ਬਿੱਟੂ ਜਲਾਲਾਬਾਦੀ, ਫਾਜਿਲਕਾ 26 ਨਵੰਬਰ 2023
ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਜ਼ਿਲ੍ਹ ਫਾਜ਼ਿਲਕਾ ਵਿੱਚ ਨਸ਼ਿਆਂ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਦੇ ਤਹਿਤ ਮਿਤੀ 26 ਨਵੰਬਰ 2023 ਨੂੰ ਸ੍ਰੀ ਹਨੂੰਮਾਨ ਮੰਦਿਰ ਫਾਜ਼ਿਲਕਾ ਵਿਖੇ ਸਿਹਤ ਵਿਭਾਗ ਫਾਜਿਲਕਾ, ਫਾਜ਼ਿਲਕਾ ਪੁਲਿਸ ਅਤੇ ਬੀ.ਐਸ.ਐਫ ਵੱਲੋਂ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨ ਲਈ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਦੌਰਾਨ ਡਾਕਟਰਾਂ ਦੀ ਟੀਮ ਵੱਲੋਂ ਲੋਕਾਂ ਦਾ ਮੁਫਤ ਮੈਡੀਕਲ ਚੈਕਅਪ ਕੀਤਾ ਗਿਆ ਅਤੇ ਲੋਕਾਂ ਨੂੰ ਮੁਫਤ ਦਵਾਈਆਂ ਵੰਡੀਆਂ ਗਈਆਂ।
ਇਸ ਕੈਂਪ ਦੌਰਾਨ ਡਾ. ਸੇਨੂੰ ਦੁੱਗਲ ਆਈ.ਏ.ਐਸ, ਡਿਪਟੀ ਕਮਿਸ਼ਨਰ ਫਾਜਿਲਕਾ, ਸ੍ਰੀ ਅਰੁਣ ਵਰਮਾ ਕਮਾਂਡੈਂਟ 66 ਬਟਾਲੀਅਨ ਬੀ.ਐਸ.ਐਫ ਅਤੇ ਸ੍ਰੀ ਅਤੁਲ ਸੋਨੀ ਡੀ.ਐਸ.ਪੀ ਪੀ.ਬੀ.ਆਈ ਫਾਜਿਲਕਾ ਵੱਲੋਂ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਸੁਚੇਤ ਕੀਤਾ ਗਿਆ ਅਤੇ ਉਹਨਾਂ ਨੂੰ ਨਸ਼ੇ ਦੀ ਵਰਤੋਂ ਕਰਨ ਤੇ ਹੋਣ ਵਾਲੇ ਨੁਕਸਾਨ ਬਾਰੇ ਵਿਸਥਾਰ ਨਾਲ ਦੱਸਿਆ ਗਿਆ। ਇਸ ਦੌਰਾਨ ਫਾਜਿਲਕਾ ਪੁਲਿਸ ਵੱਲੋਂ ਲੋਕਾਂ ਨੂੰ ਫਿਲਮਾਂ ਅਤੇ ਗੀਤਾਂ ਰਾਹੀਂ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਸੁਚੇਤ ਕੀਤਾ ਗਿਆ।
ਸ੍ਰੀ ਅਤੁਲ ਸੋਨੀ ਡੀ.ਐਸ.ਪੀ. ਪੀ.ਬੀ.ਆਈ ਫਾਜ਼ਿਲਕਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ੇ ਦਾ ਧੰਦਾ ਕਰਨ ਵਾਲਿਆਂ ਦੀ ਜਾਣਕਾਰੀ ਫਾਜ਼ਿਲਕਾ ਪੁਲਿਸ ਦੇ ਵਟਸਐਪ ਨੰਬਰ 86993-91844 ਤੇ ਦੇਣ, ਜਾਣਕਾਰੀ ਦੇਣ ਵਾਲੇ ਦਾ ਨਾਮ ਅਤੇ ਪਤਾ ਪੂਰਨ ਤੌਰ ਤੇ ਗੁਪਤ ਰੱਖਿਆ ਜਾਵੇਗਾ। ਜੇਕਰ ਕੋਈ ਨਸ਼ੇ ਦੀ ਦਲਦਲ ਵਿੱਚੋਂ ਨਿਕਲਣਾ ਚਾਹੁੰਦਾ ਹੈ ਤਾਂ ਉਸਦੀ ਹਰ ਪ੍ਰਕਾਰ ਦੀ ਮਦਦ ਕੀਤੀ ਜਾਵੇਗੀ।