ਹਰਿੰਦਰ ਨਿੱਕਾ , ਬਰਨਾਲਾ 14 ਅਕਤੂਬਰ 2023
ਹਰ ਟੇਡਾ-ਵਿੰਗਾ ਢੰਗ ਅਪਣਾ ਕੇ ਵਿਦੇਸ਼ ਜਾਣ ਲਈ ਕਾਹਲਿਆਂ ਨਾਲ ਠੱਗੀਆਂ ਦਰ ਠੱਗੀਆਂ ਵੱਜਣਾ ਆਮ ਗੱਲ ਹੋ ਗਈ ਹੈ। ਇਸੇ ਤਰਾਂ ਦੀ ਇੱਕ ਠੱਗੀ ਦੀ ਘਟਨਾ, ਥਾਣਾ ਸਿਟੀ 1 ਬਰਨਾਲਾ ਦੇ ਤਹਿਤ ਪੈਂਦੇ ਪਿੰਡ ਸੰਘੇੜਾ ਦੇ ਰਹਿਣ ਵਾਲੇ ਨੌਜਵਾਨ ਨਾਲ ਵੱਜੀ ਹੈ। ਦੋ ਸਾਲ ਪਹਿਲਾਂ ਪੁਲਿਸ ਨੂੰ ਦਿੱਤੀ ਸ਼ਕਾਇਤ ਦੀ ਲੰਬਾ ਅਰਸਾ ਪੜਤਾਲ ਚਲਦੀ ਰਹੀ। ਆਖਿਰ ਜਦੋਂ ਗੱਲ ਕਿਸੇ ਤਣ-ਪੱਤਣ ਨਹੀਂ ਲੱਗੀ ਤਾਂ ਪੁਲਿਸ ਨੇ ਸਾਜਿਸਨ ਠੱਗੀ ਦੇ ਜ਼ੁਰਮ ਵਿੱਚ ਦੋ ਭੈਣਾਂ ਦੇ ਖਿਲਾਫ ਕੇਸ ਦਰਜ ਕਰਕੇ, ਮਾਮਲੇ ਦੀ ਤਫਤੀਸ਼ ਅਤੇ ਨਾਮਜ਼ਦ ਦੋਸ਼ਣਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਇਹ ਮੁਕੱਦਮਾ ਦਰਖਾਸਤ ਨੰਬਰ 2236/VP ਮਿਤੀ 30-08-2021 ਦੇ ਅਧਾਰ ਪਰ ਦਰਜ਼ ਕੀਤਾ ਗਿਆ ਹੈ।
ਪੁਲਿਸ ਵੱਲੋਂ ਦਰਜ਼ ਐਫ.ਆਈ.ਆਰ. ਅਨੁਸਾਰ ਮੁਦਈ ਗਗਨਦੀਪ ਸਿੰਘ ਭੰਗੂ ਪੁੱਤਰ ਹਰਬੰਸ ਸਿੰਘ ਭੰਗੂ ਵਾਸੀ ਆਕੀ ਪੱਤੀ ਸੰਘੇੜਾ ਦੀ ਸ਼ਾਦੀ ਜਸਜੀਤ ਕੌਰ ਨਾਲ ਹੋਈ ਸੀ ,ਜੋਕਿ ਕੈਨੇਡਾ ਦੀ ਪੀ.ਆਰ ਸੀ ਅਤੇ ਕੁੜੀ ਵਾਲਿਆਂ ਦੀ ਮੰਗ ਅਨੁਸਾਰ ਵਿਆਹ ਪਰ ਸਾਰਾ ਖਰਚ ਕਰੀਬ 26 ਲੱਖ ਰੁਪਏ ਮੁਦਈ ਗਗਨਦੀਪ ਸਿੰਘ ਭੰਗੂ ਦੇ ਪਰਿਵਾਰ ਵੱਲੋ ਹੀ ਕੀਤਾ ਗਿਆ ਸੀ । ਪਰੰਤੂ ਵਿਦੇਸ਼ ਜਾਣ ਤੋਂ ਬਾਅਦ ਜਸਜੀਤ ਕੌਰ ਨੇ , ਗਗਨਦੀਪ ਭੰਗੂ ਨਾਲ ਗੱਲ ਕਰਨੀ ਵੀ ਬੰਦ ਕਰ ਦਿੱਤੀ । ਸ਼ਾਦੀ ਦੇ ਕੰਟਰੈਕਟ ਮੁਤਾਬਿਕ ਜਸਜੀਤ ਕੌਰ ਨੇ ਮੁਦਈ ਨੂੰ ਕੈਨੇਡਾ ਵੀ ਨਹੀ ਬੁਲਾਇਆ ਅਤੇ ਟਾਲ-ਮਟੋਲ ਕਰਨ ਲੱਗ ਪਈੇ ‘ਤੇ ਉਸ ਦੀ ਫਾਇਲ ਵੀ ਰਿਜੈਕਟ ਕਰਵਾ ਦਿੱਤੀ ।
ਮੁਦਈ ਨੇ ਇਹ ਵੀ ਦੋਸ਼ ਲਾਇਆ ਕਿ ਹੁਣ ਜਸਜੀਤ ਕੌਰ ਅਤੇ ਉਸ ਦੀ ਭੈਣ ਗਗਨਦੀਪ ਕੌਰ ਪਿੰਡ ਮਾਣਕੀ,ਜਿਲਾ ਸੰਗਰੂਰ ਹੁਣ ਧਮਕੀਆਂ ਦਿੰਦੀਆਂ ਹਨ ਕਿ ਪਹਿਲਾਂ ਜਮੀਨ ਉਨ੍ਹਾਂ ਦੇ ਨਾਮ ਕਰਵਾ ਫਿਰ ਕੈਨੇਡਾ ਬੁਲਾਵਾਗੇ । ਅਜਿਹਾ ਕਰਕੇ ਦੋਵੇਂ ਨਾਮਜ਼ਦ ਦੋਸਣਾਂ ਨੇ ਸਾਜ ਬਾਜ ਹੋ ਕੇ ਧੋਖਾਧੜੀ ਕੀਤੀ ਹੈ ਅਤੇ ਮੁਦਈ ਨਾਲ 26 ਲੱਖ ਰੁਪਏ ਦੀ ਠੱਗੀ ਮਾਰੀ ਹੈ। ਮਾਮਲੇ ਦੇ ਤਫਤੀਸ਼ ਅਧਿਕਾਰੀ ਐਸ.ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਮੁਦਈ ਦੀ ਸ਼ਕਾਇਤ ਪਰ, ਬਾਅਦ ਪੜਤਾਲ ਅਧੀਨ ਜੁਰਮ 420, 120-B IPC ਤਹਿਤ ਥਾਣਾ ਸਿਟੀ ਬਰਨਾਲਾ ਵਿਖੇ ਕੇਸ ਦਰਜ਼ ਕਰਕੇ,ਤਫਤੀਸ਼ ਸ਼ੁਰੂ ਕਰ ਦਿੱਤੀ ਹੈ।