ਗਗਨ ਹਰਗੁਣ, ਬਰਨਾਲਾ 15 ਅਕਤੂਬਰ 2023
ਖੇਡਾਂ ਵਤਨ ਪੰਜਾਬ ਦੀਆਂ ਤਹਿਤ ਐੱਸ.ਡੀ ਕਾਲਜ ਬਰਨਾਲਾ ਵਿਖੇ ਨੈੱਟਬਾਲ (ਲੜਕੀਆਂ) ਦੇ ਸੂਬਾ ਪੱਧਰੀ ਮੁਕਾਬਲੇ ਸ਼ਾਨੋਂ-ਸ਼ੌਕਤ ਨਾਲ ਸਮਾਪਤ ਹੋ ਗਏ। ਜ਼ਿਲ੍ਹਾ ਖੇਡ ਅਫ਼ਸਰ ਮੈਡਮ ਉਮੇਸ਼ਵਰੀ ਸ਼ਰਮਾ ਨੇ ਜੇਤੂਆਂ ਨੂੰ ਇਨਾਮ ਤਕਸੀਮ ਕਰਦਿਆਂ ਇਨ੍ਹਾਂ ਮੁਕਾਬਲਿਆਂ ਦੀ ਸਫ਼ਲਤਾ ‘ਤੇ ਪ੍ਰਬੰਧਕਾਂ ਤੇ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ। ਉਹਨਾਂ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਕਰਵਾਏ ਗਏ ਇਹਨਾਂ ਮੁਕਾਬਲਿਆਂ ਵਿੱਚ ਹਿੱਸਾ ਲੈਣ ਤੋਂ ਬਾਅਦ ਜ਼ਿਲ੍ਹੇ ਅੰਦਰ ਖੇਡਾਂ ਦੇ ਪ੍ਰਤੀ ਰੁਚੀ ਵਿੱਚ ਵਾਧਾ ਹੋਵੇਗਾ।
ਇਸ ਮੌਕੇ ਕਨਵੀਨਰ ਪ੍ਰੋ. ਬਲਵਿੰਦਰ ਕੁਮਾਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਡਰ 14 ਵਿੱਚ ਮਾਨਸਾ ਨੇ ਪਹਿਲਾ, ਬਠਿੰਡਾ ਨੇ ਦੂਜਾ ਤੇ ਬਰਨਾਲਾ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ 17 ਵਿੱਚ ਮਾਨਸਾ ਨੇ ਪਹਿਲਾ, ਲੁਧਿਆਣਾ ਨੇ ਦੂਜਾ ਤੇ ਫਾਜ਼ਿਲਕਾ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ 21 ਵਰਗ ਵਿੱਚ ਬਰਨਾਲਾ ਪਹਿਲੇ, ਮਾਨਸਾ ਦੂਜੇ ਤੇ ਫਾਜ਼ਿਲਕਾ ਤੀਜੇ ਨੰਬਰ ‘ਤੇ ਰਿਹਾ। 21-30 ਵਰਗ ਵਿੱਚ ਬਰਨਾਲਾ ਨੇ ਪਹਿਲਾ ਤੇ ਮਾਨਸਾ ਨੇ ਦੂਜਾ, ਜਦਕਿ 31-40 ਵਰਗ ਵਿੱਚ ਬਠਿੰਡਾ ਪਹਿਲੇ, ਬਰਨਾਲਾ ਦੂਜੇ ਤੇ ਅੰਮ੍ਰਿਤਸਰ ਤੀਜੇ ਸਥਾਨ ‘ਤੇ ਰਿਹਾ।
ਇਸ ਮੌਕੇ ਗਗਨਦੀਪ ਸਿੰਗਲਾ, ਸਬ ਇੰਸਪੈਕਟਰ ਅਵਤਾਰ ਸਿੰਘ, ਐਸਡੀਓ ਪ੍ਰਦੀਪ ਸ਼ਰਮਾ, ਗੁਰਵਿੰਦਰ ਕੌਰ, ਡਾ.ਬਹਾਦਰ ਸਿੰਘ, ਪ੍ਰੋ.ਜਸਵਿੰਦਰ ਕੌਰ ਜੱਸੀ, ਗਗਨਦੀਪ ਕੌਰ, ਰੋਹਿਤ ਗੋਇਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਖਿਡਾਰੀ ਹਾਜ਼ਰ ਸਨ।