26 ਨਵੰਬਰ ਤੋਂ 28 ਨਵੰਬਰ ਤੱਕ ਚੰਡੀਗੜ੍ਹ ਵੱਲ ਕੂਚ ਕਰੋ-ਹਰਦਾਸਪੁਰਾ
ਗਗਨ ਹਰਗੁਣ, ਬਰਨਾਲਾ 20 ਨਵੰਬਰ 2023
ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਜ਼ਿਲ੍ਹਾ ਬਰਨਾਲਾ ਨੇ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਬਰਨਾਲਾ ਦੀਆਂ ਮੰਡੀਆਂ ਵਿੱਚ ਝੋਨੇ ਦੀ ਸਰਕਾਰੀ ਖ੍ਰੀਦ ਬੰਦ ਕਰਨ ਫ਼ੈਸਲੇ ਖ਼ਿਲਾਫ਼ ਡੀਸੀ ਦਫ਼ਤਰ ਅੱਗੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ । ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਜ਼ਿਲ੍ਹਾ ਬਰਨਾਲਾ ਦੇ ਜਨਰਲ ਸਕੱਤਰ ਗੁਰਦੇਵ ਸਿੰਘ ਮਾਂਗੇਵਾਲ, ਮੀਤ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ, ਨਾਨਕ ਸਿੰਘ ਅਮਲਾ ਸਿੰਘ ਵਾਲਾ,ਬਾਬੂ ਸਿੰਘ ਖੁੱਡੀਕਲਾਂ ਨੇ ਦੱਸਿਆ ਕਿ ਸਰਕਾਰੀ ਅਧਿਕਾਰੀਆਂ ਨੇ ਦਫਤਰਾਂ ਵਿੱਚ ਬੈਠ ਕੇ ਮੰਡੀਆਂ ਵਿੱਚੋਂ ਝੋਨੇ ਦੀ ਖ੍ਰੀਦ ਬੰਦ ਕਰਨ ਦਾ ਫ਼ੈਸਲਾ ਕਰ ਲਿਆ ਹੈ ਜਦੋਂ ਕਿ ਮੰਡੀਆਂ ਵਿੱਚ ਝੋਨੇ ਦੇ ਅੰਬਾਰ ਲੱਗੇ ਪਏ ਹਨ।ਸਰਕਾਰ ਨੂੰ ਪਤਾ ਨਹੀਂ ਕੌਣ ਕਹਿ ਗਿਆ ਕਿ ਝੋਨਾ ਮੰਡੀਆਂ ਵਿੱਚ ਆ ਨਹੀਂ ਰਿਹਾ। ਜਥੇਬੰਦੀ ਨੇ ਆਪਣੇ ਸਾਥੀਆਂ ਨਾਲ ਪਿੰਡ ਕਲਾਲਾ, ਮੂੰਮ ਅਤੇ ਹੋਰ ਮੰਡੀਆਂ ਦਾ ਦੌਰਾ ਕੀਤਾ।
ਬਰਨਾਲਾ ਜ਼ਿਲ੍ਹੇ ਨਾਲ ਸਬੰਧਿਤ ਮੰਡੀਆਂ ਵਿੱਚੋਂ ਝੋਨੇ ਦੀ ਖ੍ਰੀਦ ਬੰਦ ਕਰ ਦਿੱਤੀ ਹੈ ਪਰ ਸਾਰੀਆਂ ਮੰਡੀਆਂ ਵਿੱਚ ਬਹੁਤ ਝੋਨਾ ਅਣਵਿਕਿਆ ਪਿਆ ਹੈ। ਇਨ੍ਹਾਂ ਮੰਡੀਆਂ ਵਿੱਚ ਝੋਨਾ ਵੇਚਣ ਆਏ ਕਿਸਾਨਾਂ ਨੇ ਦੱਸਿਆ ਕਿ ਉਹਨਾਂ ਨੂੰ ਮੰਡੀ ਵਿੱਚ ਬੈਠਿਆਂ ਨੂੰ ਦਸ ਦਿਨ ਦਾ ਸਮਾਂ ਬੀਤ ਗਿਆ ਹੈ ਪਰ ਝੋਨੇ ਦੀ ਸਰਕਾਰੀ ਖ੍ਰੀਦ ਨਹੀਂ ਹੋ ਰਹੀ। ਉਹਨਾਂ ਨੇ ਇਹ ਵੀ ਕਿਹਾ ਕਿ ਸੈਲਰਾਂ ਵਾਲੇ ਬੋਰੀਆਂ ਦਾ ਵੱਟਾ ਲਾ ਕੇ ਝੋਨਾ ਖ੍ਰੀਦਣ ਲਈ ਕਹਿੰਦੇ ਹਨ। ਅਸਲ ਵਿੱਚ ਖ੍ਰੀਦ ਏਜੰਸੀਆਂ ਕੁੱਝ ਬੇਈਮਾਨ ਸ਼ੈਲਰ ਮਾਲਕਾਂ ਨਾਲ ਮਿਲ ਕੇ ਵੱਧ ਨਮੀ ਦਾ ਬਹਾਨਾ ਬਣਾ ਕੇ ਝੋਨੇ ਦੀ ਖ੍ਰੀਦ ਕਰਨ ਤੋਂ ਟਾਲਾ ਵੱਟ ਰਹੇ ਹਨ ਅਤੇ ਸ਼ੈਲਰ ਮਾਲਕ ਕਿਸਾਨਾਂ ਤੋਂ ਬੋਰੀਆਂ ਦਾ ਵੱਟਾ ਲਾ ਕੇ ਝੋਨਾ ਸਿੱਧਾ ਖਰੀਦ ਰਹੇ ਹਨ। ਸੌ ਬੋਰੀ ਮਗਰ ਪੰਜ ਤੋਂ ਸੱਤ ਬੋਰੀਆਂ ਦੀ ਲੁੱਟ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਕਿਸਾਨਾਂ ਦੀ ਮਜ਼ਬੂਰੀ ਦਾ ਫ਼ਾਇਦਾ ਉਠਾ ਕੇ ਉਹਨਾਂ ਨੂੰ ਚੂੰਡਿਆ ਜਾ ਰਿਹਾ ਹੈ।
ਆਗੂਆਂ ਨੇ ਸਵਾਲ ਕੀਤਾ ਕਿ ਕਿਤੇ ਦਾਲ ਵਿੱਚ ਕੁੱਝ ਕਾਲਾ ਤਾਂ ਨਹੀਂ ਹੈ ? ਉਨ੍ਹਾਂ ਕਿਹਾ ਕਿ ਇਹ ਉਸੇ ਸਰਕਾਰ ਦਾ ਫ਼ਰਮਾਨ ਹੈ ਜਿਹੜੀ ਵੱਡੇ ਵੱਡੇ ਇਸ਼ਤਿਹਾਰਾਂ ਰਾਹੀਂ ਝੋਨੇ ਦਾ ਦਾਣਾ ਦਾਣਾ ਖ੍ਰੀਦਣ ਦੇ ਦਮਗਜ਼ੇ ਮਾਰਦੀ ਸੀ। ਅਜਿਹੇ ਤੁਗਲਕੀ ਫਰਮਾਨ ਭਗਵੰਤ ਮਾਨ ਸਰਕਾਰ ਦੀ ਅਸਲ ਨੀਤੀ ਨੂੰ ਉਜਾਗਰ ਕਰਦੇ ਹਨ ਕਿ ਗੱਦੀ ਉੱਪਰ ਬੈਠਣ ਤੋਂ ਬਾਅਦ ਕਿਸਾਨਾਂ – ਮਜ਼ਦੂਰਾਂ ਦੀ ਸਾਰ ਲੈਣ ਦੀ ਥਾਂ ਸਰਮਾਏਦਾਰ ਵਪਾਰੀਆਂ ਦੇ ਹਿੱਤਾਂ ਅਨੁਸਾਰ ਫ਼ੈਸਲੇ ਕਰਦੇ ਹਨ। ਝੋਨੇ ਦੀ ਫ਼ਸਲ ਦੀ ਮੰਡੀਆਂ ਵਿੱਚ ਖ੍ਰੀਦ ਏਜੰਸੀਆਂ ਅਤੇ ਸ਼ੈਲਰ ਮਾਲਕਾਂ ਵੱਲੋਂ ਮਿਲੀਭੁਗਤ ਰਾਹੀਂ ਖੱਜਲਖੁਆਰੀ ਰੋਕਣ ਲਈ ਕੁੱਝ ਦਿਨ ਪਹਿਲਾਂ ਹੀ ਭਾਕਿਯੂ ਏਕਤਾ ਡਕੌਂਦਾ ਦੇ ਵਫਦ ਨੇ ਡੀਸੀ ਬਰਨਾਲਾ ਨੂੰ ਮਿਲ ਕੇ ਮਸਲੇ ਨੂੰ ਹੱਲ ਕਰਨ ਦੀ ਮੰਗ ਕੀਤੀ ਸੀ। ਪਰ ਪਰਨਾਲਾ ਉੱਥੇ ਦਾ ਉੱਥੇ ਹੀ ਹੈ।
ਆਗੂਆਂ ਨੇ ਸਰਕਾਰੀ ਖ੍ਰੀਦ ਏਜੰਸੀਆਂ ਅਤੇ ਬੇਈਮਾਨ ਸ਼ੈਲਰ ਮਾਲਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਹੁਣ ਸਮਾਂ ਪਹਿਲਾਂ ਵਾਲਾ ਨਹੀਂ ਰਿਹਾ। ਜਥੇਬੰਦੀਆਂ ਕਿਸਾਨਾਂ ਦੀ ਲੁੱਟ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਨਗੀਆਂ। ਉਨ੍ਹਾਂ ਮੰਗ ਕੀਤੀ ਕਿ ਇਸ ਲਈ ਕਿਸਾਨਾਂ ਦੀ ਲੁੱਟ ਤੁਰੰਤ ਬੰਦ ਕੀਤੀ ਜਾਵੇ। ਜਥੇਬੰਦੀ ਨੇ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮੰਡੀਆਂ ਬੰਦ ਕਰਨ ਦਾ ਇਹ ਕਿਸਾਨ ਮਾਰੂ ਹੁਕਮ ਤੁਰੰਤ ਰੱਦ ਕੀਤਾ ਜਾਵੇ ਅਤੇ ਜਿੰਨਾ ਚਿਰ ਸਾਰਾ ਝੋਨਾ ਵਿਕ ਨਹੀਂ ਜਾਂਦਾ, ਸਰਕਾਰੀ ਖ੍ਰੀਦ ਚਾਲੂ ਰੱਖੀ ਜਾਵੇ। ਇਸ ਸਮੇਂ ਭੋਲਾ ਸਿੰਘ ਕਲਾਲਾ, ਗੁਰਮੇਲ ਸਿੰਘ ਕਲਾਲਾ, ਨਿਰਮਲ ਸਿੰਘ, ਮਲਕੀਤ ਸਿੰਘ, ਮਨਜੀਤ ਸਿੰਘ ਆਦਿ ਆਗੂ ਵੀ ਹਾਜ਼ਰ ਸਨ।