ਗਗਨ ਹਰਗੁਣ , ਬਰਨਾਲਾ 18 ਦਸੰਬਰ 2023
ਜਿਲੇ ਦੇ ਥਾਣਾ ਭਦੌੜ ਪੁਲਿਸ ਦੀ ਪੁਲਿਸ ਨੇ ਸ਼ਹਿਰ ਅੰਦਰ ਤੇਜਧਾਰ ਹਥਿਆਰਾਂ ਨਾਲ ਗੁੰਡਾਗਰਦੀ ਕਰਨ ਆਏ 14\15 ਨੌਜਵਾਨਾ ’ਚੋਂ 11 ਨੂੰ ਹਥਿਆਰਾਂ ਸਣੇ ਗਿਰਫਤਾਰ ਕਰ ਲਿਆ । ਥਾਣਾ ਭਦੌੜ ਦੇ ਐੱਸ.ਐੱਚ.ਓ ਜਗਦੇਵ ਸਿੰਘ ਸਿੱਧੂ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਦੁਪਿਹਰ ਕਰੀਬ 11 ਵਜੇ ,ਉਨ੍ਹਾਂ ਨੂੰ ਸੂਚਨਾ ਮਿਲੀ ਕਿ ਦੀਪਗੜ ਤੋਂ ਰਾਮਗੜ ਰੋਡ ’ਤੇ 4-5 ਲੜਕੇ ਜਿਨ੍ਹਾਂ ’ਚ ਸੋਮਾ ਸਿੰਘ, ਮੰਗਾ ਸਿੰਘ , ਇਕ ਹੋਰ ਲੜਕੇ ਗੁਰਦੀਪ ਸਿੰਘ ਨੂੰ ਘੇਰ ਕੇ , ਉਸ ਦੀ ਕੁੱਟਮਾਰ ਕਰ ਰਹੇ ਹਨ । ਸੂਚਨਾ ਮਿਲਦਿਆਂ ਹੀ ਉਹ ਪੁਲਿਸ ਪਾਰਟੀ ਸਣੇ ਘਟਨਾ ਸਥਾਨ ’ਤੇ ਪਹੁੰਚੇ। ਜਿਥੇ ਕੁੱਟਮਾਰ ਕਰਨ ਵਾਲੇ ਲੜਕੇ ਇਨੋਵਾ ਗੱਡੀ ਲੈ ਕੇ ਫਰਾਰ ਹੋ ਗਏ। ਜਖਮੀ ਗੁਰਦੀਪ ਸਿੰਘ ਪੁੱਤਰ ਹਰਚੰਦ ਸਿੰਘ ਵਾਸੀ ਦੌਧਰ ,ਜਿਲਾ ਮੋਗਾ ਦੇ ਮਾਪਿਆਂ ਨੂੰ ਬੁਲਾ ਕੇ ਸਿਵਲ ਹਸਪਤਾਲ ਭਦੌੜ ਵਿਖੇ ਦਾਖਲ ਕਰਵਾਇਆ ਗਿਆ।
ਜੇਰ ਏ ਇਲਾਜ ਗੁਰਦੀਪ ਸਿੰਘ ਦਾ ਹਾਲ ਚਾਲ ਜਾਨਣ ਲਈ ਪਿੰਡ ਦੌਧਰ ਤੋਂ 14-15 ਲੜਕੇ ਮੋਟਰਸਾਇਕਲਾਂ ’ਤੇ ਤੇਜਧਾਰ ਹਥਿਆਰ ਗੰਡਾਸੇ, ਕ੍ਰਿਪਾਨਾਂ, ਡਾਗਾਂ, ਲੋਹੇ ਦੀਆਂ ਰਾਡਾਂ ਨਾਲ ਲੈਸ ਹੋ ਕੇ ਸਿਵਲ ਹਸਪਤਾਲ ਭਦੌੜ ਵਿਖੇ ਆਏ । ਉਨਾਂ ਪੁੱਛਿਆ ਕਿ ਜਿਹੜੇ ਨੌਜਵਾਨਾਂ ਨੇ ਗੁਰਦੀਪ ਸਿੰਘ ਦੀ ਕੁੱਟਮਾਰ ਕੀਤੀ ਹੈ ਉਨਾਂ ਦਾ ਘਰਬਾਰ ਕਿੱਥੇ ਹੈ ।
ਪੁਲਿਸ ਪਾਰਟੀ ਨਾਲ ਸਿਵਲ ਹਸਪਤਾਲ ਪੁੱਜ ਕੇ ਚਾਰੇ ਪਾਸੇ ਘੇਰਾ ਪਾ ਕੇ ਤੇਜਧਾਰ ਹਥਿਆਰਾਂ ਸਮੇਤ 11 ਲੜਕਿਆਂ ਸਾਗਰਪ੍ਰੀਤ ਸਿੰਘ ਪੁੱਤਰ ਰਾਜਾ ਸਿੰਘ ਵਾਸੀ ਧਰਮਕੋਟ, ਬਲਕਰਨ ਸਿੰਘ ਪੁੱਤਰ ਕਾਲਾ ਸਿੰਘ ਵਾਸੀ ਦੌਧਰ, ਬਲਕਰਨ ਸਿੰਘ ਪੁੱਤਰ ਜਲੌਰ ਸਿੰਘ, ਰਮਨਦੀਪ ਸਿੰਘ ਪੁੱਤਰ ਹਾਕਮ ਸਿੰਘ, ਦਵਿੰਦਰ ਸਿੰਘ ਪੁੱਤਰ ਭੋਲਾ ਸਿੰਘ, ਵਰਿੰਦਰ ਸਿੰਘ ਪੁੱਤਰ ਕੁਲਬੀਰ ਸਿੰਘ, ਕੁਲਜੀਤ ਸਿੰਘ ਪੁੱਤਰ ਛਿੰਦਰ ਸਿੰਘ, ਗੁਰਸੇਵਕ ਸਿੰਘ ਪੁੱਤਰ ਹਰਨੇਕ ਸਿੰਘ, ਗੁਰਮੁੱਖ ਸਿੰਘ ਪੁੱਤਰ ਜਗਦੀਸ਼ ਸਿੰਘ, ਲਭਪ੍ਰੀਤ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਅਤੇ ਸਿਮਰਨ ਸਿੰਘ ਪੁੱਤਰ ਕਾਲਾ ਸਿੰਘ ਸਾਰੇ ਵਾਸੀ ਦੌਧਰ ਨੂੰ ਕਾਬੂ ਕਰ ਲਿਆ ਹੈ । ਐਸਐਚਓ ਨੇ ਦੱਸਿਆ ਕਿ ਦੋਸ਼ੀਆਂ ਖਿਲਾਫ ਕੇਸ ਦਰਜ ਕਰਕੇ, ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਦੋਸ਼ੀਆਂ ਨੂੰ ਭਲ੍ਹਕੇ ਮੰਗਲਵਾਰ ਨੂੰ ਉੱਪ ਮੰਡਲ ਮਜਿਸਟਰੇਟ ਦੀ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।