ਡਾਕਟਰੀ ਦੀ ਪੜ੍ਹਾਈ ਕਰਦੀਆਂ ਵਿਦਿਆਰਥਣਾਂ ਨੇ ਪ੍ਰੋਫੈਸਰ ਦਾ ਚਿਹਰਾ ਕੀਤਾ ਬੇਨਕਾਬ..
ਟੀ.ਐਨ.ਐਨ, ਨਵੀਂ ਦਿੱਲੀ 19 ਮਾਰਚ 2024
ਦਿੱਲੀ ਦੇ ਇੱਕ ਪ੍ਰਸਿੱਧ ਮੈਡੀਕਲ ਕਾਲਜ ‘ਚ ਪੜ੍ਹਾ ਰਹੇ ਇੱਕ ਪ੍ਰੋਫੈਸਰ ਦੀ ਕਥਿਤ ਘਿਣਾਉਣੀ ਕਰਤੂਤ ਨੇ ਗੁਰੂ ਚੇਲਿਆਂ ਦੇ ਪਾਕ ਪਵਿੱਤਰ ਰਿਸ਼ਤੇ ਨੂੰ ਹੀ ਕਲੰਕਿਤ ਕਰ ਦਿੱਤਾ। ਹੁਣ ਤੱਕ ਕਾਲਜ ਦੀਆਂ 13 ਵਿਦਿਆਰਥਣਾਂ ਵੱਲੋਂ ਪ੍ਰੋਫੈਸਰ ਉੱਤੇ ਸ਼ਰੀਰਕ ਸ਼ੋਸ਼ਣ ਦਾ ਗੰਭੀਰ ਇਲਜਾਮ ਲਾਇਆ ਹੈ। ਪੁਲਿਸ ਨੇ ਨਾਮਜ਼ਦ ਦੋਸ਼ੀ ਪ੍ਰੋਫੈਸਰ ਖਿਲਾਫ FIR ਦਰਜ ਕਰਕੇ, ਤਫਤੀਸ਼ ਸ਼ੁਰੂ ਕਰ ਦਿੱਤੀ। ਪਰੰਤੂ ਸਿਹਤ ਵਿਭਾਗ ਨੇ ਦੋਸ਼ੀ ਪ੍ਰੋਫੈਸਰ ਖਿਲਾਫ ਹਾਲੇ ਤੱਕ ਕੋਈ ਵਿਭਾਗੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ। ਆਖਿਰ ਵਿਜੀਲੈਂਸ ਡਾਇਰੈਕਟੋਰੇਟ ਨੇ ਸਿਹਤ ਸਕੱਤਰ ਨੂੰ ਪੱਤਰ ਲਿਖ ਕੇ ਦੋਸ਼ੀ ਪ੍ਰੋਫੈਸਰ ਵਿਰੁੱਧ ਲੋੜੀਂਦੀ ਅਨੁਸ਼ਾਸਨੀ ਕਾਰਵਾਈ ਸ਼ੁਰੂ ਕਰਨ ਲਈ ਪ੍ਰਸਤਾਵ ਭੇਜਣ ਬਾਰੇ ਪੱਤਰ ਜਾਰੀ ਕਰ ਦਿੱਤਾ ਹੈ।
ਦਿੱਲੀ ਮੈਡੀਕਲ ਕਾਲਜ ਦੀਆਂ ਐਮਬੀਬੀਐਸ ਕਰਦੀਆਂ ਵਿਦਿਆਰਥਣਾਂ ਦੇ ਕਥਿਤ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਪੁਲੀਸ ਵੱਲੋਂ ਦਰਜ ਕੀਤੀ, ਐਫਆਈਆਰ ਅਨੁਸਾਰ ਸਹਾਇਕ ਪ੍ਰੋਫੈਸਰ ਸਲੀਮ ਸ਼ੇਖ ਨੇ 31 ਜਨਵਰੀ ਨੂੰ ਦੁਪਹਿਰ 1.15 ਵਜੇ ਦੇ ਕਰੀਬ ਫਾਰਮਾਕੋਲੋਜੀ ਵਿਭਾਗ ਵਿੱਚ ਵੀਵਾ ਦੌਰਾਨ ਐਮਬੀਬੀਐਸ ਵਿਦਿਆਰਥਣਾਂ ਦਾ ਸਰੀਰਕ ਸ਼ੋਸ਼ਣ ਕੀਤਾ ਸੀ। ਦੋਸ਼ ਹੈ ਕਿ ਕਾਲਜ ਪ੍ਰਬੰਧਕਾਂ ਕੋਲ ਸ਼ਿਕਾਇਤ ਦਰਜ ਕਰਵਾਉਣ ਦੇ ਦੋ ਹਫ਼ਤਿਆਂ ਬਾਅਦ ਵੀ ਮੁਲਜ਼ਮ ਖ਼ਿਲਾਫ਼ ਕੋਈ ਕਾਰਵਾਈ ਨਹੀਂ ਸੀ ਕੀਤੀ ਗਈ। ਫਿਰ ਪੀੜਤ ਮੈਡੀਕਲ ਵਿਦਿਆਰਥੀਆਂ ਨੇ ਰੋਹਿਣੀ ਉੱਤਰੀ ਪੁਲਿਸ ਸਟੇਸ਼ਨ ਵਿੱਚ ਐਫਆਈਆਰ ਦਰਜ ਕਰਵਾਈ ਹੈ ।
ਉਥੇ ਹੀ ਇਸ ਮਾਮਲੇ ‘ਚ ਮੈਡੀਕਲ ਕਾਲਜ ਦੇ ਡਾਇਰੈਕਟਰ ਪਿ੍ੰਸੀਪਲ ਡਾ: ਈਸ਼ਵਰ ਸਿੰਘ ਨੇ ਦੱਸਿਆ ਕਿ ਵਿਦਿਆਰਥਣਾਂ ਦੇ ਦੋਸ਼ਾਂ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਸਹਾਇਕ ਪ੍ਰੋਫੈਸਰ ਨੂੰ ਸਾਰੀਆਂ ਸੇਵਾਵਾਂ ਤੋਂ ਹਟਾ ਕੇ ਛੁੱਟੀ ‘ਤੇ ਭੇਜ ਦਿੱਤਾ ਗਿਆ ਹੈ। ਕਾਇਮ ਕੀਤੀ ਕਮੇਟੀ ਮਾਮਲੇ ਦੀ ਹਰ ਪੱਖ ਤੋਂ ਜਾਂਚ ਕਰ ਰਹੀ ਹੈ ਅਤੇ ਸਾਰਿਆਂ ਦੇ ਬਿਆਨ ਦਰਜ ਕਰ ਰਹੀ ਹੈ। ਜਾਂਚ ‘ਚ ਦੋਸ਼ੀ ਪਾਏ ਜਾਣ ‘ਤੇ ਸਖਤ ਵਿਭਾਗੀ ਕਾਰਵਾਈ ਕੀਤੀ ਜਾਵੇਗੀ।