ਸੰਗਰੂਰ ਰੈਲੀ ਦੀ ਸਫਲਤਾ ਲਈ ਜ਼ਿਲ੍ਹੇ ਭਰ ਵਿੱਚ 15 ਦਿਨਾਂ “ਲਾਮਬੰਦੀ ਮੁਹਿੰਮ” ਚਲਾਈ ਜਾਵੇਗੀ:
25 ਫਰਵਰੀ ਨੂੰ ਸੰਗਰੂਰ ਵਿਖੇ ਹੋਵੇਗੀ ਇਤਿਹਾਸਕ ਸੂਬਾ ਪੱਧਰੀ ਰੈਲੀ
ਅਦੀਸ਼ ਗੋਇਲ, ਬਰਨਾਲਾ 11 ਫ਼ਰਵਰੀ 2024
ਪੁਰਾਣੀ ਪੈਨਸ਼ਨ ਬਹਾਲੀ ਸਾਂਝਾ ਮੋਰਚਾ ਪੰਜਾਬ ਦੀ ਅਗਵਾਈ ਵਿੱਚ 25 ਫਰਵਰੀ ਨੂੰ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਵਿਖੇ ਹੋਣ ਜਾ ਰਹੀ ‘ਸੂਬਾ ਪੱਧਰੀ ਰੈਲੀ’ ਦੀਆਂ ਤਿਆਰੀਆਂ ਦਾ ਮੁੱਢ ਬੰਨ੍ਹਦਿਆਂ ਮੋਰਚੇ ਵਿੱਚ ਸ਼ਾਮਲ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ, ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵੱਲੋਂ ਜ਼ਿਲ੍ਹਾ ਪੱਧਰੀ ਮੀਟਿੰਗ ਸਥਾਨਕ ਵਾਟਰ ਵਰਕਸ ਪਾਰਕ (ਜ਼ਿਲਾ ਪੱਧਰੀ ਕੰਪਲੈਕਸ) ਬਰਨਾਲਾ ਵਿਖੇ ਕੀਤੀ ਗਈl ਜਿਸ ਵਿੱਚ ਜ਼ਿਲਾ ਅਤੇ ਬਲਾਕ ਆਗੂ ਟੀਮਾਂ ਨੂੰ ਰੈਲੀ ਦੀ ਕਾਮਯਾਬੀ ਲਈ ਜੰਗੀ ਪੱਧਰ ਤੇ ਯਤਨ ਜੁਟਾਉਣ ਦਾ ਕਾਰਜ ਸੌਂਪਿਆ ਗਿਆ ਹੈ। ਇਸ ਮੌਕੇ ਜੱਥੇਬੰਦੀਆਂ ਦੇ ਅੱਠ ਅੱਠ ਮੈਂਬਰ ਲੈ ਕੇ ਮੋਰਚੇ ਦੀ ਜ਼ਿਲਾ ਇਕਾਈ ਦਾ ਗਠਨ ਵੀ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਤਿੰਨ ਸੰਘਰਸ਼ੀ ਜੱਥੇਬੰਦੀਆਂ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ, ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ, ਅਤੇ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਵੱਲੋਂ ਪੈਨਸ਼ਨ ਲਾਗੂ ਕਰਨ ਤੋਂ ਭੱਜੀ ਆਪ ਸਰਕਾਰ ਨੂੰ ਐੱਨ.ਪੀ.ਐੱਸ ਮੁਲਾਜ਼ਮਾਂ ਦੀ ਵੱਡੀ ਸੰਘਰਸ਼ੀ ਚੁਣੌਤੀ ਦੇਣ ਲਈ ਸਾਂਝੇ ਮੋਰਚੇ ਦਾ ਗਠਨ ਕੀਤਾ ਗਿਆ ਸੀ।
ਜ਼ਿਲ੍ਹਾ ਕਮੇਟੀ ਮੀਟਿੰਗ ਦੀ ਜਾਣਕਾਰੀ ਸਾਂਝੀ ਕਰਦਿਆਂ ਸਾਂਝੇ ਮੋਰਚੇ ਦੇ ਆਗੂਆਂ ਗੁਲਾਬ ਸਿੰਘ, ਰਮਨਦੀਪ ਬਰਨਾਲਾ, ਲੈਕਚਰਾਰ ਨਿਰਮਲ ਸਿੰਘ ਪੱਖੋ ਕਲਾਂ, ਨਿਰਮਲਜੀਤ ਸਿੰਘ ਅਤੇ ਨਿਰਮਲ ਪੱਖੋਂ, ਅੰਮ੍ਰਿਤ ਹਰੀਗੜ, ਦਲਜੀਤ ਸਿੰਘ, ਪਰਮਿੰਦਰ ਸਿੰਘ, ਮਨਮੋਹਨ ਭੱਠਲ, ਪਰਮਜੀਤ ਸਿੰਘ ਭਾਟੀਆ , ਹੈਡਮਾਸਟਰ ਪਰਦੀਪ ਕੁਮਾਰ , ਰਾਜਿੰਦਰ ਮੁੱਲੋਵਾਲ ਅਤੇ ਕੇਵਲ ਸਿੰਘ ਨੇ ਦੱਸਿਆ ਕਿ ਪੁਰਾਣੀ ਪੈਨਸ਼ਨ ਬਹਾਲੀ ਸਾਂਝੇ ਮੋਰਚੇ ਦਾ ਗਠਨ ਹੋਣਾ ਬਹੁਤ ਮਹੱਤਵਪੂਰਨ ਅਤੇ ਅਤਿ ਲੋੜੀਂਦਾ ਸਵਾਗਤਯੋਗ ਉਪਰਾਲਾ ਹੈ, ਜੋ ਪੈਨਸ਼ਨ ਪ੍ਰਾਪਤੀ ਦੇ ਸੰਘਰਸ਼ ਨੂੰ ਵੱਡੀ ਮੁਲਾਜ਼ਮ ਲਹਿਰ ਵਿੱਚ ਤਬਦੀਲ ਕਰਨ ਦੀਆਂ ਸੰਭਾਵਨਾਵਾਂ ਰੱਖਦਾ ਹੈ। ਉਹਨਾਂ ਕਿਹਾ ਕਿ ਵੱਖ ਵੱਖ ਫਰੰਟਾਂ ਨਾਲ਼ ਜੁੜਿਆ ਜੱਥੇਬੰਦਕ ਕਾਡਰ ਅਤੇ ਆਮ ਐੱਨ.ਪੀ.ਐੱਸ ਮੁਲਾਜ਼ਮ ਸਾਂਝੇ ਮੋਰਚੇ ਦੇ ਬੈਨਰ ਹੇਠ ਹਜ਼ਾਰਾਂ ਦੀ ਗਿਣਤੀ ਵਿੱਚ ਆਪ ਸਰਕਾਰ ਦੀ ਵਾਅਦਾਖਿਲਾਫੀ ਦੇ ਰੋਸ ਵਿੱਚ ਸੰਗਰੂਰ ਰੈਲੀ ਵਿੱਚ ਸ਼ਾਮਲ ਹੋਵੇਗਾ।
ਆਗੂਆਂ ਨੇ ਦੱਸਿਆ ਕਿ ਫਰੰਟ ਵੱਲੋਂ ਸੂਬਾ ਕਮੇਟੀ ਮੀਟਿੰਗ ਵਿੱਚ 25 ਦੀ ਸੰਗਰੂਰ ਸੰਗਰੂਰ ਰੈਲੀ ਨੂੰ ਸਫ਼ਲ ਬਣਾਉਣ ਅਤੇ 16 ਫਰਵਰੀ ਦੇ ਭਾਰਤ ਬੰਦ ਵਿੱਚ ਵੱਡੀ ਸਮੂਲੀਅਤ ਲਈ ਵੱਡੇ ਪੱਧਰ ਤੇ ਜ਼ਿੰਮੇਵਾਰੀਆਂ ਤੈਅ ਕੀਤੀਆਂ ਗਈਆਂ ਹਨ, ਜਿਸ ਤਹਿਤ ਅੱਜ ਜ਼ਿਲਾ ਪੱਧਰੀ ਸਾਂਝੀ ਮੀਟਿੰਗ ਦੌਰਾਨ ਸੰਗਰੂਰ ਰੈਲੀ ਦੀ ਤਿਆਰੀ ਲਈ ਅਗਲੇ 15 ਦਿਨ ਜ਼ਿਲ੍ਹੇ ਭਰ ਵਿੱਚ ਵੱਡੀ ਲਾਮਬੰਦੀ ਮੁਹਿੰਮ ਚਲਾੳਣ ਦਾ ਫੈਸਲਾ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਜ਼ਿਲਾ ਕਮੇਟੀ ਬਰਨਾਲਾ ਵੱਲੋਂ ਸੰਗਰੂਰ ਰੈਲੀ ਵਿੱਚ ਮੁਲਾਜ਼ਮਾਂ ਦੀ ਮਿਸਾਲੀ ਸ਼ਮੂਲੀਅਤ ਕਰਵਾਈ ਜਾਵੇਗੀ।
ਇਸ ਮੌਕੇ ਬੋਲਦਿਆਂ ਸੁਨੀਲ ਕੁਮਾਰ , ਸੁਖਬੀਰ ਸਿੰਘ, ਰਾਜਿੰਦਰ ਕੁਮਾਰ, ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਵੰਬਰ 2022 ਵਿੱਚ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਸਬੰਧੀ ਇੱਕ ਪੱਤਰ ਜਾਰੀ ਕੀਤਾ ਗਿਆ ਸੀ ਪਰ ਉਸ ਦੀ ਲਗਭਗ ਇੱਕ ਸਾਲ ਦੋ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਪੰਜਾਬ ਦੇ ਇੱਕ ਵੀ ਮੁਲਾਜ਼ਮ ਦਾ ਜੀਪੀਐੱਫ ਖਾਤਾ ਨਹੀਂ ਖੋਲਿਆ ਗਿਆ ਜਿਸ ਦੇ ਖਿਲਾਫ ਪੰਜਾਬ ਦੇ ਐੱਨਪੀਐੱਸ ਮੁਲਾਜ਼ਮਾਂ ਦਾ ਗੁੱਸਾ ਪੰਜਾਬ ਸਰਕਾਰ ਪ੍ਰਤੀ ਦਿਨੋ ਦਿਨ ਵੱਧ ਰਿਹਾ ਹੈ।
ਇਸ ਮੌਕੇ ਸੁਨੀਲ ਕੁਮਾਰ , ਸੁਖਬੀਰ ਸਿੰਘ, ਰਾਜਿੰਦਰ ਕੁਮਾਰ, ਲਲਿਤ ਕੁਮਾਰ, ਅਨਿਲ ਕੁਮਾਰ, ਚੇਤਵੰਤ ਸਿੰਘ, ਅਨਿਲ ਸਿੰਘ ਨਿਰਮਲ ਸਿੰਘ, ਅਮਨਦੀਪ ਸਿੰਘ, ਸਮੇਤ ਵੱਡੀ ਗਿਣਤੀ ਵਿੱਚ ਆਗੂ ਹਾਜ਼ਰ ਸਨ।