ਅਸ਼ੋਕ ਵਰਮਾ, ਬਠਿੰਡਾ ,2 ਦਸੰਬਰ 2023
ਵਾਰਸ ਪੰਜਾਬ ਦੇ ਦੇ ਮੁਖੀ ਅਤੇ ਅਸਾਮ ਦੇ ਡਿਬਰੂਗੜ ਜੇਲ੍ਹ ’ਚ ਨਜ਼ਰਬੰਦ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਸਮੇਤ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਂ ਤਖ਼ਤ ਸਾਹਿਬਾਨ ’ਤੇ ਕੀਤੀ ਜਾ ਰਹੀ ਅਰਦਾਸ ਸਮਾਗਮਾਂ ਦੇ ਤਹਿਤ ਤੀਜੇ ਪੜਾਅ ਦਾ ਅਰਦਾਸ ਸਮਾਗਮ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਮਿਤੀ 3 ਦਸੰਬਰ 2023 ਨੂੰ ਸਵੇਰੇ 10:00 ਵਜੇ ਹੋਵੇਗਾ।
ਇਸ ਬਾਰੇ ਜਾਣਕਾਰੀ ਦਿੰਦਿਆਂ ਅੰਮ੍ਰਿਤਪਾਲ ਸਿੰਘ ਦੀ ਮਾਤਾ ਸ੍ਰੀਮਤੀ ਬਲਵਿੰਦਰ ਕੌਰ ਨੇ ਦੱਸਿਆ ਕਿ ਇਸ ਦਿਨ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਭਾਈ ਬੀਰ ਸਿੰਘ ਭਾਈ ਧੀਰ ਸਿੰਘ ਦੇ ਅਸਥਾਨ ’ਤੇ 9 ਵਜੇ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਜਾਵੇਗਾ, ਉਪਰੰਤ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਨਮੁਖ ਅਰਦਾਸ ਸਮਾਗਮ ਕੀਤਾ ਜਾਵੇਗਾ। ਉਨ੍ਹਾਂ ਸਮੂਹ ਸੰਗਤ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਨਜ਼ਰਬੰਦ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਬੰਦੀ ਸਿੰਘਾਂ ਦੇ ਪਰਿਵਾਰਾਂ, ਹਜ਼ਾਰਾਂ ਅਨੇਕਾਂ ਨੌਜਵਾਨ ਅਤੇ ਸੰਗਤ ਵੱਲੋਂ ਅਰਦਾਸ ਸਮਾਗਮ ਕੀਤੇ ਜਾ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਸਮੇਤ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਤੋਂ ਇਲਾਵਾ ਨੌਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢ ਕੇ ਖੰਡੇ ਬਾਟੇ ਦੀ ਪਾਹੁਲ ਛਕਾਉਂਦਿਆਂ ਕੌਮੀ ਨਿਸ਼ਾਨੇ ਦੀ ਪ੍ਰਾਪਤੀ ਦੇ ਪਵਿੱਤਰ ਕਾਰਜ ਵਿੱਚ ਸ਼ਾਮਿਲ ਕਰਨ ਪ੍ਰੇਰਿਆ ਜਾਵੇਗਾ। ਨਸ਼ਿਆਂ ਨੂੰ ਸਦੀਵੀ ਤੌਰ ਤੇ ਪੰਜਾਬ ਦੀ ਧਰਤੀ ਤੋਂ ਖ਼ਤਮ ਕਰਨ ਲਈ ਕਲਗ਼ੀਧਰ ਪਾਤਸ਼ਾਹ ਦੀ ਬਖ਼ਸ਼ੀ ਜੋ ਖੰਡੇ ਬਾਟੇ ਦੀ ਪਾਹੁਲ ਹੀ ਇਕ ਆਸਰਾ ਹੈ। ਉਨ੍ਹਾਂ ਕਿਹਾ ਕਿਅੰਮ੍ਰਿਤਪਾਲ ਸਿੰਘ ਵੱਲੋਂ ਖ਼ਾਲਸਾ ਵਹੀਰ ਸ਼ੁਰੂ ਕਰਦਿਆਂ ਨੌਜਵਾਨਾਂ ਨੂੰ ਅੰਮ੍ਰਿਤ ਛਕਾਇਆ ਜਾ ਰਿਹਾ ਸੀ , ਜਿਸ ਨਾਲ ਨੌਜਵਾਨੀ ਨਸ਼ਿਆਂ ਦਾ ਤਿਆਗ ਕਰਕੇ ਆਪਣੇ ਕੌਮੀ ਨਿਸ਼ਾਨੇ ਪ੍ਰਤੀ ਜਾਗਰੂਕ ਹੋ ਰਹੀ ਸੀ, ਉਸ ਨੂੰ ਰੋਕਣ ਲਈ ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀ ਸਿੰਘਾਂ ਵਿਰੁੱਧ ਝੂਠ ਦਾ ਜਾਲ ਹਕੂਮਤਾਂ ਵੱਲੋਂ ਬੁਣਿਆ ਤੇ ਉਹਨਾਂ ਨੂੰ ਵੱਖ-ਵੱਖ ਜੇਲ੍ਹਾਂ ਵਿੱਚ ਨਜ਼ਰਬੰਦ ਕੀਤਾ ਹੋਇਆ ਹੈ।
ਮਾਤਾ ਬਲਵਿੰਦਰ ਕੌਰ ਨੇ ਕਿਹਾ ਕਿ ਜ਼ਾਲਮ ਹਕੂਮਤ ਦੀ ਹਾਰ ਏਸੇ ਵਿੱਚ ਹੈ ਕਿ ਨੌਜਵਾਨ ਨਸ਼ੇ ਛੱਡ ਕੇ ਖੰਡੇ ਬਾਟੇ ਦੀ ਪਾਹੁਲ ਛਕਣ ਅਤੇ ਭਾਈ ਅੰਮ੍ਰਿਤਪਾਲ ਸਿੰਘ ਤੇ ਸਮੂਹ ਬੰਦੀ ਸਿੰਘਾਂ ਦੀ ਬੰਦ ਖ਼ਲਾਸੀ ਹੋਵੇ ਤੇ ਖ਼ਾਲਸਾ ਵਹੀਰ ਪੰਜਾਬ ਦੀ ਧਰਤੀ ਤੇ ਦੁਬਾਰਾ ਅਰੰਭ ਹੋਵੇ। ਇਹ ਸਭ ਸੰਗਤ ਦੀ ਅਰਦਾਸ ਨਾਲ ਹੀ ਸੰਭਵ ਹੋ ਸਕਦਾ ਹੈ। ਇਸ ਲਈ ਝੂਠੀਆਂ ਹਕੂਮਤਾਂ ਅਤੇ ਸਿਆਸੀ ਲੀਡਰਾਂ ਕੋਲੋਂ ਮੰਗ ਕਰਨ ਦੀ ਬਜਾਏ ਅਸੀਂ ਪੰਜ ਤਖ਼ਤ ਸਾਹਿਬਾਨਾਂ ’ਤੇ ਜਾ ਕੇ ਸੰਗਤੀ ਰੂਪ ਵਿੱਚ ਅਰਦਾਸ ਕਰਨ ਦਾ ਪ੍ਰੋਗਰਾਮ ਉਲੀਕਿਆ ਹੈ।