ਅੱਖੀ ਤੱਕਿਆ ਸੜ੍ਹਕ ਹਾਦਸਾ , ਔਰਤ ਦੀ ਹਾਲਤ ਗੰਭੀਰ, ਹਸਪਤਾਲ ਭਰਤੀ
ਹਰਿੰਦਰ ਨਿੱਕਾ ਬਰਨਾਲਾ 16 ਜੂਨ 2020
ਦਿਨ ਸੋਮਵਾਰ, ਸਮਾਂ ਕਰੀਬ 12 ਵਜੇ ਦੁਪਿਹਰ ਦਾ ਹੋਵੇਗਾ, ਸੁਖਪਾਲ ਤੇ ਉਸ ਦਾ ਪਤੀ, ਮੋਟਰ ਸਾਈਕਲ ਤੇ ਸਵਾਰ ਹੋ ਕੇ ਆਪਣੇ ਪਿੰਡ ਪੱਖੋ ਕਲਾਂ ਤੋਂ ਬਰਨਾਲਾ ਵੱਲ ਜਾ ਰਹੇ ਸੀ। ਜਿਵੇਂ ਹੀ ਉਹ ਸਟੈਂਡਰਡ ਚੌਂਕ ਤੋਂ ਥੋੜ੍ਹਾ ਜਿਹਾ ਅੱਗੇ ਰਾਧਾ ਸੁਆਮੀ ਸਤਸੰਗ ਭਵਨ ਕੋਲ ਪਹੁੰਚੇ ਤਾਂ ਸਾਹਮਣੇ ਵਾਲੇ ਪਾਸਿਉਂ ਆ ਰਿਹਾ ਦੂਸਰਾ ਮੋਟਰ ਸਾਇਕਲ ਵਾਲਾ ਉਲਟ ਦਿਸ਼ਾ ਚ, ਆ ਕੇ ਸੁਖਪਾਲ ਹੋਰਾਂ ਦੇ ਮੋਟਰ ਸਾਈਕਲ ਨਾਲ ਟਕਰਾ ਗਿਆ। ਦੋਵੇ ਮੋਟਰ ਸਾਈਕਲ ਸੜ੍ਹਕ ਤੇ ਧੜੱਮ ਕਰਕੇ ਡਿੱਗ ਪਏ। ਇੱਕ ਮੋਟਰ ਸਾਈਕਲ ਤੇ ਸਵਾਰ ਹੋ ਕੇ ਆਪਣੇ ਪਤੀ ਨੂੰ ਪਿੱਛੇ ਤੋਂ ਜੱਫੀ ਪਾਈ ਬੈਠੀ ਸੁਖਪਾਲ ਤੇ ਉਸ ਦਾ ਪਤੀ ਵੇਖਦਿਆਂ ਹੀ ਵੇਖਦਿਆਂ ਵੱਖ ਵੱਖ ਥਾਂ ਤੇ ਡਿੱਗ ਪਏ। ਦੂਜੇ ਮੋਟਰ ਸਾਈਕਲ ਵਾਲਾ ਵੀ ਸੜ੍ਹਕ ਤੇ ਡਿੱਗਿਆ, ਪਰ ਮੋਟਰ ਸਾਈਕਲ ਛੱਡ ਕੇ ਉਹ ਕਦੋਂ ਕਿੱਥੇ ਚਲਾ ਗਿਆ, ਹਾਦਸੀ ਵਾਲੀ ਜਗ੍ਹਾ ਤੇ ਜਮਾਂ ਹੋਏ ਲੋਕਾਂ ਨੂੰ ਕੁਝ ਪਤਾ ਹੀ ਨਹੀਂ ਲੱਗਿਆ। ਡਿੱਗਣ ਨਾਲ ਸੁਖਪਾਲ ਦਾ ਸਿਰ ਸੜ੍ਹਕ ਤੇ ਵੱਜਣ ਕਾਰਣ ਉਹ ਬੇਹੋਸ਼ ਹੋ ਗਈ, ਬੇਸੁੱਧ ਹੋਈ ਸੁਖਪਾਲ ਸੜ੍ਹਕ ਤੇ ਸਪਾਟ ਪਈ ਰਹੀ। ਡੌਰ ਭੋਰ ਹੋਏ ਸੁਖਪਾਲ ਦੇ ਪਤੀ ਦੀਆਂ ਅੱਖਾਂ ਆਪਣੀ ਪਤਨੀ ਨੂੰ ਇੱਧਰ ਉੱਧਰ ਲੱਭਦੀਆਂ ਰਹੀਆਂ। ਜਦੋਂ ਹੀ ਉਹ ਦੀ ਨਿਗ੍ਹਾ ਸੁਖਪਾਲ ਕੌਰ ਤੇ ਪਈ ਤਾਂ, ਉਹ ਉਹਨੂੰ ਬੁੱਕਲ ਚ, ਲੈ ਕੇ ਇੱਕੋ ਸਾਂਹ ਕਹਿਣ ਲੱਗਾ, ਸੁਖਪਾਲ , ਸੁਖਪਾਲ, ਅੋਹ ਸੁਖਪਾਲ ਤੂੰ ਬੋਲਦੀ ਕਿਉਂ ਨਹੀਂ। ਫੜ੍ਹ ਕੇ ਝੰਜੋੜਨ ਤੇ ਵੀ ਸੁਖਪਾਲ ਨੇ ਅੱਖ ਨਹੀਂ ਪੱਟੀ, ਕੋਲੋਂ ਲੰਘਣ ਵਾਲਿਆਂ ਦੀ ਭੀੜ ਵਧਣ ਲੱਗ ਪਈ। ਹਰ ਕੋਈ ਕੋਲੋ ਲੰਘਦੀ ਗੱਡੀ ਨੂੰ ਰੋਕਣ ਦੇ ਯਤਨ ਕਰਨ ਲੱਗਾ। ਪਰ ਕੌਣ, ਆਪਣਾ ਕੰਮ ਛੱਡ ਕੇ ਮੁਸੀਬਤ ਨੂੰ ਗਲ ਲਾਵੇ। ਆਖਿਰ ਕੋਲੋ ਮੋਟਰ ਸਾਈਕਲ ਤੇ ਆਪਣੀ ਬੇਟੀ ਰਣਦੀਪ ਨਾਲ ਜਾ ਰਹੇ ਸੁਰਿੰਦਰ ਨਾਥ ਭਵਾਨੀਗੜ੍ਹ ਨੇ ਇੱਕ ਡਸਟਰ ਗੱਡੀ ਵਾਲੇ ਨੂੰ ਅੱਗੇ ਹੋ ਕੇ ਰੋਕ ਕੇ ਉਸਨੂੰ ਬੇਸੁੱਧ ਹੋਈ ਸੁਖਪਾਲ ਨੂੰ ਹਸਪਤਾਲ ਲੈ ਜਾਣ ਲਈ ਰਾਜੀ ਕਰ ਲਿਆ। ਨੇੜੇ ਸਬਜ਼ੀ ਵੇਚਣ ਵਾਲੇ ਨੇ ਆਪਣਾ ਮੰਜਾ ਸੁਖਪਾਲ ਨੂੰ ਪਾਉਣ ਲਈ ਦੇ ਦਿੱਤਾ। ਲੋਕ ਮੰਜੇ ਤੇ ਹੀ ਚੁੱਕ ਕਿ ਸੁਖਪਾਲ ਨੂੰ ਥੋਡੀ ਦੂਰ ਖੜ੍ਹੀ ਗੱਡੀ ਤੱਕ ਲੈ ਗਏ। ਗੱਡੀ ਚ, ਸੁਖਪਾਲ ਦੇ ਘਰ ਵਾਲਾ ਬੈਠ ਕੇ ਹਸਪਤਾਲ ਵੱਲ ਲੈ ਤੁਰਿਆ। ਸੁਖਪਾਲ ਦੇ ਪਤੀ ਨੇ ਆਪਣੇ ਪਿੰਡ ਦਾ ਨਾਮ ਹੀ ਦੱਸਿਆ, ਪਰ ਆਪਣਾ ਨਾਮ ਦੱਸਣ ਦੀ ਬਜਾਏ ਪਤਨੀ ਦਾ ਨਾਮ ਹੀ ਸੁਖਪਾਲ, ਸੁਖਪਾਲ ਹੀ ਬੋਲਦਾ ਰਿਹਾ। ਸਿਵਲ ਹਸਪਤਾਲ ਚ, ਲਿਜਾਣ ਦੀ ਬਜਾਏ ਸੁਖਪਾਲ ਦਾ ਪਤੀ ਸ਼ਾਇਦ ਉਸਨੂੰ ਕਿਸੇ ਪ੍ਰਾਈਵੇਟ ਹਸਪਤਾਲ ਚ, ਹੀ ਲੈ ਕੇ ਚਲਾ ਗਿਆ। ਹੁਣ ਉਸਦੀ ਹਾਲਤ ਕਿਵੇਂ ਹੈ, ਕੁਝ ਪਤਾ ਨਹੀਂ ਲੱਗਿਆ। ਭਾਂਵੇ ਹਾਦਸੇ ਦੀ ਘਟਨਾ ਦੁਖਦਾਈ ਹੈ, ਪਰੰਤੂ ਇਸ ਮੌਕੇ ਸਾਹਮਣੇ ਆਈ ਭਾਈਚਾਰਕ ਏਕਤਾ ਦੀ ਮਿਸਾਲ ਸਮਾਜਿਕ ਕੁੜੱਤਣ ਦੇ ਦੌਰ ਚ, ਇੱਕ ਨਵੀਂ ਉਮੀਦ ਦੀ ਕਿਰਨ ਜਰੂਰ ਪੈਦਾ ਕਰ ਗਈ। ਇਸ ਮੌਕੇ ਹਾਦਸੇ ਚ, ਜਖਮੀ ਵਿਅਕਤੀਆਂ ਨੂੰ ਸੰਭਾਲਣ ਵਾਲਿਆ ਚ, ਹਿੰਦੂ, ਸਿੱਖ ਤੇ ਮੁਸਲਮਾਨ ਅਤੇ ਡੇਰਾ ਸਿਰਸਾ ਦੇ ਪ੍ਰੇਮੀ ਵੀ ਇੱਕ ਸਾਥ ਲੱਗੇ ਰਹੇ।