ਗਗਨ ਹਰਗੁਣ, ਬਰਨਾਲਾ, 12 ਅਕਤੂਬਰ 2023
ਸੂਬਾ ਸਰਕਾਰ ਵਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ 2023’ ਤਹਿਤ ਐੱਸ.ਡੀ ਕਾਲਜ ਬਰਨਾਲਾ ਵਿਖੇ ਕਰਵਾਏ ਜਾ ਰਹੇ ਨੈੱਟਬਾਲ (ਲੜਕਿਆਂ) ਦੇ ਸੂਬਾ ਪੱਧਰੀ ਮੁਕਾਬਲੇ ਅੱਜ ਸਮਾਪਤ ਹੋ ਗਏ ਹਨ।
ਇਨ੍ਹਾਂ ਮੁਕਾਬਲਿਆਂ ਵਿੱਚ ਅੰਡਰ 14 ਵਰਗ ਵਿੱਚ ਮਾਨਸਾ ਨੇ ਪਹਿਲਾ, ਸ੍ਰੀ ਮੁਕਤਸਰ ਸਾਹਿਬ ਨੇ ਦੂਜਾ ਤੇ ਬਰਨਾਲਾ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ 17 ਵਿੱਚ ਬਰਨਾਲਾ ਨੇ ਪਹਿਲਾ, ਮਾਨਸਾ ਨੇ ਦੂਜਾ ਅਤੇ ਸੰਗਰੂਰ ਨੇ ਤੀਜਾ, ਅੰਡਰ 21 ਵਿੱਚ ਬਰਨਾਲਾ ਨੇ ਪਹਿਲਾ, ਮਾਨਸਾ ਨੇ ਦੂਜਾ ਤੇ ਬਠਿੰਡਾ ਨੇ ਤੀਜਾ, 21-31 ਵਰਗ ਵਿੱਚ ਬਰਨਾਲਾ ਨੇ ਪਹਿਲਾ, ਬਠਿੰਡਾ ਨੇ ਦੂਜਾ ਤੇ ਪਟਿਆਲਾ ਨੇ ਤੀਜਾ ਅਤੇ 31-40 ਵਿੱਚ ਬਰਨਾਲਾ ਨੇ ਪਹਿਲਾ, ਬਠਿੰਡਾ ਨੇ ਦੂਜਾ ਤੇ ਮਾਨਸਾ ਨੇ ਤੀਜਾ ਸਥਾਨ ਹਾਸਲ ਕੀਤਾ। ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਦਿਆਂ ਪੰਜਾਬ ਨੈੱਟਬਾਲ ਐਸੋਸੀਏਸ਼ਨ ਦੇ ਸਰਪ੍ਰਸਤ ਤੇ ਐੱਸ.ਡੀ ਕਾਲਜ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਤਿੰਦਰ ਨਾਥ ਸ਼ਰਮਾ ਨੇ ਪ੍ਰਬੰਧਕਾਂ ਨੂੰ ਮੁਬਾਰਕਬਾਦ ਦਿੱਤੀ। ਕਨਵੀਨਰ ਬਲਵਿੰਦਰ ਕੁਮਾਰ ਨੇ ਧੰਨਵਾਦੀ ਸ਼ਬਦ ਕਹਿੰਦਿਆਂ ਕਿਹਾ ਕਿ ਭਲਕ ਤੋਂ ਵੱਖ-ਵੱਖ ਵਰਗਾਂ ਵਿੱਚ ਲੜਕੀਆਂ ਦੇ ਮੁਕਾਬਲੇ ਸ਼ੁਰੂ ਹੋਣਗੇ। ਇਸ ਮੌਕੇ ਐੱਸ.ਡੀ ਕਾਲਜ ਪ੍ਰਬੰਧਕ ਕਮੇਟੀ ਦੇ ਵਿੱਤ ਸਕੱਤਰ ਡਾ. ਮੁਕੰਦ ਲਾਲ ਬਾਂਸਲ, ਮੈਂਬਰ ਰਾਹੁਲ ਅੱਤਰੀ, ਪ੍ਰਿੰਸੀਪਲ ਸਾਹਿਬਾਨ ਅਤੇ ਵੱਖ ਵੱਖ ਕੋਚ ਤੇ ਖਿਡਾਰੀ ਹਾਜ਼ਰ ਸਨ।