ਹਰਿੰਦਰ ਨਿੱਕਾ , ਪਟਿਆਲਾ 1 ਜਨਵਰੀ 2024
ਓਹਨੂੰ ਫੋਨ ਕਰ ਕਰਕੇ, ਪਹਿਲਾਂ ਬੁਲਾਇਆ ‘ਤੇ ਫਿਰ ਹਨੀਟ੍ਰੈਪ ਵਿੱਚ ਇੰਝ ਫਸਾਇਆ ਕਿ ਬਲੈਕਮੇਲਿੰਗ ਕਰਦੇ-ਕਰਦੇ ਦੋਸ਼ੀ ਖੁਦ ਹੀ ਕਾਨੂੰਨੀ ਸ਼ਿਕੰਜੇ ਵਿੱਚ ਫਸ ਗਏ। ਘਟਨਾ ਪਾਤੜਾਂ ਸ਼ਹਿਰ ਦੀ ਹੈ। ਪੁਲਿਸ ਨੂੰ ਦਿੱਤੀ ਸ਼ਕਾਇਤ ‘ਚ ਭੁਪਿੰਦਰ ਸਿੰਘ ਵਾਸੀ ਪਿੰਡ ਹਾਮਝੇੜੀ ,ਥਾਣਾ ਪਾਤੜਾ ਨੇ ਦੱਸਿਆ ਕਿ ਕਈ ਦਿਨਾਂ ਤੋਂ ਇੱਕ ਔਰਤ ਮੁਦਈ ਨੂੰ ਵਾਰ ਵਾਰ ਫੋਨ ਕਰਕੇ ਰਿਲੇਸ਼ਨਸ਼ਿਪ ਬਣਾਉਣ ਲਈ ਕਹਿ ਰਹੀ ਸੀ , ਪਰੰਤੂ ਮੁਦਈ ਮਨ੍ਹਾ ਕਰਦਾ ਆ ਰਿਹਾ ਸੀ। ਆਖਿਰ 17 ਦਸੰਬਰ ਨੂੰ ਮੁਦਈ, ਉਸ ਔਰਤ ਦੀਆਂ ਗੱਲਾਂ ਵਿੱਚ ਆ ਕੇ ਵਿਕਟੋਰੀਆ ਸਕੂਲ ਪਾਤੜਾਂ ਪਾਸ ਚਲਾ ਗਿਆ। ਜਦੋਂ ਉਹ ਉੱਥੇ ਪਹੁੰਚਿਆਂ ਤਾਂ ਉਸ ਨੂੰ ਜੋਤੀ ਨਾਮ ਦੀ ਉਹ ਔਰਤ ਮਿਲੀ, ਜਿਹੜੀ ਉਸ ਨੂੰ ਵਾਰ ਵਾਰ ਫੋਨ ਕਰ ਕਰਕੇ ਆਪਣੇ ਕੋਲ ਬੁਲਾ ਰਹੀ ਸੀ। ਜੋਤੀ, ਮੁਦਈ ਨੂੰ ਉੱਥੋਂ ਕਿਸੇ ਘਰ ਵਿੱਚ ਲੈ ਗਈ ਅਤੇ ਮੁਦਈ ਦੇ ਕੱਪੜੇ ਉਤਾਰ ਦਿੱਤੇ । ਪਹਿਲਾਂ ਤੋਂ ਘੜੀ ਸਾਜਿਸ਼ ਤਹਿਤ ਮੌਕਾ ਪਰ ਦੋਸ਼ੀ ਜੋਤੀ ਕੌਰ ਦੇ ਸਹਿਯੋਗੀ ਦੋਸ਼ੀ ਕੁਲਵੰਤ ਸਿੰਘ ਤੇ ਅਭਿਸ਼ੇਕ ਵੀ ਆ ਗਏ । ਜਿਨ੍ਹਾਂ ਨੇ ਮੁਦਈ ਦੀ ਕੁੱਟਮਾਰ ਕੀਤੀ ਅਤੇ ਨਗਨ ਹਾਲਤ ਵਿੱਚ ਮੁਦਈ ‘ਤੇ ਦੋਸ਼ੀ ਜੋਤੀ ਕੌਰ ਦੀ ਵੀਡਿਓ ਬਣਾ ਲਈ । ਉਹ ਦੋਵੇਂ ਜਣੇ ਵੀਡਿਓ ਵਾਇਰਲ ਕਰਨ ਦੀਆਂ ਧਮਕੀਆਂ ਦੇਣ ਲੱਗ ਪਏ। ਆਖਿਰ ਉਨ੍ਹਾਂ ਬਲੈਕਮੇਲਿੰਗ ਕਰਕੇ ਮੁਦਈ ਪਾਸੋਂ 1,30,000 ਰੁਪਏ ਲੈ ਲਏ ਅਤੇ ਹੋਰ ਪੈਸਿਆਂ ਦੀ ਮੰਗ ਵੀ ਕਰਦੇ ਰਹੇ। ਪੁਲਿਸ ਨੇ ਬਾਅਦ ਪੜਤਾਲ ਦੋਸ਼ੀ ਜੋਤੀ ਪਤਨੀ ਹਰਪ੍ਰੀਤ ਸਿੰਘ ਵਾਸੀ ਸੁਨਾਮ ਹਾਲ ਪਾਤੜਾਂ, ਕੁਲਵੰਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਜਾਖਲ ਰੋਡ ਨੇੜੇ ਗਊਸ਼ਾਲਾ ਪਾਤੜਾਂ, ਅਭੀਸ਼ੇਕ ਪੁੱਤਰ ਸੰਤੋਸ਼ ਵਾਸੀ ਪਾਤੜਾਂ, ਹਰਮੇਸ਼ ਸਿੰਘ ਪੁੱਤਰ ਰਾਮ ਚੰਦਰ ਵਾਸੀ ਪਿੰਡ ਹਾਮਝੇੜੀ, ਪਾਤੜਾ ਦੇ ਖਿਲਾਫ ਅਧੀਨ ਜੁਰਮ 323/384/506/120-B IPC ਤਹਿਤ ਥਾਣਾ ਪਾਤੜਾਂ ਵਿਖੇ ਕੇਸ ਦਰਜ ਕਰਕੇ,ਮਾਮਲੇ ਦੀ ਪੜਤਾਲ ਤੇ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ।