2 ਦੋਸ਼ੀਆਂ ਦੇ ਖਿਲਾਫ ਕੇਸ ਦਰਜ਼, ਫਿਰੌਤੀ ਮੰਗਣ ਵਾਲੇ ਦੋਵੇਂ ਗੁਜਰਾਤੀ
ਹਰਿੰਦਰ ਨਿੱਕਾ ਬਰਨਾਲਾ 17 ਜੂਨ 2020
ਟ੍ਰਾਈਡੈਂਟ ਗਰੁੱਪ ਉਦਯੋਗ ਤੋਂ 7 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ 2 ਗੁਜਰਾਤੀਆਂ ਤੇ ਜਿਲ੍ਹੇ ਦੇ ਥਾਣਾ ਰੂੜੇਕੇ ਕਲਾਂ ਚ, ਕੇਸ ਦਰਜ਼ ਕਰਕੇ ਪੁਲਿਸ ਨੇ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਟ੍ਰਾਈਡੈਂਟ ਦੇ ਅਧਿਕਾਰੀ ਸ੍ਰੀ ਪ੍ਰਵੀਨ ਵਰਮਾ ਪੁੱਤਰ ਗਣਪਤ ਰਾਏ ਵਰਮਾ ਨਿਵਾਸੀ ਐਸ.44 ਆਸ਼ੀਆਨਾ ਜੋਧਪੁਰ ,ਰਾਜਸਥਾਨ ਹਾਲ ਵਾਸੀ ਟ੍ਰਾਈਡੈਂਟ ਫੈਕਟਰੀ ਧੌਲਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਟ੍ਰਾਈਡੈਂਟ ਗਰੁੱਪ ਵੱਲੋਂ ਇੱਕ ਸਟੀਮ ਟਰਬਾਇਨ ਮਸ਼ੀਨ ਵੇਚਣ ਸਬੰਧੀ ਅਖਬਾਰ ਚ, ਇਸ਼ਤਿਹਾਰ ਦਿੱਤਾ ਸੀ। ਜਿਸ ਦੇ ਅਧਾਰ ਤੇ ਜਯਵੀਰ ਸਿੰਘ ਮੈ :ਜੈ : ਐਸ਼ : ਇੰਟ੍ਰਪ੍ਰਾਈਜਿਜ ਵਾਸੀ ਜਾਮਨਗਰ ਗੁਜਰਾਤ ਨੇ ਟ੍ਰਾਈਡੈਂਟ ਲਿਮਟਿਡ ਧੌਲਾ ਵਿਖੇ ਪਹੁੰਚ ਕੇ ਮਸ਼ੀਨ ਵੇਖੀ, ਉਸਤੋਂ ਬਾਅਦ ਮੈ :ਜੈ ਪੈਨਸਨਜ ਇਲੈਕਟ੍ਰੋ ਮਕੈਨੀਕਲ ਇੰਜੀਨਿਅਰ 302. ਅਭਿਲਾਸ਼ਾ,ਅਪਾਰਨਮੈਂਟਠ ਸਾਰੂ ਸੈਕਸ਼ਨ ਰੋਡ, ਅਪੋਜਿਟ ਪੈਲੇਸ ਗਰਾਉਂਡ ਜਮਨਾਨਗਰ ਦੇ ਐਮ.ਡੀ. ਬਾਬੂ ਕ੍ਰਿਸ਼ਨਨ ਨੇ ਇੱਕ ਪੱਤਰ ਕੰਪਨੀ ਨੂੰ ਭੇਜਿਆ ਕਿ ਉਸਨੇ ਟਰਬਾਈਨ ਮਸ਼ੀਨ 75 ਲੱਖ ਰੁਪਏ+ ਜੀ.ਐਸ.ਟੀ. ਐਕਸਟਰਾ+ ਟ੍ਰਾਂਸਪੋਰਟ ਆਦਿ ਖਰੀਦਣ ਦੀ ਤਜ਼ਵੀਜ ਰੱਖੀ।
ਪਰੰਤੂ ਟ੍ਰਾਈਡੈਂਟ ਗਰੁੱਪ ਵੱਲੋਂ ਇਸ ਤਜ਼ਵੀਜ਼ ਸਬੰਧੀ ਕੋਈ ਜਵਾਬ ਨਹੀਂ ਦਿੱਤਾ ਗਿਆ। ਜਿਸ ਤੋਂ ਬਾਅਦ ਬਾਬੂ ਕ੍ਰਿਸ਼ਨਨ ਵੱਲੋਂ ਟ੍ਰਾਈਡੈਂਟ ਕੰਪਨੀ ਨੂੰ ਈਮੇਲ ਰਾਹੀ ਦੱਸਿਆ ਕਿ ਉਨ੍ਹਾਂ ਨੇ ਮਸ਼ੀਨ ਸਬੰਧੀ ਅੰਚੁਲ ਚੌਹਾਨ ਅਤੇ ਦੇਵੇਂਦਰਾ ਕੁਮਾਰ ਗੁਪਤਾ ਦੇ ਖਾਤਿਆਂ ਵਿੱਚ 7 ਲੱਖ ਰੁਪਏ ਪਾਏ ਗਏ ਹਨ। ਉਨ੍ਹਾਂ ਇੱਕ ਸੇਲ ਲੈਟਰ ਦੀ ਕਾਪੀ ਵੀ ਭੇਜੀ। ਜਿਸ ਸਬੰਧੀ ਕੋਈ ਖਰੀਦ-ਫਰੋਖਤ ਹੀ ਨਹੀਂ ਹੋਈ ਅਤੇ ਦੋਸ਼ੀਆਨ ਵੱਲੋਂ ਜੋ ਸੇਲ ਲੈਟਰ ਦਾ ਜਿਕਰ ਕੀਤਾ ਗਿਆ ਹੈ। ਇਹ ਟ੍ਰਾਈਡੈਂਟ ਕੰਪਨੀ ਦਾ ਹੈ ਹੀ ਨਹੀਂ ਹੈ ਅਤੇ ਨਾ ਹੀ ਟ੍ਰਾਈਡੈਂਟ ਕੰਪਨੀ ਵੱਲੋਂ ਉਕਤ 7 ਲੱਖ ਰੁਪਏ ਦੀ ਕੋਈ ਰਕਮ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਹੈ। ਇੱਨਾਂ ਹੀ ਨਹੀਂ, ਕੰਪਨੀ ਦੇ ਅਧਿਕਾਰੀ ਨੇ ਇਹ ਵੀ ਖੁਲਾਸਾ ਕੀਤਾ ਕਿ ਜਿਨ੍ਹਾਂ ਵਿਅਕਤੀਆਂ ਨਾਲ ਖਰੀਦ ਫਰੋਖਤ ਕਰਨ ਦੇ ਖਾਤੇ ਚ, 7 ਲੱਖ ਰੁਪਏ ਟ੍ਰਾਂਸਫਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਇਹ ਦੋਵੇਂ ਕੰਪਨੀ ਦੇ ਪ੍ਰਤੀਨਿਧ ਹੀ ਨਹੀਂ ਹਨ। ਟ੍ਰਾਈਡੈਂਟ ਅਧਿਕਾਰੀ ਅਨੁਸਾਰ ਉਕਤ ਦੋਸ਼ੀਆਂ ਵੱਲੋਂ ਜਾਅਲੀ ਤੇ ਝੂਠੇ ਦਸਤਾਵੇਜ਼ ਬਣਾ ਕੇ ਕੰਪਨੀ ਖਿਲਾਫ ਕੇਸ ਦਰਜ਼ ਕਰਵਾਉਣ ਦੀ ਧਮਕੀ ਦੇ ਕੇ 7 ਲੱਖ ਰੁਪਏ ਫਿਰੌਤੀ ਦੇ ਤੌਰ ਦੇ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਮਾਮਲੇ ਦੇ ਤਫਤੀਸ਼ ਅਧਿਕਾਰੀ ਸਹਾਇਕ ਥਾਣੇਦਾਰ ਚਰਨਜੀਤ ਸਿੰਘ ਨੇ ਦੱਸਿਆ ਕਿ ਦੁਰਖਾਸਤ ਨੰਬਰੀ 1215/ ਵੀ.ਪੀ ਮਿਤੀ 20 ਮਈ 2020 ਦੇ ਅਧਾਰ ਦੇ ਬਾਬੂ ਕ੍ਰਿਸ਼ਨਨ ਅਤੇ ਜਯਵੀਰ ਸਿੰਘ ਦੇ ਖਿਲਾਫ ਅਧੀਨ 420/467/468/471/120 B , IPC ਦੇ ਤਹਿਤ ਥਾਣਾ ਰੂੜੇਕੇ ਕਲਾਂ ਵਿਖੇ ਕੇਸ ਦਰਜ਼ ਕਰਕੇ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜ਼ਾਵੇਗਾ।
ਕੌਣ ਹਨ ਅੰਚੁਲ ਚੌਹਾਨ ਅਤੇ ਦੇਵੇਂਦਰਾ ਕੁਮਾਰ ਗੁਪਤਾ ?
ਟ੍ਰਾਈਡੈਂਟ ਦੇ ਅਧਿਕਾਰੀ ਵੱਲੋਂ ਦਰਜ਼ ਕਰਵਾਏ ਮੁਕੱਦਮੇ ਚ, ਦੋਸ਼ੀਆਂ ਅੰਚੁਲ ਚੌਹਾਨ ਅਤੇ ਦੇਵੇਂਦਰ ਗੁਪਤਾ ਦੇ ਖਾਤੇ ਚ, 7 ਲੱਖ ਰੁਪਏ ਜਮ੍ਹਾਂ ਕਰਵਾਉਣ ਅਤੇ ਸੇਲ ਲੈਟਰ ਜਾਰੀ ਕਰਨ ਬਾਰੇ ਦਾਅਵਾ ਕੀਤਾ ਗਿਆ ਹੈ। ਸ਼ਿਕਾਇਤਕਰਤਾ ਅਧਿਕਾਰੀ ਨੇ ਇਹ ਤਾਂ ਕਿਹਾ ਹੈ ਕਿ ਉਕਤ ਦੋਵੇਂ ਵਿਅਕਤੀ ਅੰਚੁਲ ਤੇ ਦੇਵੇਂਦਰ ਗੁਪਤਾ ਕੰਪਨੀ ਦੇ ਕੋਈ ਪ੍ਰਤੀਨਿਧ ਨਹੀਂ ਹਨ। ਉਨ੍ਹਾਂ ਸੇਲ ਲੈਟਰ ਨੂੰ ਵੀ ਜਾਅਲੀ ਕਿਹਾ ਗਿਆ ਹੈ। ਪਰੰਤੂ ਸ਼ਿਕਾਇਤ ਚ, ਇਹ ਨਹੀਂ ਦੱਸਿਆ ਗਿਆ ਕਿ ਅੰਚੁਲ ਚੌਹਾਨ ਅਤੇ ਦੇਵੇਂਦਰ ਗੁਪਤਾ ਨਾਮਾਂ ਦੇ ਖਾਤਿਆਂ ਚ, 7 ਲੱਖ ਰੁਪਏ ਟ੍ਰਾਂਸਫਰ ਵੀ ਹੋਏ ਹਨ ਜਾਂ ਨਹੀਂ। ਭਾਵੇਂ ਪੁਲਿਸ ਨੇ ਐਫਆਈਆਰ ਚ, 120 B , IPC ਸੈਕਸ਼ਨ ਦਰਜ਼ ਕਰਕੇ ਹੋਰ ਦੋਸ਼ੀਆਂ ਨੂੰ ਨਾਮਜਦ ਕਰਨ ਦਾ ਰਾਹ ਖੁੱਲ੍ਹਾ ਰੱਖਿਆ ਹੈ। ਪਰੰਤੂ ਹੈਰਾਨੀ ਦੀ ਗੱਲ ਇਹ ਜਰੂਰ ਹੈ ਕਿ ਪੁਲਿਸ ਨੇ ਅੰਚੁਲ ਅਤੇ ਦੇਵੇਂਦਰ ਗੁਪਤਾ ਨੂੰ ਐਫਆਈਆਰ ਚ, ਦੋਸ਼ੀ ਵਜੋਂ ਨਾਮਜ਼ਦ ਹੀ ਨਹੀਂ ਕੀਤਾ। ਜਦੋਂ ਕਿ ਦੋਵਾਂ ਦੇ ਨਾਮ ਸ਼ਿਕਾਇਤ ਚ, ਦਰਜ਼ ਕੀਤੇ ਹੋਏ ਹਨ।