ਦੀ ਦੁਨੀਆਂ ਵਿੱਚ ਕਦਮ ਰੱਖਿਆ ਸੀ । ਪਰ ਉਹ ਬਠਿੰਡਾ ਪੁਲਿਸ ਦੀਆਂ ਨਜ਼ਰਾਂ ਤੋਂ ਬਚ ਨਾਂ ਸਕਿਆ ਅਤੇ ਪੁਲਿਸ ਦੀ ਕੁੜਿੱਕੀ ਵਿੱਚ ਫਸ ਹੀ ਗਿਆ ।                                           
        ਪੁਲਿਸ ਹੁਣ ਮੁਹੰਮਦ ਆਰਿਫ ਤੋਂ ਵਧੇਰੇ ਡੂੰਘਾਈ ਨਾਲ ਭੁੱਛ ਪੜਤਾਲ ਕਰਨ ਦੀ ਤਿਆਰੀ ’ਚ ਹੈ ਤਾਂ ਜੋ ਇਸ ਮਾਮਲੇ ਦੀਆਂ ਪਰਤਾਂ ਖੋਹਲੀਆਂ ਜਾ ਸਕਣ। ਐੱਸ.ਪੀ. (ਡੀ) ਬਠਿੰਡਾ ਅਜੇ ਗਾਂਧੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ  ਪਿੰਡ ਫੂਲ ਜਿਲ੍ਹਾ ਬਠਿੰਡਾ ਤੋਂ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਬੱਚਾ ਅਗਵਾ ਕਰਨ ਸਬੰਧੀ ਮੁੱਕਦਮਾ ਥਾਣਾ ਫੂਲ ਵਿਖੇ ਧਾਰਾ  364ਏ,307 ਆਈਪੀਸੀ ਤਹਿਤ ਮਿਤੀ 18 ਮਾਰਚ ਨੂੰ ਮੁਕੱਦਮਾ ਨੰਬਰ 8 ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਨੂੰ ਸੁਲਝਾਉਣ ਲਈ ਫੂਲ ਪੁਲਿਸ ਅਤੇ ਸੀਆਈਏ ਸਟਾਫ ਬਠਿੰਡਾ ਦੀਆਂ ਟੀਮਾਂ ਬਣਾਈਆਂ ਗਈਆਂ ਸਨ। ਬਠਿੰਡਾ ਪੁਲਿਸ ਨੇ ਅਗਵਾ ਹੋਏ ਬੱਚੇ ਦੀ ਤਲਾਸ਼ ਲਈ ਫੂਲ ਤੋਂ ਲੈ ਕੇ ਆਸ ਪਾਸ ਦੇ ਪਿੰਡਾਂ ਦੇ ਸੀ.ਸੀ.ਟੀ.ਵੀ ਕੈਮਰੇ ਖੰਘਾਲ ਕੇ ਬਰਨਾਲਾ ਜਿਲ੍ਹੇ ਦੇ ਕਸਬਾ ਭਦੌੜ ਤੱਕ ਦੋਸ਼ੀ ਦਾ ਪਿੱਛਾ ਵੀ ਕੀਤਾ ਸੀ।
        ਉਨ੍ਹਾਂ ਦੱਸਿਆ ਕਿ ਇਸ ਦੌਰਾਨ ਬੱਚੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਕੀਤੀਆਂ ਗਈਆਂ ਅਤੇ ਆਮ ਲੋਕਾਂ ਦਾ ਸਹਿਯੋਗ ਵੀ ਲਿਆ ਗਿਆ ।  ਇੰਨ੍ਹਾਂ ਦੋਵਾਂ ਗੱਲਾਂ ਤੋਂ ਇਲਾਵਾ ਪੁਲਿਸ ਦਾ ਦਬਾਅ ਵੀ ਸੀ । ਜਿਸ ਨਾਲ  ਬੱਚਾ ਸਹੀ ਸਲਾਮਤ ਬਰਾਮਦ ਕਰਕੇ ਵਾਰਿਸਾਂ ਹਵਾਲੇ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਮੁਕੱਦਮੇ ਦੀ ਤਫਤੀਸ਼ ਦੌਰਾਨ ਸੀ.ਆਈ.ਏ-1 ਬਠਿੰਡਾ ਦੀ ਟੀਮ ਨੇ ਅਗਵਾਕਾਰ ਮੁਹੰਮਦ ਆਰਿਫ ਪੁੱਤਰ ਨਸੀਮ ਅਹਿਮਦ ਵਾਸੀ ਚੰਨਾ ਰੋਡ ਨੇੜੇ ਈਦਗਾਹ, ਦਹਿਲੀਜ ਰੋਡ ਅਹਿਮਦਗੜ੍ਹ ਨੂੰ ਤਕਨੀਕੀ ਸਹਾਇਤਾ ਅਤੇ ਸੂਚਨਾਵਾਂ ਦੇ ਅਧਾਰ ਤੇ ਰਾਏਕੋਟ ਤੋ ਅਹਿਮਦਗੜ੍ਹ ਰੋਡ ਪਿੰਡ ਕਿਸ਼ਨਗੜ੍ਹ ਛੰਨਾ ਜਿਲ੍ਹਾ ਲੁਧਿਆਣਾ ਤੋ ਗਿਫਤਾਰ ਕਰ ਲਿਆ ।
          ਉਨ੍ਹਾਂ ਦੱਸਿਆ ਕਿ ਪੁਲਿਸ ਨੇ ਫਿਰੌਤੀ ਮੰਗਣ ਅਤੇ ਬੱਚੇ ਦੀ ਵੀਡੀਓ ਬਨਾਉਣ ਲਈ ਵਰਤੇ ਦੋ ਮੋਬਾਇਲ ਅਤੇ ਵਾਰਦਾਤ ਮੌਕੇ ਵਰਤਿਆ ਇੱਕ ਮੋਟਰਸਾਈਕਲ ਸੀ.ਡੀ. ਡੀਲੈਕਸ ਬਰਾਮਦ ਕੀਤੇ ਗਏ ਹਨ।  ਮਾਮਲੇ ਦੀ ਜਾਂਚ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਅਗਵਾਕਾਰ ਨੇ ਬੱਚੇ ਦੀਆਂ ਵੀਡਿਓ ਬਨਾਉਣ ਤੋਂ ਬਾਅਦ ਬੱਚੇ ਦਾ ਗਲਾ ਘੁੱਟ ਕੇ ਅਹਿਮਦਗੜ੍ਹ ਨੇੜੇ ਨਹਿਰ ਕੋਲ ਸੁੱਟ ਦਿੱਤਾ ਸੀ ਜੋ ਮਗਰੋਂ ਬੇਹੋਸ਼ੀ ਦੀ ਹਾਲਤ ’ਚ ਮਿਲਿਆ ਸੀ। ਉਨ੍ਹਾਂ ਦੱਸਿਆ ਕਿ ਅਗਵਾਕਾਰ ਨੇ ਬੱਚੇ ਦੀਆਂ ਵੀਡੀਓ ਮਾਪਿਆਂ ਨੂੰ ਭੇਜ ਕੇ 50 ਲੱਖ ਰੁਪਏ ਦੀ ਮੰਗ ਕਰਨ ਦੀ ਕੋਸ਼ਿਸ ਕੀਤੀ ਸੀ। ਉਨ੍ਹਾਂ ਦੱਸਿਆ ਕਿ  ਮੁਹੰਮਦ ਆਰਿਫ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਡੂੰਘਾਈ ਨਾਲ ਪੁੱਛਗਿਛ ਕੀਤੀ ਜਾਏਗੀ ਜਿਸ ਦੌਰਾਨ ਹੋਰ ਵਾਰਦਾਤਾਂ ਸਬੰਧੀ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
Advertisement
Advertisement
Advertisement
Advertisement
Advertisement
error: Content is protected !!