ਪਾਰਵਤੀ ਮਿਲ ਦੇ ਮਾਲਕ ਸਣੇ ਤਿੰਨ ਗ੍ਰਿਫ਼ਤਾਰ-ਐਸ.ਪੀ. ਚੀਮਾ
ਰਾਜੇਸ਼ ਗੌਤਮ ਪਟਿਆਲਾ
ਪਟਿਆਲਾ ਪੁਲਿਸ ਨੇ ਭਵਾਨੀਗੜ੍ਹ ਰੋਡ ਤੇ ਸਥਿਤ ਪਟਿਆਲਾ ਗਲੇਸ਼ੀਅਰ ਹਸਪਤਾਲ ਵਿਖੇ ਮਿਤੀ 6 ਜੂਨ 2020 ਨੂੰ ਚੌਂਕੀਦਾਰ ਨੂੰ ਡਰਾ ਧਮਕਾ ਕੇ ਅਤੇ ਬੰਨ੍ਹ ਕੇ 8 ਟਨ ਦੇ ਕਰੀਬ ਸਰੀਏ ਦੇ ਡਾਕੇ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਮਾਮਲੇ ਨੂੰ ਸੁਲਝਾਉਂਦਿਆਂ ਇਸ ਡਾਕੇ ਦੇ ਮੁੱਖ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਐਸ.ਪੀ. ਟ੍ਰੈਫਿਕ ਅਤੇ ਸੁਰੱਖਿਆ ਪਟਿਆਲਾ ਸ. ਪਲਵਿੰਦਰ ਸਿੰਘ ਚੀਮਾ ਨੇ ਸਮਾਣਾ ਵਿਖੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ। ਇਸ ਮੌਕੇ ਉਨ੍ਹਾਂ ਦੇ ਨਾਲ ਡੀ.ਐਸ.ਪੀ. (ਜਾਂਚ) ਸ੍ਰੀ ਕ੍ਰਿਸ਼ਨ ਕੁਮਾਰ ਪਾਂਥੇ, ਡੀ.ਐਸ.ਪੀ. ਸਮਾਣਾ ਜਸਵੰਤ ਸਿੰਘ ਮਾਂਗਟ ਅਤੇ ਸੀ.ਆਈ.ਏ. ਸਟਾਫ਼ ਸਮਾਣਾ ਦੇ ਇੰਚਾਰਜ ਸਬ ਇੰਸਪੈਕਟਰ ਕਰਨੈਲ ਸਿੰਘ ਮੌਜੂਦ ਸਨ।
ਸ. ਚੀਮਾ ਨੇ ਦੱਸਿਆ ਕਿ ਪਟਿਆਲਾ ਪੁਲਿਸ ਨੇ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਦੀ ਅਗਵਾਈ ਹੇਠ ਇਸ ਮਾਮਲੇ ਨੂੰ ਹੱਲ ਕਰਨ ਲਈ ਟੀਮਾਂ ਦਾ ਗਠਨ ਕੀਤਾ ਸੀ, ਜਿਸ ਤਹਿਤ ਸੀ.ਆਈ.ਏ. ਸਟਾਫ਼ ਇੰਚਾਰਜ ਸਮਾਣਾ ਐਸ.ਆਈ. ਕਰਨੈਲ ਸਿੰਘ ਦੀ ਪੁਲਿਸ ਪਾਰਟੀ ਨੇ ਇੱਕ ਗੁਪਤ ਸੂਚਨਾ ਦੇ ਅਧਾਰ ‘ਤੇ ਮਿਤੀ 12 ਜੂਨ 2020 ਨੂੰ ਸੁਭਾਸ਼ ਕੁਮਾਰ ਪੁੱਤਰ ਸ਼ਿਵ ਭੂਸ਼ਨ ਵਾਸੀ ਰਾਮ ਨਗਰ ਮੰਡੀ ਗੋਬਿੰਦਗੜ, ਦੇਸ ਰਾਜ ਪੁੱਤਰ ਸ਼ਾਹ ਰਾਮ ਵਾਸੀ ਕਪੂਰਗੜ ਥਾਣਾ ਅਮਲੋਹ ਅਤੇ ਭੂਸ਼ਨ ਲਾਲ ਪੁੱਤਰ ਕ੍ਰਿਸ਼ਨ ਚੰਦ ਵਾਸੀ ਦਸ਼ਮੇੇਸ਼ ਕਲੋਨੀ ਗੋਬਿੰਦਗੜ੍ਹ ਨੂੰ ਪਾਰਵਤੀ ਫੈਕਟਰੀ ਤੋਂ ਕਾਬੂ ਕੀਤਾ ਹੈ।
ਸ. ਚੀਮਾ ਨੇ ਦੱਸਿਆ ਕਿ ਪਾਰਵਤੀ ਮਿਲ ਦੇ ਮਾਲਕ ਭੂਸ਼ਨ ਕੋਲੋਂ ਡਾਕੇ ਦੀ ਸਾਜਿਸ਼ ਦੇ ਮੁੱਖ ਸਰਗਨੇ ਦੇਸ ਰਾਜ ਵਾਸੀ ਕਪੂਰਗੜ੍ਹ ਅਤੇ ਟਰੱਕ ਦੇ ਡਰਾਇਵਰ ਸੁਭਾਸ ਨੂੰ ਮੌਕੇ ਤੋਂ ਗ੍ਰਿਫ਼ਤਾਰ ਕੀਤਾ ਹੈ ਜਿੱਥੇ ਕਿ ਪਰਵਤੀ ਮਿਲ ਦੇ ਮਾਲਕ ਪਾਸੋਂ ਇਹ ਸਰੀਏ ਦੇ ਬਦਲੇ ਪੈਸੇ ਲੈਣ ਲਈ ਆਏ ਸਨ ਅਤੇ ਇਹ ਸਰੀਆ 2 ਲੱਖ ਰੁਪਏ ਵਿੱਚ ਪਾਰਵਤੀ ਮਿਲ ਦੇ ਮਾਲਕ ਨੂੰ ਵੇਚਿਆ ਸੀ। ਸੁਭਾਸ਼ ਕੋਲੋਂ ਮੌਕਾ ਵਾਰਦਾਤ ਸਮੇਂ ਵਰਤੀ ਗਈ ਕਿਰਪਾਨ ਸਮੇਤ ਟਰੱਕ ਨੰਬਰ ਪੀ.ਬੀ. 11 ਐਫ਼ 9167 ਅਤੇ 8 ਟਨ ਸਰੀਆ ਬ੍ਰਾਮਦ ਕਰਵਾਇਆ ਗਿਆ ਅਤੇ ਇਨ੍ਹਾਂ ਕੋਲੋਂ ਪੁੱਛ ਗਿੱਛ ਜਾਰੀ ਹੈ। ਐਸ.ਪੀ. ਚੀਮਾ ਨੇ ਦੱਸਿਆ ਕਿ ਸੁਭਾਸ਼ ਕੁਮਾਰ ਵਿਰੁੱਧ ਪਹਿਲਾਂ ਵੀ ਮੁਕਦਮੇ ਦਰਜ ਹਨ ਜਿਸ ਸੰਬੰਧੀ ਪੜਤਾਲ ਜਾਰੀ ਹੈ।
ਇਸ ਵਾਰਦਾਤ ਵਿੱਚ ਸੁਭਾਸ ਪੁੱਤਰ ਸਿਵ ਭੁਸਣ ਵਾਸੀ ਰਾਮ ਨਗਰ ਮੰਡੀ ਗੋਬਿੰਦਗੜ ਹੈ ਉਸ ਖ਼ਿਲਾਫ਼ ਪਹਿਲਾਂ ਵੀ ਪੁਲਿਸ ਸਟੇਸ਼ਨ ਫੋਕਲ ਪੁਆਇੰਟ ਲੁਧਿਆਣਾ ਵਿੱਚ ਪਹਿਲਾਂ ਵੀ ਸਰੀਆ ਚੋਰੀ ਦਾ ਮੁਕੱਦਮਾ ਦਰਜ ਹੈ ਜਿਸ ਵਿੱਚ ਇਹ ਜਮਾਨਤ ‘ਤੇ ਹੈ। ਇਸ ਵਿੱਚ ਮਾਮਲੇ ‘ਚ ਦੋਸ਼ੀਆਂ ਦਾ ਸਾਥ ਦੇਣ ਵਾਲੇ ਅਤੇ ਮਜਦੂਰੀ ਦਾ ਕੰਮ ਕਰਦੇ ਪਾਂਡਵਾ, ਲੰਬੂ, ਸੰਨੀ, ਛੋਟੂ, ਵਿੱਕੀ ਦੀ ਭਾਲ ਜਾਰੀ ਹੈ ਅਤੇ ਇਨ੍ਹਾਂ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।