ਅਸ਼ੋਕ ਵਰਮਾ, ਬਠਿੰਡਾ 9 ਮਾਰਚ 2024
ਬਠਿੰਡਾ ਪੁਲਿਸ ਨੇ ਥਾਣਾ ਦਿਆਲਪੁਰਾ ’ਚ ਬਰਖਾਸਤ ਮੁੱਖ ਮੁਨਸ਼ੀ ਸੰਦੀਪ ਸਿੰਘ ਵੱਲੋਂ ਥਾਣੇ ਦੇ ਮਾਲਖਾਨੇ ਚੋਂ ਹਥਿਆਰ ਖੁਰਦ ਬੁਰਦ ਕਰਨ ਦੇ ਮਾਮਲੇ ਨੂੰ ਅੱਗੇ ਵਧਾਉਂਦਿਆਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਤਿੰਨ ਹੋਰ ਪਿਸਤੌਲ ਬਰਾਮਦ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਡੀ.ਐੱਸ.ਪੀ ਡੀ ਬਠਿੰਡਾ ਰਾਜੇਸ਼ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਰਖਾਸਤ ਹੌਲਦਾਰ ਸੰਦੀਪ ਸਿੰਘ ਸਾਬਕਾ ਮੁੱਖ ਮੁੰਨਸ਼ੀ ਖਿਲਾਫ ਥਾਣਾ ਦਿਆਲਪੁਰਾ ’ਚ 27 ਨਵੰਬਰ 2022 ਨੂੰ ਧਾਰਾ 409,380,120 ਬੀ ਆਈ ਪੀ ਸੀ 25/54/59 ਅਸਲਾ ਐਕਟ ਤਹਿਤ ਦਰਜ ਕੀਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਸੰਦੀਪ ਸਿੰਘ ਨੇ ਥਾਣੇ ਦੇ ਮਾਲਖਾਨੇ ਵਿੱਚੋਂ ਕਾਫੀ ਮਾਤਰਾ ਵਿੱਚ ਅਸਲਾ ਗਾਇਬ ਕੀਤਾ ਸੀ।ਇਸ ਮੁੱਕਦਮੇ ਦੀ ਅਗਾਂਹ ਤਫਤੀਸ਼ ਦੌਰਾਨ ਮੁਕੱਦਮਾ ਨੰਬਰ 25 ਮਿਤੀ 4ਮਾਰਚ 2024 ਧਾਰਾ 25/54/59 ਅਸਲਾ ਐਕਟ ਥਾਣਾ ਨੇਹੀਆਂਵਾਲਾ ’ਚ ਜਗਸੀਰ ਸਿੰਘ ਉਰਫ ਕਾਲਾ ਪੁੱਤਰ ਗੁੱਜਰ ਸਿੰਘ ਵਾਸੀ ਫਰੀਦੇਵਾਲ ਉਤਾੜ ਥਾਣਾ ਮੱਲਾਂਵਾਲਾ ਜਿਲ੍ਹਾ ਫਿਰੋਜਪੁਰ ਅਤੇ 2 ਹੋਰ ਵਿਅਕਤੀ ਨਾਮਜਦ ਕੀਤੇ ਸਨ। ਡੀਐਸਪੀ ਨੇ ਦੱਸਿਆ ਕਿ ਜਗਸੀਰ ਸਿੰਘ ਨੂੰ ਸੈਂਟਰਲ ਜੇਲ੍ਹ ਬਠਿੰਡਾ ਵਿੱਚੋ ਪ੍ਰੋਡਕਸ਼ਨ ਵਾਰੰਟ ਤੇ ਲਿਆਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਜਗਸੀਰ ਸਿੰਘ ਤੋਂ ਪੁੱਛਗਿੱਛ ਦੌਰਾਨ ਜਗਸੀਰ ਸਿੰਘ ਦੇ ਰਿਹਾਇਸ਼ੀ ਪਿੰਡ ਫਰੀਦੇਵਾਲਾ ਦੀ ਦਾਣਾ ਮੰਡੀ ਵਿੱਚੋਂ ਦੱਬੇ ਹੋਏ 2 ਰਿਵਾਲਵਰ .32 ਬੋਰ ਅਤੇ ਇੱਕ ਪਿਸਤੌਲ 7.65 ਬੋਰ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜਗਸੀਰ ਸਿੰਘ ਦਾ ਹੋਰ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਇਸ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਡੀਐਸਪੀ ਨੇ ਦੱਸਿਆ ਕਿ ਜਗਸੀਰ ਸਿੰਘ ਖਿਲਾਫ ਰਾਜਸਥਾਨ ਦੇ ਥਾਣਾ ਕਰਨਪੁਰ ਸਮੇਤ ਹੁਣ ਤੱਕ ਤਿਨ ਮੁਕੱਦਮੇ ਦਰਜਹੋਣ ਦੀ ਗੱਲ ਸਾਹਮਣੇ ਆਈ ਹੈ ਜਿੰਨ੍ਹਾਂ ਚੋਂ ਇੱਕ ਥਾਣਾ ਮੱਲਾਂਵਾਲਾ ਜਿਲ੍ਹਾ ਫਿਰੋਜਪੁਰ ਅਤੇ ਦੂਸਰਾ ਥਾਣਾ ਨੇਹੀਆਂਵਾਲਾ ਦਰਜ ਹੈ।