ਗੁਰਭਜਨ ਗਿੱਲ
ਮਾਈਕਰੋਫ਼ੋਨ ਤੇ ਗੱਲ ਕਰਨੀ ਮੈਨੂੰ ਸੁਰਾਂਗਲੇ ਸ਼ਾਇਰ ਸ ਸ ਮੀਸ਼ਾ ਨੇ 1976-77 ਚ ਸਿਖਾਈ। ਆਕਾਸ਼ਵਾਣੀ ਜਲੰਧਰ ਵਿੱਚ ਆਉਣ ਜਾਣ ਹੋਇਆ ਤਾਂ ਮੀਸ਼ਾ ਜੀ ਨਾਲ ਮੁਲਾਕਾਤਾਂ ਹੋਣੀਆਂ ਸ਼ੁਰੂ ਹੋਈਆਂ। ਉਨ੍ਹਾਂ ਦੱਸਿਆ ਕਿ ਅੰਗੂਠਾ ਅੰਦਰ ਕਰਕੇ ਮੁੱਠੀ ਘੁੱਟਿਆਂ ਜਿੰਨਾ ਫ਼ਾਸਲਾ ਬਣਦਾ ਹੈ, ਮਾਈਕਰੋਫੋਨ ਤੇ ਬੁਲਾਰੇ ਦੇ ਬੁੱਲਾਂ ਦਾ ਓਨਾ ਕੁ ਫ਼ਾਸਲਾ ਹੋਣਾ ਚਾਹੀਦੈ। ਮੈਂ ਹੁਣ ਤੀਕ ਇਸ ਸਬਕ ਨੂੰ ਚੇਤੇ ਰੱਖ ਕੇ ਹੀ ਸੰਬੋਧਨ ਕੀਤਾ ਹੈ। ਮੈਨੂੰ ਅਕਸਰ ਲੋਕ ਪੁੱਛਦੇ ਹਨ ਕਿ ਓਹੀ ਮਾਈਕਰੋਫ਼ੋਨ ਬਾਕੀਆਂ ਦੀ ਵਾਰੀ ਗੱਲ ਸਪਸ਼ਟ ਨਹੀਂ ਕਰਦਾ ਪਰ ਤੇਰਾ ਅੱਖਰ ਅੱਖਰ ਸਮਝ ਆਉਂਦਾ ਹੈ।ਮੈਂ ਇਹੀ ਆਖਦਾਂ ਕਿ ਮੇਰੇ ਉਸਤਾਦ ਮੀਸ਼ਾ ਜੀ ਨੇ। ਆਕਾਸ਼ਵਾਣੀ ਜਲੰਧਰ ਵਿੱਚ ਕੰਮ ਕਰਦਿਆਂ ਮੀਸ਼ਾ ਜੀ ਕਦੇ ਵੀ ਕਰਮਚਾਰੀ ਜਾਂ ਅਧਿਕਾਰੀ ਨਹੀਂ ਸਨ ਲੱਗਦੇ। ਇੰਜ ਜਾਪਦਾ ਸੀ ਜਿਵੇਂ ਸ਼ਹਿਨਸ਼ਾਹ ਦਰਬਾਰ ਲਗਾਉਂਦਾ ਹੈ। ਉਨ੍ਹਾਂ ਦੇ ਕਮਰੇ ਦੀ ਆਭਾ ਹੀ ਵੱਖਰੀ ਸੀ। ਨਾਲ ਦੇ ਮੇਜ਼ ਤੇ ਰੱਜ ਕੇ ਸੋਹਣੀ ਤੇ ਜ਼ਹੀਨ ਸਹਿਕਰਮਣ ਸੁਖਜਿੰਦਰ ਚੂੜਾਮਣੀ ਤੇ ਪਿਛਲੇ ਪਾਸੇ ਅੰਮ੍ਰਿਤਾ ਪ੍ਰੀਤਮ ਦੀ ਜਵਾਨ ਉਮਰੀ ਅਤਿ ਸੋਹਣੀ ਕਲਿੱਪ ਵਾਲੀ ਤਸਵੀਰ। ਉੱਚੋਂ ਮੀਸ਼ਾ ਜੀ ਦੀ ਮਹਿਕਦੀ ਮੁਸਕਾਨ। ਸ਼ਿਵ ਕੁਮਾਰ ਤਾਂ ਇਸੇ ਮੁਸਕਾਨ ਨੂੰ ਮੀਸਣੀ ਮੁਲਕਾਨ ਕਹਿੰਦਾ ਰਿਹਾ ਪਰ ਮੈਂ ਨਹੀਂ ਮੰਨਿਆ ਕਦੇ। ਵੱਡਿਆਂ ਦੇ ਵੱਡੇ ਯਾਰ , ਜੋ ਮਰਜ਼ੀ ਆਖਣ ਇੱਕ ਦੂਜੇ ਨੂੰ।
ਸ ਸ ਮੀਸ਼ਾ ਜੀ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ ਕਿ ਉਹ ਬੜੇ ਦਿਲਦਾਰ ਇਨਸਾਨ ਸਨ। ਵੱਡੇ ਤੋਂ ਵੱਡੇ ਤੇ ਛੋਟੇ ਤੋਂ ਛੋਟੇ ਬੰਦੇ ਨੂੰ ਵੀ ਆਪਣੀ ਰੂਹ ਅੰਦਰ ਬਹਿਣ ਖਲੋਣ ਦਿੰਦੇ ਸਨ।
ਮੈਨੂੰ ਮਾਣ ਹੈ ਕਿ ਮੈਂ ਉਨ੍ਹਾਂ ਦੀ ਸੰਗਤ ਕਾਰਨ ਉਨ੍ਹਾ ਦੇ ਮਾਤਾ ਜੀ ਦੇ ਵੀ ਚਰਨ ਪਰਸੇ ਹੋਏ ਹਨ। ਉਨ੍ਹਾਂ ਦੇ ਹੱਥਾਂ ਦਾ ਘੋਟਿਆ ਸਾਗ ਖਾਧਾ ਹੋਇਆ ਹੈ।
ਸ ਸ ਮੀਸ਼ਾ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਭੇਟ ਵਿੱਚ 30 ਅਗਸਤ 1934 ਨੂੰ ਪੈਦਾ ਹੋਏ ਤੇ 22 ਸਤੰਬਰ 1986 ਨੂੰ ਸਦੀਵੀ ਅਲਵਿਦਾ ਕਹਿ ਗਏ। ਉਸ ਦਿਨ ਫ਼ਰੀਦਕੋਟ ਵਿਖੇ ਬਾਬਾ ਫ਼ਰੀਦ ਮੇਲਾ ਸੀ ਕੇ ਉਸ ਦੇ ਕਵੀ ਦਰਬਾਰ ਦੀ ਮੰਚ ਸੰਚਾਲਨਾ ਉਨ੍ਹਾਂ ਕਰਨੀ ਸੀ। ਜਦ ਉਹ ਨਾ ਆਏ ਤਾਂ ਉਨ੍ਹਾਂ ਦੀ ਥਾਂ ਡਾਃ ਰਣਧੀਰ ਸਿੰਘ ਚੰਦ ਨੇ ਕਵੀ ਦਰਬਾਰ ਦਾ ਸੰਚਾਲਨ ਕੀਤਾ। ਗਵਰਨਰ ਸਿਧਾਰਥ ਸ਼ੰਕਰ ਰੇਅ ਨੇ ਇਸ ਸ਼ਾਮ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਜੀ ਨੂੰ ਏਥੇ ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਵੱਲੋਂ ਸਨਮਾਨਿਤ ਕੀਤਾ ਸੀ। ਦੀਪਕ ਜੈਤੋਈ ਸਾਹਿਬ ਬੋਲੇ , ਮੇਰਾ ਸਨਮਾਨ ਕਿੱਥੇ ਹੈ ਸਾਹਿਬ? ਰੱਜਿਆਂ ਨੂੰ ਰਜਾਈ ਜਾਂਦੇ ਓ।
ਸ ਸ ਮੀਸ਼ਾ ਜੀ ਦਾ ਪੂਰਾ ਨਾਮ ਸੋਹਨ ਸਿੰਘ ਮੀਸ਼ਾ ਸੀ। ਗੁਰੂ ਤੇਗ ਬਹਾਦਰ ਨੈਸ਼ਨਲ ਕਾਲਿਜ ਸਠਿਆਲਾ ਚ ਉਨ੍ਹਾਂ ਕੁਝ ਸਮਾਂ ਅੰਗਰੇਜ਼ੀ ਪੜ੍ਹਾਈ। ਫਿਰ ਆਕਾਸ਼ਵਾਣੀ ਜਲੰਧਰ ਚ ਪ੍ਰੋਗ੍ਰਾਮ ਨਿਰਮਾਤਾ ਬਣ ਗਏ।
ਮੇਰੇ ਵਰਗੇ ਅਣਗਿਣਤ ਲੋਕਾਂ ਨੂੰ ਉਨ੍ਹਾਂ ਆਕਾਸ਼ਵਾਣੀ ਤੋਂ ਪੇਸ਼ ਕੀਤਾ।
ਸ ਸ ਮੀਸ਼ਾ ਦੇ ਲੰਬਰੇਟਾ ਸਕੂਟਰ ਤੇ ਬਹਿ ਕੇ ਹੀ 1978 ਚ ਇੰਗਲੈਂਡ ਤੋਂ ਆਏ ਲੇਖਕ ਕੁਲਦੀਪ ਤੱਖਰ ਤੇ ਮੈਂ ਲੋਕ ਗਾਇਕਾ ਬੀਬੀ ਨੂਰਾਂ ਦੇ ਆਬਾਦਪੁਰਾ ਇਲਾਕੇ ਚ ਮਿਲਣ ਗਏ ਸਾਂ।
ਅਸਾਂ ਤਿੰਨਾਂ ਨੇ ਬੀਬੀ ਨੂਰਾਂ ਦੀ ਮੁਲਾਕਾਤ ਰੀਕਾਰਡ ਕੀਤੀ ਸੀ। ਨਿੰਦਰ ਘੁਗਿਆਣਵੀ ਸੰਭਾਲੀ ਬੈਠਾ ਹੈ , ਇਹ ਵਡਮੁੱਲੀ ਵਿਰਾਸਤ।
ਬੜਾ ਪਿਆਰ ਸੀ ਭਾ ਜੀ ਬਰਜਿੰਦਰ ਨਾਲ ਮੀਸ਼ਾ ਜੀ ਦਾ। ਦੁਸ਼ਿਅੰਤ ਕੁਮਾਰ ਦੀ ਹਿੰਦੀ ਗ਼ਜ਼ਲਾਂ ਦੀ ਕਿਤਾਬ ਸਾਏ ਮੇਂ ਧੂਪ ਦਾ ਸੰਪੂਰਨ ਪਾਠ ਮੈਥੋਂ 1976 ਚ ਭਾ ਜੀ ਬਰਜਿੰਦਰ ਦੇ ਵਿਜੈ ਨਗਰ ਜਲੰਧਰ ਵਾਲੇ ਘਰ ਚ ਕਰਵਾਇਆ।
ਬਾਬਾ ਫ਼ਰੀਦ ਮੇਲੇ ਤੇ ਨਾਰਥ ਜ਼ੋਨ ਕਲਚਰਲ ਸੈਂਟਰ ਵੱਲੋਂ 1986 ਚ ਕਵੀ ਦਰਬਾਰ ਦੀ ਸੰਚਾਲਨਾ ਸ ਸ ਮੀਸ਼ਾ ਜੀ ਨੇ ਕਰਨੀ ਸੀ। ਉਹ ਨਾ ਪੁੱਜੇ।
ਉਸੇ ਸਵੇਰ ਕਾਂਜਲੀ ਉਨ੍ਹਾਂ ਨੂੰ ਖਾ ਗਈ।
ਅਗਲੇ ਦਿਨ ਦੇ ਅਖ਼ਬਾਰ ਚ ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਤਲਵੰਡੀ ਭਾਈ ਅੱਡੇ ਤੇ ਪੜ੍ਹੀ।
ਮੀਸ਼ਾ ਜੀ ਨਾਲ ਸਬੰਧਤ ਯਾਦਾਂ ਤਾਂ ਕਿਤਾਬ ਜੋਗੀਆਂ ਹਨ।
ਹਰ ਰੀਕਾਰਡਿੰਗ ਵੇਲੇ ਪਹਿਲਾਂ ਕਵਿਤਾਵਾਂ ਸੁਣਦੇ, ਸੁਧਵਾਉਂਦੇ ਤੇ ਘਰੋਂ ਲਿਆਂਦੀ ਦੁਪਹਿਰ ਦੀ ਰੋਟੀ ਕੂਲ ਰੋਡ ਤੇ ਬਣੇ ਢਾਬੇ ਤੇ ਗਰਮ ਕਰਵਾ ਕੇ ਖੁਆਉਂਦੇ। ਕਈ ਵਾਰ ਉਨ੍ਹਾਂ ਦੇ ਮਾਤਾ ਜੀ ਨੂੰ ਚਰਨ ਬੰਦਨਾ ਕਰਨ ਵੀ ਘਰ ਗਏ।
ਉਨ੍ਹਾਂ ਦੀ ਜੀਵਨ ਸਾਥਣ ਪ੍ਰਿੰ: ਸੁਰਿੰਦਰ ਕੌਰ ਮੀਸ਼ਾ ਕਪੂਰਥਲਾ ਚ ਪ੍ਰਿੰਸੀਪਲ ਸਨ ਉਦੋਂ । ਮੀਸ਼ਾ ਜੀ ਦਾ ਪਹਿਲਾ ਕਾਵਿ ਸੰਗ੍ਰਹਿ ਚੁਰਸਤਾ 1961 ਚ ਛਪਿਆ। ਦਸਤਕ 1966 ਚ, ਧੀਮੇ ਬੋਲ 1972 ਚ ਤੇ ਕੱਚ ਦੇ ਵਸਤਰ 1974 ਚ ਛਪਿਆ। ਹੁਣ ਗੁਲਜ਼ਾਰ ਸਿੰਘ ਸੰਧੂ ਤੇ ਸ ਸ ਮੀਸ਼ਾ ਜੀ ਦੀ ਜੀਵਨ ਸਾਥਣ ਡਾਃ ਸੁਰਿੰਦਰ ਕੌਰ ਮੀਸ਼ਾ ਨੇ ਉਨ੍ਹਾਂ ਦੀ ਸਮੁੱਚੀ ਰਚਨਾ ਲੋਕਗੀਤ ਪ੍ਰਕਾਸ਼ਨ ਤੋਂ ਸੰਪੂਰਨ ਮੀਸ਼ਾ ਕਾਵਿ ਦੇ ਰੂਪ ਵਿੱਚ ਛਾਪੀ ਹੈ। ਉਨ੍ਹਾਂ ਦੀ ਕਾਵਿ ਪੁਸਤਕ “ਕੱਚ ਦੇ ਵਸਤਰ “ਨੂੰ ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਵੀ ਮਿਲਿਆ।
ਉਨ੍ਹਾਂ ਦੇ ਜਾਣ ਮਗਰੋਂ ਉਨ੍ਹਾਂ ਦੀ ਜੀਵਨ ਸਾਥਣ ਤੇ ਸ: ਬਰਜਿੰਦਰ ਸਿੰਘ ਹਮਦਰਦ ਨੇ ਉਨ੍ਹਾਂ ਦੀਆਂ ਕਵਿਤਾਵਾਂ ਦੀ ਕਿਤਾਬ “ਚਪਲ ਚੇਤਨਾ “ਨਾਮ ਹੇਠ ਚੇਤਨਾ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਕਰਵਾਈ।
ਸ ਸ ਮੀਸ਼ਾ ਦੇ ਕੁਝ ਗੀਤ ਗ਼ਜ਼ਲਾਂ
ਜਗਜੀਤ ਸਿੰਘ, ਜਗਜੀਤ ਸਿੰਘ ਜ਼ੀਰਵੀ, ਸਰਬਜੀਤ ਕੋਕੇ ਵਾਲੀ ਤੇ ਕਈ ਹੋਰ ਗਾਇਕਾਂ ਨੇ ਗਾਏ।
ਜਗਜੀਤ ਸਿੰਘ ਨੇ ਨਾਰਥ ਜ਼ੋਨ ਕਲਚਰਲ ਸੈਂਟਰ ਵੱਲੋਂ ਤਿਆਰ ਕੈਸਿਟ ਇੱਛਾਬਲ ਚ
ਅੱਧੀ ਰਾਤ ਪਹਿਰ ਦੇ ਤੜਕੇ।
ਅੱਖਾਂ ਵਿੱਚ ਉਨੀਂਦਾ ਰੜਕੇ।
ਤੇਰੀ ਧੂੜ ਵੀ ਸੁਰਮੇ ਵਰਗੀ,
ਸੱਜਣਾਂ ਦੇ ਪਿੰਡ ਜਾਂਦੀ ਸੜਕੇ।
ਮੂੰਹ ਦੇ ਭਾਰ ਪਿਆ ਹਾਂ ਏਥੇ,
ਆਪਣੀਉਂ ਹੀ ਛਾਂ ਵਿੱਚ ਅੜ ਕੇ।
ਗਾਇਆ।
ਸਰਬਜੀਤ ਨੇ ਗਾਇਆ
ਕੀ ਕਹਿ ਕੇ ਬੁਲਾਵਾਂ ਤੈਨੂੰ
ਵੇ ਤੂੰ ਮੇਰਾ ਕੀਹ ਲੱਗਦਾ।
ਮੀਸ਼ਾ ਜੀ ਦਾ ਖ਼ਿਆਲ ਆਇਆ ਤਾਂ ਮਨ ਦ੍ਰਵਿਤ ਹੋ ਗਿਆ। ਕਿੰਨੇ ਨਾ ਸ਼ੁਕਰੇ ਹਾਂ। ਆਪਣੇ ਹੀ ਵੱਡੇ ਵੀਰ ਨੂੰ ਵਿਸਾਰੀ ਬੈਠੇ ਹਾਂ।
ਮਲੋਟ ਤੋਂ ਕੁਝ ਮਹੀਨੇ ਪਹਿਲਾਂ ਪ੍ਰੋ: ਰਿਸ਼ੀ ਹਿਰਦੇਪਾਲ ਸਿੰਘ ਨੇ ਮੀਸ਼ਾ ਜੀ ਦੀ ਜਗਤ ਪ੍ਰਸਿੱਧ ਕਵਿਤਾ
“ਚੀਕ ਬੁਲਬੁਲੀ “ ਲਿਖ ਭੇਜੀ ਹੈ। ਇਹੀ ਸਬੱਬ ਬਣਿਆ ਯਾਦਹਾਨੀ ਦਾ।
ਚੀਕ ਬੁਲਬੁਲੀ ਤੁਸੀਂ ਵੀ ਪੜ੍ਹੋ।
ਨੰਦੂ ਛੜੇ ਦੀ ਗੱਲ ਚੇਤੇ ਹੈ
ਜਿਸ ਨੂੰ ਪਿੰਡ ਨੇ
ਰੋਜ਼ ਤਕਾਲੀਂ
ਇਕ ਦੋ ਚੀਕਾਂ ਮਾਰਨ ਦੀ ਖੁਲ੍ਹ ਦੇ ਦਿੱਤੀ ਸੀ
ਭਰੀ ਪਰ੍ਹੇ ਵਿਚ ਗਲ ਪੱਲਾ ਪਾ
ਜਦ ਸੀ ਉਸ ਨੇ ਅਰਜ਼ ਗੁਜ਼ਾਰੀ
ਮੇਰੀ ਕੋਈ ਲਾਗ ਡਾਟ ਨਾ
ਮੇਰੀ ਆਪਣੀ ਧੀ ਭੈਣ
ਪਿੰਡ ਦੀ ਹਰ ਨਾਰੀ
ਦਾਰੂ ਪੀ ਕੇ ਚਿੱਤ ਘਾਬਰਦਾ
ਘਾਊਂ ਮਾਊਂ ਹੁੰਦਾ
ਡੱਕ ਨਾ ਹੁੰਦੀ
ਆਈ ਚੀਕ ਹੈ ਜਾਂਦੀ ਮਾਰੀ।
ਮੈਨੂੰ ਬੇਸ਼ਕ
ਦਾਰੂ ਕਦੀ ਕਦਾਈਂ ਲੱਭਦਾ
ਪਰ ਮੈਂ ਏਸ ਬੇਕਿਰਕ ਸ਼ਹਿਰ ਵਿਚ
ਕਿੰਨੇ ਚਿਰ ਤੋਂ ਆਪਣੇ ਅੰਦਰ
ਇਕ ਚੀਕ ਤੇ ਨਾਲ
ਬੁਲਬੁਲੀ ਡੱਕੀ ਫਿਰਦਾਂ
ਚੁੱਪ ਚੁਪੀਤਾ
ਇਕ ਖਲਬਲੀ ਚੱਕੀ ਫਿਰਦਾਂ।
ਕਿੰਨੀ ਵਾਰੀ
ਚੋਣ-ਮੁਹਿੰਮ ਦੇ ਜਲਸੇ ਵਿਚ
ਤਕਰੀਰ ਸੁਣਦਿਆਂ
ਜਨ ਗਨ ਮਨ ਦੀ ਹੈ ਜੈ ਮੇ
ਸੋਗ ਸਭਾ ਦੀ ਚੁੱਪ ਦੇ ਮੌਕੇ
ਚਿੱਤ ਘਾਬਰਿਆ
ਚੀਕ-ਬੁਲਬੁਲੀ
ਮਸਾਂ ਮਸਾਂ ਰੋਕੀ ਹੈ।
ਹਫ਼ਤੇਵਾਰ
ਦਫ਼ਤਰੀ ਮੀਟਿੰਗ ਦੇ ਵਿਚ
ਵਿੰਗ-ਵਲੇਵੇਂ ਖਾਂਦੀ
ਜਦੋਂ ਦਲੀਲ ਮੇਜ਼ ‘ਤੇ ਰੀਂਘਣ ਲੱਗੀ
ਕੱਸ ਕੇ ਰਤਾ ਹੋਰ ਨੈੱਕਟਾਈ
ਮੈਂ ਇਸ ਚੀਕ ਦੇ ਨਾਲ ਬੁਲਬੁਲੀ
ਪਹੁੰਚੀ ਸੰਘ ਦੇ ਕੋਲ ਦਬਾਈ।
ਚੜ੍ਹੇ ਮਹੀਨੇ ਤਲਬ ਦਿਹਾੜੇ
ਬਿੱਲਾਂ ਦਾ ਭੁਗਤਾਨ ਕਰਦਿਆਂ
ਨਿੱਕੀਆਂ ਨਿੱਕੀਆਂ
ਸੌ ਸੱਧਰਾਂ ਦਾ ਘਾਣ ਕਰਦਿਆਂ
ਘੁੱਟ ਸਬਰ ਦੇ ਨਾਲ
ਆਪਣੀ ਹੀ ਰੱਤ ਪੀਤੀ
ਬੱਚੇ ਨੂੰ ਬੂਟਾਂ ਦਾ ਲਾਰਾ
ਹੋਰ ਮਹੀਨਾ ਟਾਲਣ ਵੇਲੇ
ਹਰ ਵਾਰੀ ਮੈਂ
ਦੱਬੀ ਚੀਕ ਮੁਲਤਵੀ ਕੀਤੀ।
ਠੇਕੇ ਦੀ ਕੈਬਿਨ ਵਿਚ
ਠੱਠੇ ਸ਼ੁਗਲੀ ਨਿੰਦਿਆ ਚੁਗਲੀ ਵੇਲੇ
ਤੰਗੀ ਤੁਰਸ਼ੀ ਦਾ ਅਹਿਸਾਸ ਜਾਗਦਾ
ਖਾਰਾ ਬੱਤਾ ਖੋਲ੍ਹਣ ਲਗਿਆਂ
ਲਗਦਾ ਆਪਣਾ ਆਪ ਪਾਟਦਾ।
ਥਾਉਂ ਕੁਥਾਈਂ ਚੀਕ-ਬੁਲਬੁਲੀ
ਪਾਨ ‘ਚ ਜ਼ਰਦੇ ਨਾਲ ਚਬਾਈ
ਨੀਂਦਰ ਗੋਲੀ ਨਾਲ ਸੁਆਦੀ
ਗਦਰਾਏ ਬਦਨਾਂ ਦੀ ਮਹਿਕ ਨਾਲ ਵਰਚਾਈ।
ਪਰ ਹੁਣ
ਹੋਰ ਨਾ ਡੱਕੀ ਰਹਿੰਦੀ
ਹਰ ਦਮ ਜ਼ਬਤ ਨਾਲ ਹੈ ਖਹਿੰਦੀ
ਦਿਨ ਭਰ ਹੋਸ਼ ਭਟਕਦੀ
ਅੰਦਰੋਂ ਪੱਸਲੀਆਂ ਭੰਨਦੀ ਹੈ
ਰਾਤੀਂ ਅੱਖੀਂ ਨੀਂਦ ਨਾ ਪੈਂਦੀ।
ਹੁਣ ਜੀਅ ਕਰਦਾ
ਕੱਲ੍ਹ ਕਚਹਿਰੀ ਲਾਗੇ
ਗਾਂਧੀ ਚੌਂਕ ‘ਚ ਖੜ ਕੇ
ਸਾਰਾ ਗੁੱਭ ਗਲਾਟ ਕਢ ਲਵਾਂ
ਏਨੇ ਚਿਰ ਦੀ ਡੱਕੀ ਹੋਈ
ਖੁੱਲ੍ਹ ਕੇ ਚੀਕ-ਬੁਲਬੁਲੀ ਮਾਰਾਂ
ਮੁਸਕੌਂਦੇ ਗਾਂਧੀ ਦੇ ਬੁੱਤ ਤੋਂ
ਡਾਂਡੀ-ਸਫਰ ਦੀ ਸੋਟੀ ਖੋਹ ਕੇ
ਆਪਣਾ ਹੀ ਸਿਰ ਪਾੜਾਂ
ਲਹੂ ਪਲੱਥਾ
ਬੁੱਤ ਦੇ ਪੈਰੀਂ ਡਿੱਗਾਂ
ਸਾਹ ਛੱਡਣ ਤੋਂ ਪਹਿਲਾਂ
ਇਕ ਦੋ ਵਾਰੀ ਰਾਮ ਪੁਕਾਰਾਂ।