ਬਿੱਟੂ ਜਲਾਲਾਬਾਦੀ, ਫਾਜ਼ਿਲਕਾ 25 ਨਵੰਬਰ 2023
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਿਦਿਆਰਥੀਆਂ ਨੂੰ ਪੜ੍ਹਾਈ ਪੱਖੋਂ ਹਰ ਤਰ੍ਹਾਂ ਦੀਆਂ ਸੰਭਵ ਸਹੂਲਤਾਂ ਦੇਣ ਲਈ ਸਿਰਤੋੜ ਯਤਨ ਕਰ ਰਹੀ ਹੈ। ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਇੱਕ ਨਵੀਂ ਦਿੱਖ ਦੇਣ ਵਿੱਚ ਲੱਗੇ ਹੋਏ ਹਨ ਤਾਂ ਜੋ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਦੇ ਮੁਕਾਬਾਲੇ ਜਿੱਥੇ ਸਿੱਖਿਆ ਪੱਖੋਂ ਅੱਗੇ ਵਧਣ ਉੱਥੇ ਹੀ ਹੋਰ ਲੋਂੜੀਦੀਆਂ ਸਹੂਲਤਾਂ ਪੱਖੋਂ ਵੀ ਮੋਢੀ ਬਣਨ। ਪੰਜਾਬ ਸਰਕਾਰ ਵੱਲੋਂ ਇੱਕ ਹੋਰ ਨਵੀਂ ਪਹਿਲਕਦਮੀ ਕਰਦਿਆਂ ਫਾਜ਼ਿਲਕਾ ਦੇ ਸਰਕਾਰੀ ਐਮੀਨੈਂਸ ਸੀਨੀਅਰ ਸੈਕੰਡਰੀ ਸਕੂਲ ਲੜਕੇ ਫਾਜ਼ਿਲਕਾ ਨੂੰ 2 ਵੈਨਾਂ ਦਿੱਤੀਆਂ ਗਈਆਂ। ਜਿਨ੍ਹਾਂ ਨੂੰ ਸ਼ਨੀਵਾਰ ਨੂੰ ਫਾਜ਼ਿਲਕਾ ਦੇ ਵਿਧਾਇਕ ਸ੍ਰੀ. ਨਰਿੰਦਰਪਾਲ ਸਿੰਘ ਸਵਨਾ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।
ਇਸ ਮੌਕੇ ਬੋਲਦਿਆਂ ਵਿਧਾਇਕ ਸ੍ਰੀ. ਨਰਿੰਦਰਪਾਲ ਸਿੰਘ ਸਵਨਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਨੂੰ ਪਹਿਲ ਦਿੱਤੀ ਜਾ ਰਹੀ ਹੈ ਜਿਸ ਦੇ ਤਹਿਤ ਸੂਬੇ ਦੇ ਸਕੂਲਾਂ ਨੂੰ ਸਕੂਲ ਆਫ ਐਮੀਨੈਂਸ ਦੀ ਸੂਚੀ ਵਿੱਚ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਫਾਜ਼ਿਲਕਾ ਦੇ ਸਰਕਾਰੀ ਐਮੀਨੈਂਸ ਸੀਨੀਅਰ ਸੈਕੰਡਰੀ ਸਕੂਲ ਲੜਕੇ ਨੂੰ ਜੋ ਇਹ ਵੈਨਾਂ ਦਿੱਤੀਆਂ ਗਈਆਂ ਹਨ, ਇਨ੍ਹਾਂ ਵੈਨਾਂ ਨਾਲ ਵਿਦਿਆਰਥੀਆਂ ਨੂੰ ਘਰ ਤੋਂ ਸਕੂਲ ਲਿਆਂਦਾ ਜਾਵੇਗਾ ਅਤੇ ਬਾਅਦ ਵਿੱਚ ਘਰ ਛੱਡਿਆ ਜਾਵੇਗਾ ਤੇ ਇਹ ਵੈਨਾਂ ਵਿਦਿਆਰਥੀਆਂ ਲਈ ਸਰਕਾਰ ਵੱਲੋਂ ਬਿਲਕੁਲ ਮੁਫਤ ਚਲਾਈਆਂ ਗਈਆਂ ਹਨ।
ਵਿਧਾਇਕ ਸਵਨਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਵਿਕਾਸ ਦੇ ਨਾਲ ਨੌਜਵਾਨਾਂ ਦਾ ਸੁਨਹਿਰੀ ਭਵਿੱਖ ਸਿਰਜਣ ਲਈ ਸਿਰਤੋੜ ਯਤਨ ਕਰ ਰਹੀ ਹੈ। ਇਸੇ ਤਹਿਤ ਹੀ ਖੇਡਾਂ ਵਤਨ ਪੰਜਾਬ ਦੀਆਂ ਵੀ ਚਲਾਈਆਂ ਗਈਆਂ ਤਾਂ ਜੋ ਨੌਜਵਾਨ ਵਿਦਿਆਰਥੀਆਂ ਖੇਡਾਂ ਨਾਲ ਜੁੜਨ ਅਤੇ ਨਸ਼ਿਆਂ ਤੋਂ ਦੂਰ ਰਹਿਣ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਿਹਤ ਤੰਦਰੁਸਤੀ ਨੂੰ ਮੱਦੇਨਜ਼਼ਰ ਰੱਖਦੇ ਹੀ ਸਰਕਾਰ ਵੱਲੋਂ ਅਨੇਕਾਂ ਹੀ ਆਮ ਆਦਮੀ ਕਲੀਨਕ ਲੋਕਾਂ ਦੇ ਘਰਾਂ ਦੇ ਨੇੜੇ ਖੋਲ੍ਹੇ ਗਏ ਹਨ। ਇਸ ਮੌਕੇ ਸਕੂਲ ਦਾ ਪ੍ਰਿੰਸੀਪਲ ਵੀ ਹਾਜ਼ਰ ਸੀ।