ਹਰਿੰਦਰ ਨਿੱਕਾ , ਬਰਨਾਲਾ 30 ਨਵੰਬਰ 2023
ਬਠਿੰਡਾ ਤੋਂ ਬਰਨਾਲਾ ਬੱਸ ਅੱਡੇ ਵੱਲ ਜਾ ਰਹੀ ਪ੍ਰਾਈਵੇਟ ਕੰਪਨੀ ਦੀ ਬੱਸ ਨੂੰ ਅਚਾਨਕ ਲੱਗੀ ਭਿਆਨਕ ਅੱਗ ਕਾਰਣ, ਯਾਤਰੀਆਂ ਨੇ ਬੱਸ ‘ਚੋਂ ਛਾਲਾਂ ਮਾਰ- ਮਾਰ ਕੇ ਆਪਣੀਆਂ ਜਾਨਾਂ ਬਚਾਈਆਂ। ਬੇਸ਼ੱਕ ਅੱਗ ਦੇਖਦੇ ਹੀ ਦੇਖਦੇ ਅੱਗ ਦੀਆਂ ਲਪਟਾਂ ਵਿੱਚ ਫਿਰ ਗਈ,ਪਰੰਤੂ ਕੋਈ ਜਾਨਾ ਨੁਕਸਾਨ ਹੋਣ ਤੋਂ ਬਚਾਅ ਰਹਿ ਗਿਆ। ਬੱਸ ਸਵਾਰ ਯਾਤਰੀਆਂ ਦੀਆਂ ਚੀਖਾਂ ਸੁਣ ਕੇ ਆਸ ਪਾਸ ਦੇ ਲੋਕ ਵੱਡੀ ਗਿਣਤੀ ਵਿੱਚ ਘਟਨਾ ਵਾਲੀ ਥਾਂ ਤੇ ਜਮ੍ਹਾ ਹੋ ਕੇ ਬਚਾਅ ਕੰਮ ਵਿੱਚ ਲੱਗ ਗਏ। ਸੂਚਨਾ ਮਿਲਦਿਆਂ ਹੀ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ ਲਈ ਪਹੁੰਚ ਗਈਆਂ। ਜਿੰਨ੍ਹਾਂ ਨੇ ਕਾਫੀ ਮੁਸ਼ਕਤ ਕਰਕੇ,ਬੱਸ ਨੂੰ ਲੱਗੀ ਅੱਗ ਤੇ ਕਾਬੂ ਪਾਇਆ। ਦੁਖਦਾਈ ਗੱਲ ਇਹ ਵੀ ਸਾਹਮਣੇ ਆਈ ਕਿ ਅੱਗ ਬੁਝਾਉਣ ਲਈ ਜਾ ਰਹੀ , ਅੱਗ ਬੁਝਾਊ ਇੱਕ ਛੋਟੀ ਗੱਡੀ ਵੀ, ਮੌਕਾ ਪਹੁੰਚਣ ਤੋਂ ਪਹਿਲਾਂ ਹੀ ਤਕਨੀਕੀ ਖਰਾਬੀ ਕਾਰਣ, ਸੜਕ ਤੇ ਹੀ ਖਾਲੀ ਹੋ ਗਈ। ਡਰ ਨਾਲ ਸਹਿਮੀਆਂ ਬੱਸ ਦੀਆਂ ਸਵਾਰੀਆਂ ਨੇ ਦੱਸਿਆ ਕਿ ਤਰਕਸ਼ੀਲ ਚੌਂਕ ਤੋਂ ਜਦੋਂ ਬੱਸ ,ਬੀਬੀ ਪ੍ਰਧਾਨ ਕੌਰ ਦੇ ਗੁਰੂਦੁਆਰਾ ਸਾਹਿਬ ਤੋਂ ਥੌੜਾ ਅੱਗੇ ਵਿਰਕ ਕੰਪਲੈਕਸ ਕੋਲ ਪਹੁੰਚੀ ਤਾਂ ਬੱਸ ਵਿੱਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ। ਸਵਾਰੀਆਂ ਨੇ ਇੱਕ ਦੂਜੇ ਤੋਂ ਪਹਿਲਾਂ ਉਤਰਨ ਲਈ ਇੱਕ ਦੂਜੇ ਨੂੰ ਧੱਕਾ ਮੁੱਕੀ ਸ਼ੁਰੂ ਕਰ ਦਿੱਤੀ। ਕਾਫੀ ਸਵਾਰੀਆਂ ਤਾਕੀਆਂ ਵਿੱਚੋਂ ਛਾਲਾਂ ਮਾਰ ਕੇ ਬਾਹਰ ਨਿਕਲੀਆਂ। ਭਗਦੜ ਕਾਰਣ, ਕੁੱਝ ਸਵਾਰੀਆਂ ਦੇ ਮਾਮੂਲੀ ਸੱਟਾਂ ਵੀ ਲੱਗੀਆਂ। ਪੁਲਿਸ ਚੌਂਕੀ ਬੱਸ ਸਟੈਂਡ ਬਰਨਾਲਾ ਦੇ ਇੰਚਾਰਜ ਚਰਨਜੀਤ ਸਿੰਘ ਨੇ ਦੱਸਿਆ ਕਿ ਬੱਸ ਦੀਆਂ ਸਾਰੀਆਂ ਸਵਾਰੀਆਂ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ ਗਿਆ ਹੈ। ਹਾਲੇ ਤੱਕ ਬੱਸ ਨੂੰ ਅੱਗ ਲੱਗਣ ਦੇ ਕਾਰਣਾਂ ਦਾ ਪਤਾ ਨਹੀਂ ਲੱਗ ਸਕਿਆ। ਪ੍ਰਸ਼ਾਸ਼ਨ ਦੀ ਪਹਿਲ ਸਵਾਰੀਆਂ ਨੂੰ ਸੁਰੱਖਿਅਤ ਬਾਹਰ ਕੱਢਣਾ ਅਤੇ ਲੱਗੀ ਹੋਈ ਅੱਗ ਤੇ ਕਾਬੂ ਪਾਉਣਾ ਸੀ। ਅੱਗ ਕਿਵੇਂ ਲੱਗੀ, ਇਸ ਦੇ ਕਾਰਣਾਂ ਲਈ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ।