DC ‘ਤੇ SSP ਨੇ ਤੇਲ ਘੱਟ ਵਾਲੇ ਪੈਟ੍ਰੋਲ ਪੰਪਾਂ ਦੀ ਮੰਗ ਲਈ ਡਿਟੇਲ, ਲੋਕਾਂ ਨੂੰ ਦਿੱਤਾ ਭਰੋਸਾ, ਡੀਜਲ ‘ਤੇ ਪੈਟ੍ਰੋਲ ਦੀ ਥੁੜ੍ਹ ਨਹੀਂ ਆਉਣ ਦਿਆਂਗੇ
ਅਸ਼ੋਕ ਵਰਮਾ ਬਠਿੰਡਾ, 2 ਜਨਵਰੀ 2024
ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਪਰੇ ਅਤੇ ਐਸਐਸਪੀ ਹਰਮਨਬੀਰ ਸਿੰਘ ਗਿੱਲ ਵੱਲੋਂ ਦਿੱਤੇ ਦਖਲ ਤੋਂ ਬਾਅਦ ਬਠਿੰਡਾ ਜਿਲ੍ਹੇ ’ਚ ਡੀਜ਼ਲ ਪੈਟਰੋਲ ਦਾ ਮਸਲਾ ਸੁਲਝ ਗਿਆ ਹੈ । ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਜਾ ਰਹੇ ਹਿੱਟ ਐਂਡ ਰਨ ਕਾਨੂੰਨ ਦੇ ਖਿਲਾਫ ਡਰਾਈਵਰਾਂ ਵੱਲੋਂ ਮੁਲਕ ਭਰ ‘ਚ ਕੀਤੀ ਜਾਣ ਵਾਲੀ ਹੜਤਾਲ ਦੇ ਮੱਦੇਨਜ਼ਰ ਅੱਜ ਬਠਿੰਡਾ ਪ੍ਰਸ਼ਾਸ਼ਨ ਦੇ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਨੇ ਬਠਿੰਡਾ ਜ਼ਿਲ੍ਹੇ ਅੰਦਰ ਪੈਟਰੋਲ ਤੇ ਡੀਜ਼ਲ ਦੇ ਬਦਲਵੇਂ ਅਗਾਂਊ ਪ੍ਰਬੰਧਾਂ ਸਬੰਧੀ ਤੇਲ ਕੰਪਨੀਆਂ, ਪੰਪ ਡੀਲਰਾਂ, ਟਰਾਂਸਪੋਰਟਰਾਂ ਤੇ ਡਰਾਈਵਰਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਸੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਹਰ ਤਰ੍ਹਾਂ ਦੀ ਸੰਭਵ ਮੱਦਦ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਜਿੰਨ੍ਹਾਂ ਪੰਪਾਂ ਤੇ ਤੇਲ ਸਭ ਤੋਂ ਘੱਟ ਮਾਤਰਾ ਵਿੱਚ ਹੈ, ਉਨ੍ਹਾਂ ਪੰਪਾਂ ਦੀ ਡਿਟੇਲ ਦਿੱਤੀ ਜਾਵੇ ਤਾਂ ਜੋ ਉਨ੍ਹਾਂ ਪੰਪਾਂ ਤੇ ਸਮੇਂ ਸਿਰ ਤੇਲ ਪਹੁੰਚਾਉਣਾ ਯਕੀਨੀ ਬਣਾਇਆ ਜਾ ਸਕੇ।
ਦੋਵਾਂ ਪ੍ਰਮੁੱਖ ਅਧਿਕਾਰੀਆਂ ਨੇ ਮੀਟਿੰਗ ਮਗਰੋਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਇੱਥੇ ਸਥਿਤ ਵੱਖ-ਵੱਖ ਤੇਲ ਡਿਪੂਆਂ ਤੋਂ ਤੇਲ ਦੇ ਭਰੇ ਟੈਂਕਰ ਪੰਪਾਂ ਲਈ ਰਵਾਨਾ ਕਰ ਦਿੱਤੇ ਗਏ ਹਨ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਜ਼ਿਲ੍ਹੇ ਵਾਸੀਆਂ ਨੂੰ ਪੈਟਰੋਲ ਤੇ ਡੀਜ਼ਲ ਦੀ ਕੋਈ ਵੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਇਸ ਮੌਕੇ ਡਿਪਟੀ ਕਮਿਸ਼ਨਰ ਤੇ ਐਸਐਸਪੀ ਨੇ ਜ਼ਿਲ੍ਹਾ ਵਾਸੀਆਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀ ਲੋੜ ਅਨੁਸਾਰ ਹੀ ਪੰਪਾਂ ਤੋਂ ਪੈਟਰੋਲ ਜਾਂ ਡੀਜ਼ਲ ਆਦਿ ਆਪਣੇ ਵਹੀਕਲਾਂ ਚ ਪਵਾਉਣ। ਉਨ੍ਹਾਂ ਇਹ ਵੀ ਖਾਸ ਅਪੀਲ ਕੀਤੀ ਕਿ ਉਹ ਪੰਪਾਂ ਤੋਂ ਵਾਧੂ ਤੇਲ ਘਰਾਂ ਵਿੱਚ ਸਟੋਰ ਨਾ ਕਰਨ ਕਿਉਂਕਿ ਤੇਲ ਦੀ ਕਿੱਲਤ ਵਾਲੀ ਕੋਈ ਵੀ ਗੱਲ ਨਹੀਂ ਹੈ।
(From which petrol pump is the oil available?)
(Depart for the tanker pumps full of oil from various oil depots)