ਅਸ਼ੋਕ ਵਰਮਾ , ਬਠਿੰਡਾ 18 ਜਨਵਰੀ 2024
ਡੇਰਾ ਸੱਚਾ ਸੌਦਾ ਸਿਰਸਾ ਦੇ ਪੈਰੋਕਾਰਾਂ ਨੇ ਡਾਕਟਰੀ ਅਧਿਐਨ ਲਈ ਮ੍ਰਿਤਕ ਦੇਹ ਦਾਨ ਕਰਨ ਦੇ ਮਾਮਲੇ ’ਚ ਮੈਡੀਕਲ ਕਾਲਜਾਂ ਦੀ ਮੁਸ਼ਕਲ ਵੱਡੀ ਪੱਧਰ ਤੇ ਹੱਲ ਕਰ ਦਿੱਤੀ ਹੈ। ਕੋਈ ਸਮਾਂ ਸੀ ਜਦੋਂ ਡਾਕਟਰੀ ਸਿੱਖਿਆ ਹਾਸਲ ਕਰਨ ਵਾਲਿਆਂ ਨੂੰ ਮ੍ਰਿਤਕ ਦੇਹਾਂ ਦੀ ਘਾਟ ਕਾਰਨ ਮੈਡੀਕਲ ਖੋਜ ਕਾਰਜਾਂ ਦੌਰਾਨ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਪਰ ਹੁਣ ਕੋਈ ਕਮੀ ਨਹੀਂ ਰਹੀ ਹੈ। ਭਾਵੇਂ ਡੇਰਾ ਸਿਰਸਾ ਪੈਰੋਕਾਰ ਹੁਣ ਸਰੀਰਦਾਨ ਨੂੰ ਤਰਜੀਹ ਦੇਣ ਲੱਗੇ ਹਨ ਪਰ ਪਹਿਲੀ ਵਾਰ ਇਹ ਮੋੜ੍ਹੀ ਤਰਕਸ਼ੀਲ ਸੁਸਾਇਟੀ ਨੇ ਗੱਡੀ ਸੀ। ਮਾਲਵੇ ਦੇ ਛੋਟੇ ਜਿਹੇ ਕਸਬੇ ਬਰਗਾੜੀ ਦਾ ਤਰਕਸ਼ੀਲ ਲਹਿਰ ਦਾ ਥੰਮ੍ਹ ਕ੍ਰਿਸ਼ਨ ਬਰਗਾੜੀ 21 ਜਨਵਰੀ 2002 ਨੂੰ ਜਹਾਨੋਂ ਚਲਾ ਗਿਆ ਤਾਂ ਉਸ ਦੀ ਇੱਛਾ ਅਨੁਸਾਰ ਪਰਿਵਾਰ ਨੇ ਉਸ ਦਾ ਸਰੀਰ ਸੀ.ਐਮ.ਸੀ. ਲੁਧਿਆਣਾ ਨੂੰ ਮੈਡੀਕਲ ਖੋਜ ਕਾਰਜਾਂ ਲਈ ਭੇਂਟ ਕਰ ਦਿੱਤਾ ਸੀ।
ਆਮ ਲੋਕਾਂ ਵੱਲੋਂ ਇਸ ਸਬੰਧ ’ਚ ਦਿੱਤੀਆਂ ਜਾਣ ਵਾਲੀਆਂ ਨਸੀਹਤਾਂ ਅਤੇ ਸਲਾਹਾਂ ਦੀ ਪ੍ਰਵਾਹ ਨਾਂ ਕਰਦਿਆਂ ਸਮਾਜ ਨੂੰ ਸੇਧ ਦੇਣ ਲਈ ਪ੍ਰੀਵਾਰਕ ਮੈਂਬਰਾਂ ਨੇ ਇੱਕ ਅਜਿਹੀ ਨਿਵੇਕਲੀ ਪਿਰਤ ਪਾਈ ਜਿਸ ਨੇ ਕ੍ਰਿਸ਼ਨ ਬਰਗਾੜੀ ਨੂੂੰ ਨਾਂ ਕੇਵਲ ਉੱਤਰੀ ਭਾਰਤ ਦਾ ਪਹਿਲਾ ਸਰੀਰਦਾਨੀ ਹੋਣ ਦਾ ਮਾਣ ਦਿਵਾਇਆ ਬਲਕਿ ਮੌਤ ਪਿੱਛੋਂ ਆਪਣਾ ਸਰੀਰ ਮੈਡੀਕਲ ਖੋਜ ਕਾਰਜਾਂ ਲਈ ਦਾਨ ਕਰਨ ਦੀ ਅਜਿਹੀ ਸ਼ੁਰੂਆਤ ਕੀਤੀ ਜੋ ਹੁਣ ਇੱਕ ਲਹਿਰ ’ਚ ਤਬਦੀਲ ਹੋ ਗਈ ਹੈ। ਖਾਸ ਤੌਰ ਤੇ ਜਦੋਂ ਤੋਂ ਡੇਰਾ ਸਿਰਸਾ ਪੈਰੋਕਾਰਾਂ ਨੇ ਇਹ ਸਿਲਸਿਲਾ ਸ਼ੁਰੂ ਕੀਤਾ ਤਾਂ ਮ੍ਰਿਤਕ ਦੇਹਾਂ ਦੀ ਘਾਟ ਨਾਲ ਜੂਝਦੇ ਮੈਡੀਕਲ ਕਾਲਜਾਂ ਨੂੰ ਵੱਡੀ ਰਾਹਤ ਮਿਲੀ ਹੈ। ਜਾਣਕਾਰੀ ਅਨੁਸਾਰ ਮਾਲਵੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਡੇਰਾ ਪ੍ਰੇਮੀਆਂ ਨੇ ਸਰੀਰਦਾਨ ਅਤੇ ਅੱਖਾਂ ਦਾਨ ਕਰਨ ਵਾਸਤੇ ਅਗਾਊਂ ਪ੍ਰਣ ਪੱਤਰ ਭਰੇ ਹੋਏ ਹਨ ਜਿੰਨ੍ਹਾਂ ਤੇ ਬਕਾਇਦਾ ਅਮਲ ਵੀ ਕੀਤਾ ਰਿਹਾ ਹੈ।
ਡੇਰਾ ਪੈਰੋਕਾਰਾਂ ਦੇ ਇਸ ਉਪਰਾਲੇ ਸਦਕਾ ਮਾਲਵਾ ਖਿੱਤਾ ਤਾਂ ਪੰਜਾਬ ‘ਚੋਂ ਸਰੀਰਦਾਨ ਦੇ ਮਾਮਲੇ ਵਿੱਚ ਮੋਹਰੀ ਬਣ ਗਿਆ ਹੈ ਜਿੱਥੇ ਹੁਣ ਤੱਕ ਪਿੰਡਾਂ ਸ਼ਹਿਰਾਂ ਦੇ ਸੈਂਕੜਿਆਂ ਦੀ ਗਿਣਤੀ ’ਚ ਡੇਰਾ ਸ਼ਰਧਾਲੂ ਸ਼ਰੀਰਦਾਨ ਕਰ ਚੁੱਕੇ ਹਨ ਅਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਇਕੱਲੇ ਬਠਿੰਡਾ ਸ਼ਹਿਰ ’ਚ ਡੇਰਾ ਪੈਰੋਕਾਰ ਪ੍ਰੀਵਾਰਾਂ ਵੱਲੋਂ 107 ਮ੍ਰਿਤਕ ਦੇਹਾਂ ਦਾਨ ਕੀਤੀਆਂ ਜਾ ਚੁੱਕੀਆਂ ਹਨ। ਬਰਨਾਲਾ ਜਿਲ੍ਹੇ ਦੇ ਬਲਾਕ ਮਹਿਲ ਕਲਾਂ ਇਸ ਤੋਂ ਪਹਿਲਾਂ 54 ਮ੍ਰਿਤਕ ਦੇਹਾਂ ਦਾਨ ਕਰ ਚੁੱਕਿਆ ਹੈ। ਬਰਨਾਲਾ ਬਲਾਕ ’ਚ 60 ਸਰੀਰਦਾਨ ਹੋਏ ਹਨ ਜਿੰਨ੍ਹਾਂ ’ਚ ਇੱਕ 102 ਸਾਲਾ ਬਜ਼ੁਰਗ ਔਰਤ ਵੀ ਸ਼ਾਮਲ ਹੈ। ਬਰਨਾਲਾ ਜਿਲ੍ਹੇ ਦੇ ਪਿੰਡ ਅਮਲਾ ਸਿੰਘ ਵਾਲਾ ਨੇ ਤਾਂ ਪੇਂਡੂ ਸਮਾਜ ਨੂੰ ਨਵੀਂ ਰਾਹ ਦਿਖਾਈ ਹੈ ਜਿੱਥੇ ਇੱਕ ਦਰਜਨ ਡੇਰਾ ਪ੍ਰੇਮੀ ਪ੍ਰੀਵਾਰਾਂ ਨੇ ਸਰੀਰ ਦਾਨ ਕੀਤੇ ਹਨ। ਸੰਗਰੂਰ ਸ਼ਹਿਰ ’ਚ 25 ਅਤੇ ਪਟਿਆਲਾ ਜਿਲ੍ਹੇ ’ਚ ਲੱਗਭਗ 2 ਦਰਜ਼ਨ ਦੇਹਾਂ ਦਾਨ ਹੋਈਆਂ ਹਨ।
ਡੇਰਾ ਸ਼ਰਧਾਲੂਆਂ ਨੇ ਜਿੱਥੇ ਨੌਜਵਾਨਾਂ ,ਬਜ਼ੁਰਗਾਂ ਤੇ ਔਰਤਾਂ ਦੇ ਹਰ ਉਮਰ ਵਰਗ ਦੇ ਸਰੀਰਦਾਨ ਕੀਤੇ ਹਨ ਉੱਥੇ ਹੀ ਵੱਡੀ ਗੱਲ ਹੈ ਕਿ ਇੰਨ੍ਹਾਂ ’ਚ ‘ਨਾਨ ਏਜ’ ਬੱਚਿਆਂ ਦੀ ਦੇਹਾਂ ਵੀ ਸ਼ਾਮਲ ਹਨ। ਬਠਿੰਡਾ ਜਿਲ੍ਹੇ ’ਚ ਡੇਰਾ ਸ਼ਰਧਾਲੂਆਂ ਨੇ ਇਕੱਲੇ ਆਦੇਸ਼ ਮੈਡੀਕਲ ਕਾਲਜ਼ ਨੂੰ ਲੱਗਭਗ 75 ਮ੍ਰਿਤਕ ਦੇਹਾਂ ਭੇਂਟ ਕੀਤੀਆਂ ਹਨ। ਗੌਰਤਲਬ ਹੈ ਕਿ ਮੈਡੀਕਲ ਕਾਲਜਾਂ ’ਚ ਭਵਿੱਖ ਦੇ ਡਾਕਟਰਾਂ ਨੂੰ ਬਰੀਕੀ ਨਾਲ ਮਨੁੱਖੀ ਸਰੀਰ ਬਾਰੇ ਜਾਨਣਕਾਰੀ ਦੇਣ ਲਈ ਮ੍ਰਿਤਕ ਦੇਹਾਂ ਤੇ ਪ੍ਰੈਕਟੀਕਲ ਕਾਰਜ ਜ਼ਰੂਰੀ ਹੁੰਦਾ ਹੈ। ਪੰਜਾਬ ਵਿੱਚ ਇਸ ਵੇਲੇ ਮੈਡੀਕਲ ਕਾਲਜਾਂ ਦੀ ਗਿਣਤੀ ਇੱਕ ਦਰਜਨ ਦੇ ਕਰੀਬ ਦੱਸੀ ਗਈ ਹੈ। ਇੱਨ੍ਹਾਂ ਚੋਂ ਹਰ ਸਾਲ ਤਕਰੀਬਨ 12 ਸੌ ਨਵੇਂ ਡਾਕਟਰ ਬਣਨ ਦੀ ਗੱਲ ਸਾਹਮਣੇ ਆਈ ਹੈ। ਨਵੇਂ ਡਾਕਟਰਾਂ ਨੂੰ ਡਾਕਟਰੀ ਸਿੱਖਿਆ ਦੇਣ ਅਤੇ ਇਲਾਜ਼ ਦੇ ਨਵੇਂ ਢੰਗ ਤਰੀਕੇ ਤਲਾਸ਼ਣ ਵਿੱਚ ਸਰੀਰਦਾਨੀ ਪ੍ਰੀਵਾਰਾਂ ਦੀ ਅਹਿਮ ਭੂਮਿਕਾ ਮੰਨੀ ਜਾਂਦੀ ਹੈ।
ਤਰਕਸ਼ੀਲਤਾ ਅਜੇ ਵੀ ਸਰਗਰਮ
ਮਹੱਤਵਪੂਰਨ ਤੱਥ ਇਹ ਵੀ ਹੈ ਕਿ ਤਰਕਸ਼ੀਲ ਵਿਚਾਰਾਂ ਦੇ ਧਾਰਨੀਆਂ ਵੱਲੋਂ ਅਜੇ ਵੀ ਸਰੀਰਦਾਨ ਕਰਨ ਦਾ ਸਿਲਸਿਲਾ ਜਾਰੀ ਹੈ। ਕੁੱਝ ਸਮਾਂ ਪਹਿਲਾਂ ਇਨਕਲਾਬੀ ਆਗੂ ਨਾਮਦੇਵ ਭੁਟਾਲ ਦੀ ਮ੍ਰਿਤਕ ਦੇਹ ਦਾਨ ਕੀਤੀ ਗਈ ਸੀ। ਬਠਿੰਡਾ ਜਿਲ੍ਹੇ ਦੇ ਮੌੜ ’ਚ ਵੀ ਏਦਾਂ ਦੇ ਆਗੂ ਵੱਲੋਂ ਆਪਣੇ ਪ੍ਰੀਵਾਰਕ ਮੈਂਬਰ ਦਾ ਸਰੀਰ ਦਾਨ ਕੀਤਾ ਗਿਆ ਸੀ। ਖੱਬੇ ਪੱਖੀ ਵਿਚਾਰਧਾਰਾ ਵਾਲੀਆਂ ਧਿਰਾਂ ਸਮੇਤ ਹੋਰ ਵੀ ਸੰਸਥਾਵਾਂ ਇਸ ਮਾਮਲੇ ਵਿੱਚ ਮੈਡੀਕਲ ਕਾਲਜਾਂ ਦੀ ਮੱਦਦ ਕਰ ਰਹੀਆਂ ਹਨ। ਅੰਮ੍ਰਿਤਸਰ ਦਾ ਪਿੰਗਲਵਾੜਾ ਵੀ ਸਰੀਰਦਾਨ ਵਿੱਚ ਵੱਡਾ ਯੋਗਦਾਨ ਪਾ ਰਿਹਾ ਹੈ।
ਸਿਆਸੀ ਨੇਤਾਵਾਂ ਨੂੰ ਹਾਲੇ ਵੀ ਡਰ
ਪੰਜਾਬ ਦੇ ਆਮ ਲੋਕ ਤਾਂ ਸਰੀਰ ਦਾਨ ਕਰਨ ਪ੍ਰਤੀ ਚੇਤੰਨ ਹੋਏ ਹਨ ਪ੍ਰੰਤੂ ਨੇਤਾਵਾਂ ਵਿੱਚ ਚੇਤੰਨਤਾ ਦੀ ਘਾਟ ਦਿਖਾਈ ਦਿੰਦੀ ਹੈ। ਵੇਰਵਿਆਂ ਅਨੁਸਾਰ ਕਿਧਰੇ ਵੀ ਨਜ਼ਰ ਨਹੀਂ ਆਉਂਦਾ ਕਿ ਕਿਸੇ ਸਿਆਸੀ ਨੇਤਾ ਨੇ ਮੈਡੀਕਲ ਅਧਿਐਨ ਵਾਸਤੇ ਦੇਹ ਦਾਨ ਕੀਤੀ ਹੋਵੇ। ਦੇਹਦਾਨ ਦੇ ਫਾਰਮ ਭਰਨ ਵਾਲਿਆਂ ’ਚੋਂ ਵੀ ਇਹ ਨੇਤਾ ਗਾਇਬ ਜਾਪਦੇ ਹਨ। ਹਾਲਾਂਕਿ ਪੰਜਾਬ ਵਿਚ ਪਿਛਲੇ ਦੋ ਦਹਾਕਿਆਂ ਦੌਰਾਨ ਕਾਫੀ ਵੱਡੇ ਸਿਆਸੀ ਨੇਤਾਵਾਂ ਦੀ ਮੌਤ ਹੋਈ ਪ੍ਰੰਤੂ ਕਿਸੇ ਵੀ ਨੇਤਾ ਦੇ ਪਰਿਵਾਰ ਵੱਲੋਂ ਮਰਹੂਮ ਨੇਤਾ ਦੀ ਮ੍ਰਿਤਕ ਦੇਹ ਦਾਨ ਵਜੋਂ ਨਹੀਂ ਦਿੱਤੀ ਗਈ ਹੈ।
ਪੁਰਾਣੀ ਧਾਰਨਾ ਖਤਮ ਹੋਈ:ਅਜੀਤਪਾਲ
ਜਮਹੂਰੀ ਅਧਿਕਾਰ ਸਭਾ ਦੇ ਆਗੂ ਡਾਕਟਰ ਅਜੀਤਪਾਲ ਸਿੰਘ ਦਾ ਕਹਿਣਾ ਸੀ ਕਿ ਸਰੀਰਦਾਨੀ ਕੋਈ ਵੀ ਹੋਵੇ ਪੰਜਾਬ ਵਿੱਚ ਸਰੀਰ ਦਾਨ ਦੀ ਚੱਲੀ ਲਹਿਰ ਨੇ ਇਹ ਪੁਰਾਣੀ ਧਾਰਨਾ ਖਤਮ ਕਰ ਦਿੱਤੀ ਹੈ ਕਿ ਮਨੁੱਖੀ ਸਰੀਰ ਕਿਸੇ ਕੰਮ ਨਹੀਂ ਆਉਂਦਾ ਹੈ। ਉਨ੍ਹਾਂ ਆਮ ਲੋਕਾਂ ਨੂੰ ਵਿਗਿਆਨਕ ਚੇਤਨਾ ਤੇ ਪਹਿਰਾ ਦਿੰਦਿਆਂ ਚਾਨਣ ਨੂੰ ਤਰਸਦੇ ਲੋਕਾਂ ਦੀ ਹਨੇਰੀ ਜਿੰਦਗੀ ਰੌਸ਼ਨ ਕਰਨ ਲਈ ਅੱਖਾਂ ਵੀ ਦਾਨ ਕਰਨ ਦਾ ਸੱਦਾ ਦਿੱਤਾ।