ਖੇਤਾਂ  ਤੇ  ਪੁੱਤਾਂ ਨੂੰ ਖਾ ਗਿਆ ਕਰਜਾ- ਕਿਹੜੇ ਹੌਂਸਲੇ ਬਾਲੀਏ ਦੀਵੇ

Advertisement
Spread information
ਅਸ਼ੋਕ ਵਰਮਾ, ਬਠਿੰਡਾ 9ਨਵੰਬਰ 2023
      ਨਾ ਬਨੇਰੇ ਰਹੇ ਅਤੇ ਨਾ ਹੀ ਖ਼ੁਸ਼ੀ ਦੇ ਦੀਵੇ। ਇਕੱਲੀ ਦੀਵਾਲੀ ਨੂੰ ਹੀ ਨਹੀਂ, ਇੰਨ੍ਹਾਂ ਵਿਧਵਾਵਾਂ ਦੇ ਘਰ ਹੁਣ ਹਰ ਘੜੀ ਦੁੱਖਾਂ ਦੇ ਦੀਵੇ ਬਲਦੇ ਹਨ। ਇਹ ਕਿਸੇ ਇੱਕ ਘਰ ਦਾ ਬਿਰਤਾਂਤ ਨਹੀਂ ਬਲਕਿ ਕਰਜੇ ਦੇ ਬੀਜ ਨਾਲ ਖੁਦਕਸ਼ੀਆਂ ਦੀ ਖੇਤੀ ਕਰ ਰਹੇ ਹਜ਼ਾਰਾਂ ਕਿਸਾਨ ਮਜ਼ਦੂਰ ਪ੍ਰੀਵਾਰਾਂ ਦੀ ਹੋਣੀ ਹੈ। ਇਸ ਦੀ ਟੀਸ ਉਮਰ ਦੇ ਆਖਰੀ ਪਹਿਰ ਪੁੱਜੀਆਂ ਮਾਵਾਂ ਹੰਢਾ ਰਹੀਆਂ ਹਨ ਜਾਂ ਦਰਜਨਾਂ ਬੱਚੇ ਜਿੰਨ੍ਹਾਂ ਦੇ ਸੁਰਤ ਸੰਭਾਲਣ ਤੋਂ ਪਹਿਲਾਂ ਪੈਲੀ ਸ਼ਾਹੂਕਾਰਾਂ ਦੀ ਹੋ ਗਈ ਪਰ ਕਰਜਾ ਜਿਓਂ ਦਾ ਤਿਓਂ ਖਲੋਤਾ  ਹੈ। ਸਰਕਾਰਾਂ ਨੇ ਕਦੇ ਇਹ ਨਹੀਂ ਸੋਚਿਆ ‘ਖੇਤਾਂ ਦੇ ਪੁੱਤ ਕਿਉਂ ਲੁੱਟੇ ਗਏ’। ਬੁੱਢੇ ਮਾਪਿਆਂ ਨੂੰ ਕਿਉਂ ਅਰਥੀਆਂ ਨੂੰ ਮੋਢੇ ਦੇਣੇ ਪੈਂਦੇ ਨੇ । ਗੁਰੂ ਘਰਾਂ ’ਚੋਂ ਗ੍ਰੰਥੀ ਸਿੰਘ ਨੂੰ ਕਿਉਂ ਬੋਲਣੈ ਪੈਂਦਾ ਹੈ… ਫਲਾਣਾ ਸਿੰਓ ਦੇ ਸਸਕਾਰ ਦੀ ਤਿਆਰੀ ਐ।      ਸੰਗਰੂਰ ਜਿਲ੍ਹੇ ਦੇ ਪਿੰਡ ਹਰੀਗੜ੍ਹ ਦੀ ਵਿਧਵਾ ਰੂਬਲਪ੍ਰੀਤ ਕੌਰ ਦੀ ਕਾਹਦੀ ਦਿਵਾਲੀ ਜਿਸ ਦਾ ਪਤੀ ਕਿਸਾਨ ਗੁਰਦੀਪ ਸਿੰਘ (40) ਨੇ ਲੰਘੀ 23 ਅਕਤੂਬਰ ਨੂੰ ਖੁਦਕਸ਼ੀ ਕਰ ਲਈ ਸੀ।  ਇਸ ਨੌਜਵਾਨ ਕਿਸਾਨ ਨੇ ਪੈਲੀ ਦੇ ਬਚਾਓ ਲਈ ਹਰ ਹੀਲਾ ਵਸੀਲਾ ਕੀਤਾ। ਜਦੋਂ ਫਸਲਾਂ ਨੇ ਹੰਭਾ ਦਿੱਤਾ ਤਾਂ ਉਹ ਜਹਾਨੋਂ ਰੁਖਸਤ ਹੋ ਗਿਆ। ਪਿੱਛੇ ਬਚੀ ਉਸ ਦੀ ਵਿਧਵਾ, ਛੇ ਕੁ ਸਾਲ ਦੀ ਧੀ ਅਤੇ 4 ਸਾਲ ਦੇ ਪੁੱਤ  ਕੋਲ ਹੁਣ ਕਰਜ਼ਾ ਬਚਿਆ ਹੈ ਜਾਂ ਫਿਰ ਅਲਾਮਤਾਂ ਦੇ ਝੰਬੇ ਖੇਤ। ਕਿਸਾਨ ਗੁਰਦੀਪ ਸਿੰਘ ਦੀ ਪਤਨੀ ਦੇ ਹੰਝੂ ਖੇਤਾਂ ਦੀ ਉਲਝੀ ਤਾਣੀ ਦੀ ਗਵਾਹੀ ਭਰ ਰਹੇ ਸਨ। ਮਾਨਸਾ ਜਿਲ੍ਹੇ ਦੇ  ਪਿੰਡ ਸਿਰਸੀ ਵਾਲਾ ਦਾ ਨੌਜਵਾਨ ਯਾਦਵਿੰਦਰ ਸਿੰਘ 12 ਫਰਵਰੀ 2016 ਨੂੰ ਬੈਂਕ ਦੇ ਕਰਜੇ ਕਾਰਨ ਰੁਖਸਤ ਹੋ ਗਿਆ ਸੀ।
                   ਉਸ ਨੇ ਖੇਤੀ ਲਈ ਕਈ ਹੀਲੇ ਵਸੀਲੇ ਕੀਤੇ ਪਰ ਸਫਲ ਨਾਂ ਹੋਇਆ। ਪਿਛੇ ਬਚੇ ਵਿਧਵਾ ਦੇ ਹੌਕੇ ਅਤੇ ਬੱਚਿਆਂ ਤੇ ਮਾਪਿਆਂ ਦੀ ਨਾਂ ਮੁੱਕਣ ਵਾਲੀ ਉਡੀਕ। ਵਕਤ ਨੇ ਇਸ ਪ੍ਰੀਵਾਰ ਦੀ ਚੰਗੇ ਦਿਨਾਂ ਦੀ ਉਮੀਦ ਨੂੰ ਤੋੜਕੇ ਰੱਖ ਦਿੱਤਾ ਹੈ। ਸਿਰਫ ਦਿਵਾਲੀ ਹੀ ਨਹੀਂ ਕਿਸੇ ਤਿੱਥ ਤਿਉਹਾਰ ਮੌਕੇ ਵੀ ਇਸ ਘਰ ’ਚ ਕੜੀ ਵਰਗੇ ਗੱਭਰੂ ਦੀ ਯਾਦ ਖੁਸ਼ੀਆਂ ਵਾਲੇ ਰੰਗ ਬੱਝਣ ਨਹੀਂ ਦਿੰਦੀ ਹੈ।   ਬਠਿੰਡਾ ਜਿਲ੍ਹੇ ਦੇ ਪਿੰਡ  ਫੂਲੇਵਾਲਾ ਦੇ ਕਿਸਾਨ ਸੁਖਚੈਨ ਸਿੰਘ ਪੁੱਤਰ ਪ੍ਰੀਤਮ ਸਿੰਘ ਨੇ ਸਤੰਬਰ ਮਹੀਨੇ ’ਚ ਕਰਜੇ ਦੁੱਖੋਂ ਖੁਦਕਸ਼ੀ ਕਰ ਲਈ ਸੀ। ਉਸ ਨੇ ਸੌਖਾ ਸਾਹ ਲਿਆਉਣ ਲਈ 9 ਏਕੜ ਪੈਲੀ ਠੇਕੇ ਤੇ ਲਈ ਸੀ ਜਿਸਨੇ ਸਾਥ ਨਾਂ ਦਿੱਤਾ ।
      ਜਦੋਂ ਕੋਈ ਵਾਹ ਨਾਂ ਚੱਲੀ ਤਾਂ ਅੰਤ ਨੂੰ ਸੁਖਚੈਨ ਸਿੰਘ ਫਸਲ ਬਚਾਉਣ ਲਈ ਲਿਆਂਦੀ ਜਹਿਰ ਖੁਦ ਪੀਕੇ ਇਸ ਜਹਾਨ ਨੂੰ ਅਲਵਿਦਾ ਆਖ ਗਿਆ। ਪਿੰਡ ਵਾਲੇ ਆਖਦੇ ਹਨ, ਸੁਖਚੈਨ ਸਿਹੁੰ ਭਲਾ ਬੰਦਾ ਸੀ। ਸਰਕਾਰ ਨੂੰ ਇਹ ਗੱਲ ਸਮਝ ਪੈਂਦੀ ਤਾਂ ਇੰਜ ਨਹੀਂ ਹੋਣੀ ਸੀ। ਮਾਨਸਾ ਜਿਲ੍ਹੇ ਦੇ ਪਿੰਡ ਬੁਰਜ ਢਿੱਲਵਾਂ ਦੇ ਨੌਜਵਾਨ ਮਿੰਟੂ ਸਿੰਘ ਵੱਲੋਂ ਕੀਤੀ ਖੁਦਕਸ਼ੀ ਵੀ ਪੈਲੀਆਂ ਦੇ ਰੁੱਸ ਜਾਣ ਦਾ ਸਿੱਟਾ ਹੈ। ਕਰਜੇ ਕਾਰਨ ਇਸ ਨੌਜਵਾਨ ਨੇ ਤਾਂ ਅਜੇ ਜਿੰਦਗੀ ਸ਼ੁਰੂ ਵੀ ਨਹੀਂ ਕੀਤੀ ਸੀ ਕਿ ਉਹ ਕਰਜੇ ਦੇ ਚੱਕਰਵਿਊ ’ਚ ਉਲਝ ਗਿਆ। ਜਦੋਂ ਇਹੋ ਕਰਜਾ 4 ਲੱਖ ਤੱਕ ਪੁੱਜ ਗਿਆ ਤਾਂ ਸਲਫਾਸ ਦੀ ਗੋਲੀ ਹੋਣੀ ਬਣਕੇ ਟੱਕਰ ਗਈ।
          ਮਾਨਸਾ ਦੇ ਪਿੰਡ ਖਿਆਲਾ ਕਲਾਂ ਦਾ ਕਿਸਾਨ ਰਣਜੀਤ ਸਿੰਘ ਸਿਰਫ ਛੇ ਕਨਾਲ ਜਮੀਨ ਹੋਣ ਕਰਕੇ ਠੇਕੇ ਤੇ ਪੈਲੀ ਲੈਕੇ ਖੇਤੀ ਕਰਦਾ ਸੀ। ਮਾਂ ਅਤੇ ਬਾਪ ਦੋਵਾਂ ਨੂੰ ਕੈਂਸਰ ਹੋ ਗਿਆ ਜਿਸ ਨੇ ਘਰ ਦਾ ਭਾਂਡਾ ਮੂਧਾ ਮਾਰ ਦਿੱਤਾ। ਉੱਪਰੋਂ  ਫਸਲਾਂ ਦੇ ਖਰਾਬੇ ਕਾਰਨ ਕਰਜਾ ਚੜ੍ਹਦਾ ਗਿਆ ਜਿਸ ਨੇ ਰਣਜੀਤ ਸਿੰਘ ਦੀ ਜਾਨ ਲੈ ਲਈ। ਪੁੱਤ ਦੇ ਚਲੇ ਜਾਣ ਪਿੱਛੋਂ  ਦੱਖ ਨਾਂ ਸਹਾਰਦਾ ਹੋਇਆ ਬਿਰਧ ਪਿਤਾ ਵੀ ਜਹਾਨੋਂ ਤੁਰ ਗਿਆ। ਹੁਣ ਪਿੱਛੇ ਕੈਂਸਰ ਪੀੜਤ ਬਿਰਧ ਮਾਂ ਦੁੱਖਾਂ ਦੀ ਪੰਡ ਨਾਲ ਆਖਰੀ ਦਿਨਾਂ ਦੀ ਉਡੀਕ ਕਰ ਰਹੀ ਹੈ। ਇਸ ਬਿਰਧ ਦੀ ਅਰਥੀ ਨੂੰ ਕੋਈ ਮੋਢਾ ਦੇਣ ਵਾਲਾ ਵੀ ਨਹੀਂ ਰਿਹਾ ਹੈ।
 ਲੀਡਰਾਂ ਲਈ ਵੋਟ ਬੈਂਕ ਖੁਦਕਸ਼ੀ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਸੀ ਕਿ ਜੇਕਰ ਹਕੂਮਤ ਬੇਵੱਸ ਹੋਏ ਖੇਤਾਂ ਦੀ ਨਜ਼ਾਕਤ ਸਮਝਦੀ ਤਾਂ ਇੰਨ੍ਹਾਂ ਪ੍ਰੀਵਾਰਾਂ ਦੇ ਘਰਾਂ ਵਿੱਚ ਵੀ ਦੁੱਖਾਂ ਦੇ ਦੀਵਿਆਂ ਦੀ ਥਾਂ ਖੁਸ਼ੀਆਂ ਦੇ ਦੀਵੇ ਜਗਣੇ ਸਨ। ਉਨ੍ਹਾਂ ਕਿਹਾ ਕਿ ਲੀਡਰਾਂ ਨੇ ਕਿਹਾ ਤਾਂ ਇਹ ਵੀ ਸੀ ਕਿ ਹੁਣ ਖੁਦਕਸ਼ੀਆਂ ਨਹੀਂ ਹੋਣਗੀਆਂਪਰ ਇਹ ਸਿਲਸਿਲਾ ਰੁਕਿਆ ਨਹੀਂ ਹੈ । ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਸਿਆਸੀ ਲੀਡਰਾਂ ਨੇ ਤਾਂ ਖੁਦਕਸ਼ੀ ਨੂੰ ਵੀ ਵੋਟਾਂ ਲਈ ਵਰਤਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਲਗਾਤਾਰ  ਮਰ ਰਹੀ ਹੈ ਪਰ ਸਰਕਾਰਾਂ  ਨੇ ਸਿਵਾਏ ਮੱਗਰਮੱਛ ਦੇ ਹੰਝੂ ਵਹਾਉਣ ਤੋਂ ਕੁੱਝ ਨਹੀਂ ਕੀਤਾ ਹੈ।

 ਦਿਵਾਲੀ ਨੂੰ ਕਦੇ  ਲੱਛਮੀ ਨਹੀ ਆਈ
 ਮਾਲਵੇ ’ਚ ਵੱਡੀ ਗਿਣਤੀ ਘਰ ਕੱਚੇ ਹਨ ਜਿੰਨ੍ਹਾਂ ਦੇ ਘਰ ਨੂੰ ਪੱਕੀ ਇੱਟ ਨਸੀਬ ਨਹੀਂ ਹੋਈ ਜਦੋਂਕਿ ਕਈ ਘਰਾਂ ਦੇ ਬੂਹਾ ਨਹੀਂ ਹੈ। ਘਰਾਂ ਤੋਂ ਸੱਖਣੇ ਦਲਿਤ ਪ੍ਰੀਵਾਰਾਂ ਦਾ ਸਵਾਲ ਹੈ ਕਿ ਉਹ ਕਿਹੜੇ ਬਨੇਰਿਆਂ ਤੇ ਦੀਵੇ ਲਾਉਣ। ਮਜ਼ਦੂਰ ਆਖਦੇ ਹਨ ਕਿ ਬੂਹੇ ਨਾਂ ਹੋਣ ਦੇ ਬਾਵਜੂਦ ਉਨ੍ਹਾਂ ਦੇ ਘਰ ਕਦੇ ਲੱਛਮੀ ਨਹੀਂ ਆਈ।  ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਜਰਨਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਆਖਦੇ ਹਨ ਕਿ  ਪੰਜਾਬ ਦੇ ਇੱਕ ਪਾਸੇ ਦੀ ਇਹ ਤਸਵੀਰ ਹੈ, ਜੋ ਦੀਵਾਲੀ ਦੀ ਰੌਸ਼ਨੀ ਤੋਂ ਅਣਭਿੱਜ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਦੇ ਬੂਹਿਆਂ ‘ਤੇ ਉਦੋਂ ਹੀ ਦੀਪ ਜਲਣਗੇ ਜਦੋਂ ਉਨ੍ਹਾਂ ਦੀ ਜ਼ਿੰਦਗੀ ਦੁੱਖਾਂ ਦੀ ਵਲਗਣ ‘ਚੋਂ ਬਾਹਰ ਨਿਕਲੇਗੀ।

Advertisement
Advertisement
Advertisement
Advertisement
Advertisement
error: Content is protected !!