BTN, ਰਾਜਪੁਰਾ, 11 ਅਕਤੂਬਰ 2023
ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਸੰਭਾਲਣ ਲਈ ਪਿੰਡ ਬਠਲੀ, ਆਕੜ ਤੇ ਆਕੜੀ ਨੇ ਮਿਸਾਲ ਕਾਇਮ ਕਰਦਿਆਂ ਖੇਤ ਵਿੱਚ ਡੰਪ ਬਣਾ ਕੇ ਪਰਾਲੀ ਇਕੱਠੀ ਕਰਨ ਦਾ ਉਪਰਾਲਾ ਕੀਤਾ ਹੈ। ਤਹਿਸੀਲਦਾਰ ਰਾਜਪੁਰਾ ਰਮਨਦੀਪ ਕੌਰ ਨੇ ਪਿਲਖਣੀ, ਸੇਹਰਾ, ਸੇਹਰੀ, ਆਕੜ, ਆਕੜੀ ਤੇ ਬਠਲੀ ਦਾ ਦੌਰਾ ਕਰਕੇ ਜਿੱਥੇ ਮੰਡੀਆਂ ‘ਚ ਝੋਨੇ ਦੀ ਖਰੀਦ ਦਾ ਜਾਇਜ਼ਾ ਲਿਆ, ਉਥੇ ਹੀ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਅਪੀਲ ਵੀ ਕੀਤੀ।
ਪਿੰਡ ਬਠਲੀ ਵਿਖੇ ਕਿਸਾਨਾਂ ਨੇ ਖੁਦ ਦੱਸਿਆ ਕਿ, ”ਇਸ ਵਾਰ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਜੋ ਮਸ਼ੀਨਰੀ ਦੇ ਪ੍ਰਬੰਧ ਕੀਤੇ ਗਏ ਹਨ, ਉਸ ਤੋਂ ਸਾਰੇ ਕਿਸਾਨ ਤੇ ਮਜਦੂਰ ਖੁਸ਼ ਹਨ।” ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਪਰਾਲੀ ਖੇਤਾਂ ਵਿੱਚੋਂ ਚੁੱਕੀ ਜਾ ਰਹੀ ਹੈ, ਇੱਥੇ ਕੰਡਾ ਲੱਗਿਆ ਹੈ, ਪਰਾਲੀ ਤੁਲਕੇ ਇੱਥ ਡੰਪ ਕੀਤੀ ਜਾ ਰਹੀ ਹੈ, ਇਸ ਲਈ ਕਿਸਾਨਾਂ ਨੂੰ ਹੁਣ ਪਰਾਲੀ ਸਾੜਨੀ ਨਹੀਂ ਪੈ ਰਹੀ, ਜਿਸ ਕਰਕੇ ਵਾਤਾਵਰਣ ਬਚਣ ਦੇ ਨਾਲ-ਨਾਲ ਜਮੀਨ ਦੀ ਉਪਜਾਊ ਸ਼ਕਤੀ ਵੀ ਬਚ ਰਹੀ ਹੈ, ਜਦਕਿ ਮਜਦੂਰ, ਡਰਾਇਵਰ ਇਸ ਲਈ ਖੁਸ਼ ਹਨ, ਕਿ ਉਨ੍ਹਾਂ ਨੂੰ ਪਰਾਲੀ ਚੁੱਕਣ ਦਾ ਕੰਮ ਮਿਲ ਰਿਹਾ ਹੈ।
ਕਿਸਾਨਾਂ ਨੇ ਕਿਹਾ ਪਹਿਲਾਂ ਬੇਲਜ ਨਹੀਂ ਬਣੀਆਂ ਤੇ ਨਾ ਹੀ ਗੱਠਾਂ ਚੁੱਕੀਆਂ ਜਾਂਦੀਆਂ ਸਨ, ਕਿਉਂਕਿ ਪਹਿਲਾਂ ਕਿਸਾਨ ਮਜਬੂਰ ਸਨ ਕਿ ਪਰਾਲੀ ਨੂੰ ਅੱਗ ਲਗਾਉਣੀ ਪੈਂਦੀ ਸੀ, ਪਰੰਤੂ ਇਸ ਵਾਰ ਅੱਗ ਵੀ ਨਹੀਂ ਲਗਾਈ ਜਾ ਰਹੀ ਅਤੇ ਪਰਾਲੀ ਖੇਤਾਂ ਵਿੱਚੋਂ ਵੱਖ-ਵੱਖ ਤਰੀਕਿਆਂ ਨਾਲ ਚੁੱਕੀ ਜਾ ਰਹੀ ਹੈ। ਤਹਿਸੀਲਦਾਰ ਰਮਨਦੀਪ ਕੌਰ ਨੇ ਕਿਸਾਨਾਂ ਨੂੰ ਕਿਹਾ ਕਿ ਜੇਕਰ ਕਿਸੇ ਨੂੰ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਹ ਪ੍ਰਸ਼ਾਸਨ ਨਾਲ ਸਿੱਧਾ ਰਾਬਤਾ ਕਾਇਮ ਕਰ ਸਕਦਾ ਹੈ।