ਹਿੰਦੂ ਆਗੂ ਦੀ ਹੱਤਿਆ ਕਰਨ ਯੋਜਨਾ ਬਣਾ ਰਹੇ ਸਨ ਗ੍ਰਿਫਤਾਰ ਬਦਮਾਸ਼

Advertisement
Spread information

ਅਸ਼ੋਕ ਵਰਮਾ, ਬਠਿੰਡਾ, 22 ਨਵੰਬਰ 2023


      ਕਾਊਂਟਰ ਇੰਟੈਲੀਜੈਂਸ ਵੱਲੋਂ ਪੰਜਾਬ ਦੇ ਬਠਿੰਡਾ ’ਚ ਗ੍ਰਿਫਤਾਰ ਕੀਤੇ ਪਾਕਿਸਤਾਨ ਸਥਿਤ ਅੱਤਵਾਦੀ ਮਾਡਿਊਲ ਨਾਲ ਜੁੜੇ ਤਿੰਨ ਬਦਮਾਸ਼ ਅਸਲ ਵਿੱਚ ਕਿਸੇ ਹਿੰਦੂ ਆਗੂ ਨੂੰ ਮਿਥ ਕੇ ਕਤਲ ਕਰਨ ਦੀ ਤਿਆਰੀ ਵਿੱਚ ਸਨ। ਸ਼ੁਰੂਆਤੀ ਜਾਂਚ ਤੋਂ ਵੀ ਇਹੋ ਪਤਾ ਲੱਗਾ ਹੈ ਕਿ ਉਹ ਇਕ ਧਾਰਮਿਕ ਆਗੂ ਦੀ ਟਾਰਗੇਟ ਕਿਲਿੰਗ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ। ਇਸ ਅੱਤਵਾਦੀ ਮਾਡਿਊਲ ਨੂੰ ਪਾਕਿ ਖੁਫੀਆ ਏਜੰਸੀ ਆਈਐਸਆਈ ਵੱਲੋਂ ਚਲਾਇਆ ਜਾ ਰਿਹਾ ਹੈ। ਗ੍ਰਿਫਤਾਰ ਮੁਲਜ਼ਮਾਂ ਕੋਲੋਂ 8 ਪਿਸਤੌਲ, 9 ਮੈਗਜ਼ੀਨ ਅਤੇ 30 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਪੁਲਿਸ ਨੇ ਇੰਨ੍ਹਾਂ ਤੋਂ ਮਿਲੀ ਕਾਰ ਅਤੇ ਕਿੱਟ ਬੈਗ ਨੂੰ ਵੀ ਕਬਜੇ ਵਿੱਚ ਲਿਆ ਹੈ।      ਪੜਤਾਲ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਤਿੰਨੇ ਸੰਗਰੂਰ ਜੇਲ੍ਹ ਵਿੱਚ ਯੂਏਪੀਏ ਕੇਸ ਵਿੱਚ ਬੰਦ ਗੈਂਗਸਟਰਾਂ ਦੇ ਸੰਪਰਕ ਵਿੱਚ ਸਨ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਇਨ੍ਹਾਂ ਦੇ ਪਿਛੋਕੜ ਅਤੇ ਅਗਲੇ ਸਬੰਧਾਂ ਦੀ ਤਲਾਸ਼ ਕਰਨ ਵਿੱਚ ਜੁਟ ਗਈ ਹੈ। ਜਾਣਕਾਰੀ ਅਨੁਸਾਰ ਕਾਊਂਟਰ ਇੰਟੈਲੀਜੈਂਸ ਟੀਮ ਨੂੰ ਸੂਚਨਾ ਮਿਲੀ ਸੀ ਕਿ ਰਾਜ ਭੁਪਿੰਦਰ ਸਿੰਘ ਉਰਫ਼ ਭਿੰਦਾ ਵਾਸੀ ਡਿੱਖ ਜ਼ਿਲ੍ਹਾ ਬਠਿੰਡਾ, ਰਮਨ ਕੁਮਾਰ ਰਮਣੀ ਵਾਸੀ ਗੁਰੂਹਰਸਹਾਏ ਜ਼ਿਲ੍ਹਾ ਫਿਰੋਜ਼ਪੁਰ ਅਤੇ ਜਗਜੀਤ ਸਿੰਘ ਟੈਨਾ ਵਾਸੀ ਢਿਲਵਾ ਖੁਰਦ ਜ਼ਿਲ੍ਹਾ ਫ਼ਰੀਦਕੋਟ ਇੱਕ ਚੋਰੀ ਦੀ ਆਲਟਾ ਕਾਰ ਤੇ ਗੋਬਿੰਦਪੁਰਾ ਤੋਂ ਬਠਿੰਡਾ ਵੱਲ ਆ ਰਹੇ ਹਨ।
      ਇਸ ਸੂਚਨਾ ਤੋਂ ਤੋਂ ਬਾਅਦ ਕਾਊਂਟਰ ਇੰਟੈਲੀਜੈਂਸ ਟੀਮ ਨੇ ਗੋਬਿੰਦਪੁਰਾ ਨਹਿਰ ਨੇੜੇ ਨਾਕਾਬੰਦੀ ਕਰ ਲਈ ਅਤੇ ਆਲਟੋ ਕਾਰ ਨੂੰ ਘੇਰ ਕੇ ਤਿੰਨਾਂ ਨੂੰ ਕਾਬੂ ਕਰ ਲਿਆ ਗਿਆ।ਮੁਢਲੀ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਤਿੰਨੇ ਮੁਲਜ਼ਮ ਸੰਗਰੂਰ ਜੇਲ੍ਹ ਵਿੱਚ ਬੰਦ ਗੈਂਗਸਟਰਾਂ ਕੁਲਵਿੰਦਰ ਸਿੰਘ ਕਿੰਦਾ ਖਾਨਪੁਰੀਆ, ਹਰਚਰਨ ਸਿੰਘ ਦਿੱਲੀ ਅਤੇ ਸੁਲਤਾਨ ਸਿੰਘ ਅੰਮ੍ਰਿਤਸਰ ਦੇ ਸੰਪਰਕ ਵਿੱਚ ਸਨ। ਇਹ ਗਰੁੱਪ ਉਨ੍ਹਾਂ ਦੇ ਨਿਰਦੇਸ਼ਾਂ ’ਤੇ ਇੱਕ ਧਾਰਮਿਕ ਆਗੂ ਨੂੰ ਮਾਰਨ ਦੀ ਰਣਨੀਤੀ ਘੜ ਰਹੇ ਸਨ ਪਰ ਇਸ ਤੋਂ ਪਹਿਲਾਂ ਹੀ ਪੁਲਿਸ ਨੇ ਕਾਬੂ ਕਰਕੇ ਵੱਡੀ ਵਾਰਦਾਤ ਨੂੰ ਟਾਲ ਦਿੱਤਾ।
      ਫਿਲਹਾਲ ਪੁਲਸ ਤਿੰਨਾਂ ਤੋਂ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਉਨ੍ਹਾਂ ਦੀ ਪੂਰੀ ਯੋਜਨਾ ਦਾ ਪਤਾ ਲੱਗ ਸਕੇ। ਪੁਲਿਸ ਨੂੰ ਸ਼ੱਕ ਹੈ ਕਿ ਇਨ੍ਹਾਂ ਗੈਂਗਸਟਰਾਂ ਰਾਹੀਂ ਉਹ ਪਾਕਿਸਤਾਨੀ ਅੱਤਵਾਦੀ ਮਾਡਿਊਲ ਨਾਲ ਜੁੜ ਗਏ ਅਤੇ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਤਿਆਰੀ ਕੀਤੀ ਜਾ ਰਹੀ ਸੀ। ਤਿੰਨਾਂ ਮੁਲਜ਼ਮਾਂ ਅਤੇ ਜੇਲ੍ਹ ਵਿੱਚ ਬੰਦ ਤਿੰਨ ਗੈਂਗਸਟਰਾਂ ਖਿਲਾਫ ਥਾਣਾ ਕੈਂਟ ਬਠਿੰਡਾ ਵਿੱਚ ਚੋਰੀ ਅਤੇ ਅਸਲਾ ਐਕਟ ਦਾ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਹੈ ਕਿ ਉਨ੍ਹਾਂ ਕੋਲੋਂ ਬਰਾਮਦ ਹਥਿਆਰ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਤੋਂ ਖਰੀਦੇ ਗਏ ਸਨ।

Advertisement

Advertisement
Advertisement
Advertisement
Advertisement
Advertisement
error: Content is protected !!