16 ਅਕਤੂਬਰ ਨੂੰ ਚੋਣ ਰੋਕਣ ਲਈ ਦਾਇਰ ਹੋ ਸਕਦੀ ਐ ਹਾਈਕੋਰਟ ਵਿੱਚ ਰਿਟ !
ਹਰਿੰਦਰ ਨਿੱਕਾ, ਬਰਨਾਲਾ 14 ਅਕਤੂਬਰ 2023
ਨਗਰ ਕੌਂਸਲ ਦੀ ਪ੍ਰਧਾਨਗੀ ਦੇ ਅਹੁਦੇ ਤੇ ਬੈਠਣ ਲਈ ਕਰੀਬ ਅਠਾਰਾਂ ਮਹੀਨਿਆਂ ਤੋਂ ਬੇਤਾਬ ਆਮ ਆਦਮੀ ਪਾਰਟੀ ਦੇ ਆਗੂਆਂ ਦੀਆਂ ਉਡੀਕਦੀਆਂ ਘੜੀਆਂ ਹੁਣ ਮੁੱਕ ਗਈਆਂ ਹਨ। ਨਗਰ ਕੌਂਸਲ ਦੇ ਪ੍ਰਧਾਨ ਦੇ ਅਹੁਦੇ ਦੀ ਚੋਣ, ਕੌਂਸਲ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆਂ ਨੂੰ ਅਹੁਦਿਓਂ ਲਾਹੁਣ ਲਈ ਜ਼ਾਰੀ ਪੱਤਰ ਤੋਂ ਤਿੰਨ ਦਿਨ ਬਾਅਦ ਪ੍ਰਧਾਨਗੀ ਦੀ ਚੋਣ ਲਈ ਤਾਰੀਖ ਅਤੇ ਸਮਾਂ ਨਿਸਚਿਤ ਕਰ ਦਿੱਤਾ ਗਿਆ ਹੈ। ਬੇਸ਼ੱਕ ਇਹ ਪੱਤਰ ਅੱਜ ਜਾਰੀ ਕੀਤਾ ਗਿਆ ਹੈ,ਪਰੰਤੂ ਇਸ ਦੇ ਜ਼ਾਰੀ ਕਰਨ ਦੀ ਤਾਰੀਖ ਲੰਘੀ ਕੱਲ੍ਹ ਦੀ ਅੰਕਿਤ ਕੀਤੀ ਗਈ ਹੈ। ਐਸ.ਡੀ.ਐਮ. ਵੱਲੋਂ ਜ਼ਾਰੀ ਪੱਤਰ ਮੁਤਾਬਕ 17 ਅਕਤੂਬਰ 2023 ਨੂੰ ਸਵੇਰੇ 11 ਵਜੇ ਨਗਰ ਕੌਂਸਲ ਦਫਤਰ ਦੇ ਲਾਇਬਰੇਰੀ ਹਾਲ ਵਿਖੇ ਰੱਖੀ ਗਈ ਹੈ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਨਗਰ ਕੌਂਸਲ ਦੇ ਮੀਤ ਪ੍ਰਧਾਨ ਦੇ ਅਹੁਦੇ ਦੀ ਮਿਆਦ ਪੁੱਗਣ ਤੋਂ ਕਰੀਬ ਡੇਢ ਸਾਲ ਬਾਅਦ ਵੀ ਨਹੀਂ ਮੀਤ ਪ੍ਰਧਾਨ ਦੀ ਚੋਣ ਕਰਵਾਉਣ ਦਾ ਪੱਤਰ ਵਿੱਚ ਕੋਈ ਜ਼ਿਕਰ ਨਹੀਂ ਹੈ। ਜਦੋਂਕਿ ਪਹਿਲਾਂ ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਅਤੇ ਮੀਤ ਪ੍ਰਧਾਨ ਨਰਿੰਦਰ ਗਰਗ ਨੀਟਾ ਦੀ ਚੋਣ ਇੱਕੋ ਦਿਨ ਇੱਕੋ ਹੀ ਮੀਟਿੰਗ ਵਿੱਚ ਹੋਈ ਸੀ। ਜਿਕਰਯੋਗ ਹੈ ਕਿ ਮੀਤ ਪ੍ਰਧਾਨ ਦੇ ਅਹੁਦੇ ਦੀ ਚੋਣ ਸਿਰਫ ਇੱਕ ਸਾਲ ਲਈ ਹੀ ਹੁੰਦੀ ਹੈ। ਪ੍ਰਧਾਨ ਦੇ ਅਹੁਦੇ ਦੀ ਦੌੜ ਵਿੱਚ ਸ਼ਾਮਿਲ ਕੌਂਸਲਰਾਂ ਨੇ ਵੀ ਆਪੋ ਆਪਣੀ ਰਣਨੀਤੀ ਘੜ੍ਹਨ ਲਈ ਜੋੜ ਤੋੜ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। ਪਤਾ ਲੱਗਿਆ ਹੈ ਕਿ ਸਭ ਤੋਂ ਪ੍ਰਮੁੱਖ ਦਾਵੇਦਾਰ
ਆਪ ਦੇ ਟਕਸਾਲੀ ਕੌਂਸਲਰ ਰੁਪਿੰਦਰ ਸਿੰਘ ਸ਼ੀਤਲ ਹਨ। ਜਦੋਂਕਿ ਕਾਂਗਰਸ ਨੂੰ ਛੱਡ ਕੇ ਆਪ ਵਿੱਚ ਸ਼ਾਮਿਲ ਹੋਏ ਪਰਮਜੀਤ ਸਿੰਘ ਜੌਂਟੀ ਮਾਨ ਵੀ ਆਪਣੇ ਸਮਰਥਕ ਕੌਂਸਲਰਾਂ ਦੇ ਸਹਾਰੇ ਪ੍ਰਧਾਨਗੀ ਦੇ ਅਹੁਦੇ ਤੇ ਕਾਬਿਜ ਹੋਣ ਲਈ ਕਾਫੀ ਯਤਨਸ਼ੀਲ ਹਨ। ਪਰੰਤੂ ਪ੍ਰਧਾਨਗੀ ਦਾ ਤਾਜ਼, ਕਿਹੜੇ ਕੌਂਸਲਰ ਦੇ ਸਿਰ ਸਜਾਉਣਾ ਹੈ, ਇਹ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਹੱਥ ਵੱਸ ਹੀ ਹੈ। ਇਸੇ ਲਈ ਦੋਵੇਂ ਪ੍ਰਮੁੱਖ ਦਾਵੇਦਾਰਾਂ ਦੀ ਟੇਕ ਮੀਤ ਹੇਅਰ ਤੇ ਹੀ ਟਿਕੀ ਹੋਈ ਹੈ। ਅਹੁਦਿਓਂ ਲਾਹੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਦੇ ਕਰੀਬੀ ਸੂਤਰਾਂ ਅਨੁਸਾਰ ਉਨ੍ਹਾਂ ਨੇ ਅਹੁਦੇ ਤੋਂ ਲਾਹੇ ਜਾਣ ਦੇ ਹੁਕਮਾਂ ਨੂੰ ਚੈਲਿੰਜ ਕਰਨ ਲਈ ਆਪਣੇ ਵਕੀਲ ਰਾਹੀਂ ਰਿੱਟ ਦਾਇਰ ਕਰਨ ਦਾ ਮਨ ਬਣਾ ਲਿਆ ਹੈ। ਰਿਟ ਤਿਆਰ ਹੈ ਤੇ ਇਹ ਰਿੱਟ ਸੋਮਵਾਰ ਨੂੰ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ ਦਾਇਰ ਕੀਤੀ ਜਾਵੇਗੀ। ਜਿਸ ਸਬੰਧੀ ਨਵੀਂ ਚੋਣ , ਉਦੋਂ ਤੱਕ ਨਾ ਕਰਵਾਉਣ ਲਈ ਅਪੀਲ ਕੀਤੀ ਜਾਵੇਗੀ, ਜਦੋਂ ਤੱਕ ਪ੍ਰਧਾਨ ਨੂੰ ਲਾਹੇ ਜਾਣ ਸਬੰਧੀ , ਸਥਾਨਕ ਸਰਕਾਰ ਦੇ ਸੈਕਟਰੀ ਵੱਲੋਂ ਜ਼ਾਰੀ ਹੁਕਮਾਂ ਸਬੰਧੀ ਕੇਸ ਪੈਡਿੰਗ ਰਹੇਗਾ।