ਘਾਟੇ ਵਿੱਚ ਚਲਦੀਆਂ 1100 ਸੋਸਾਇਟੀ ਵਿਚੋਂ 500 ਨੂੰ ਲਾਭ ਵਿੱਚ ਲਿਆਂਦਾ
– ਕੈਬਿਨੇਟ ਮੰਤਰੀ ਵੱਲੋਂ ਸਹਿਕਾਰੀ ਸਭਾਵਾਂ ਜੰਡੀ ਅਤੇ ਮੁੱਲਾਂਪੁਰ ਦਾ ਦੌਰਾ
ਦਵਿੰਦਰ ਡੀ.ਕੇ. ਲੁਧਿਆਣਾ
ਪੰਜਾਬ ਦੇ ਸਹਿਕਾਰਤਾ ਅਤੇ ਜੇਲ੍ਹਾਂ ਬਾਰੇ ਕੈਬਿਨੇਟ ਮੰਤਰੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਬੀਤੇ ਦਿਨੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਖਾਲਿਸਤਾਨ ਦੀ ਮੰਗ ਕਰਨ ਵਾਲੇ ਬਿਆਨ ਨੂੰ ਅਕਾਲੀ ਦਲ ਦਾ ਲੁਕਵਾਂ ਏਜੰਡਾ ਕਰਾਰ ਦਿੱਤਾ ਹੈ। ਓਹਨਾ ਕਿਹਾ ਕਿ ਅਜਿਹੇ ਬਿਆਨ ਦੇ ਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਸੁਖਬੀਰ ਬਾਦਲ ਮੁੜ ਬਰਗਾੜੀ ਦੁਹਰਾਉਣਾ ਚਾਹੁੰਦੇ ਹਨ, ਜੌ ਕਿ ਕਿਸੇ ਵੀ ਤਰੀਕੇ ਪੰਜਾਬ ਅਤੇ ਪੰਜਾਬੀਆਂ ਦੇ ਹਿੱਤ ਵਿੱਚ ਨਹੀਂ।
ਅੱਜ ਪਿੰਡ ਜੰਡੀ ਅਤੇ ਮੁੱਲਾਂਪੁਰ ਵਿਖੇ ਸਹਿਕਾਰੀ ਸਭਾਵਾਂ ਦਾ ਵਿਸ਼ੇਸ਼ ਦੌਰਾ ਕਰਦਿਆਂ ਸਰਦਾਰ ਰੰਧਾਵਾ ਨੇ ਅਕਾਲੀ ਦਲ ਦੇ ਪ੍ਰਧਾਨ ਨੂੰ ਸਵਾਲ ਕੀਤਾ ਕਿ ਕੀ ਸੁਖਬੀਰ ਬਾਦਲ ‘ਸਿੱਖ ਵਿਰੋਧੀ’ ਕੇਂਦਰ ਸਰਕਾਰ ਤੋਂ ਆਪਣੀ ਪਾਰਟੀ ਵੱਲੋਂ ਸਮਰਥਨ ਵਾਪਸ ਲੈਣਗੇ? ਕੀ ਸੁਖਬੀਰ ਬਾਦਲ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਵੰਡ ਪਾਉਣ ਵਾਲੇ ਅਤੇ ਅਲਹਿਦਗੀ ਵਾਲੇ ਏਜੰਡੇ ਦੀ ਹਮਾਇਤ ਕਰਦੇ ਹਨ?
ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਹੁਣ ਤੱਕ ਕਾਂਗਰਸ ਪਾਰਟੀ ਦੀਆਂ ਅਗਵਾਈ ਵਾਲੀਆਂ ਸਰਕਾਰਾਂ ਸਮੇਂ ਸਿੱਖ ਵਿਰੋਧੀ ਨੀਤੀਆਂ ਸੰਬੰਧੀ ਕਈ ਦੋਸ਼ ਲਗਾਉਂਦੇ ਰਹੇ ਹਨ ਪਰ ਹੁਣ ਇਸ ਸਥਿਤੀ ਵਿੱਚ ਉਹ ਕੀ ਕਰਨਗੇ, ਜਦੋਂ ਕਿ ਇੱਕ ਪਾਸੇ ਉਨ੍ਹਾਂ ਦੀ ਆਪਣੀ ਪਤਨੀ ਉਸੇ ਕੇਂਦਰ ਸਰਕਾਰ ਵਿੱਚ ਕੇਂਦਰੀ ਮੰਤਰੀ ਹੈ? ਉਨ੍ਹਾਂ ਕਿਹਾ ਕਿ ਕੀ ਇਸ ਸਥਿਤੀ ਵਿੱਚ ਉਨ੍ਹਾਂ ਵੱਲੋਂ ਕੇਂਦਰ ਸਰਕਾਰ ਤੋਂ ਸਮਰਥਨ ਵਾਪਸ ਲੈ ਕੇ ਆਪਣੀ ਪਤਨੀ ਦਾ ਅਸਤੀਫ਼ਾ ਨਹੀਂ ਦਿਵਾ ਦੇਣਾ ਚਾਹੀਦਾ? ਕੀ ਓਹਨਾ ਦੀ ਪਾਰਟੀ ਭਾਜਪਾ ਨਾਲੋਂ ਨਾਤਾ ਤੋੜੇਗੀ?
ਓਹਨਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਵੀ ਪੁੱਛਿਆ ਕਿ ਕੀ ਉਹ ਹੁਣ ਹਰਸਿਮਰਤ ਕੌਰ ਬਾਦਲ ਨੂੰ ਕੇਂਦਰੀ ਕੈਬਿਨੇਟ ਤੋਂ ਬਾਹਰ ਕਰਨਗੇ? ਕੀ ਸੁਖਬੀਰ ਬਾਦਲ ਇਹ ਸਪੱਸ਼ਟ ਕਰਨਗੇ ਕਿ ਜੇਕਰ ਖਾਲਿਸਤਾਨ ਬਣਾਉਣਾ ਹੈ ਤਾਂ ਉਸਦੀਆਂ ਹੱਦਾਂ ਕੀ ਹੋਣਗੀਆਂ?
ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਆਰਡੀਨੈਂਸ ਦਾ ਪੁਰਜੋਰ ਵਿਰੋਧ ਕਰਦਿਆਂ ਸਰਦਾਰ ਰੰਧਾਵਾ ਨੇ ਕਿਹਾ ਕਿ ਪਹਿਲਾਂ ਤਾਂ ਅਕਾਲੀਆਂ ਦੀ ਭਾਈਵਾਲੀ ਵਾਲੀ ਇਸ ਕੇਂਦਰ ਸਰਕਾਰ ਵਲੋਂ ਪੰਜਾਬ ਦੀਆਂ ਸਨਅਤਾਂ ਨੂੰ ਖਤਮ ਕਰ ਦਿੱਤਾ ਗਿਆ। ਹੁਣ ਇਸ ਗਠਜੋੜ ਵੱਲੋਂ ਪੰਜਾਬ ਦੀ ਕਿਸਾਨੀ ਨੂੰ ਉਜਾੜਨ ਦੀਆਂ ਕੋਸ਼ਿਸਾਂ ਕੀਤੀਆਂ ਜਾ ਰਹੀਆਂ। ਓਹਨਾ ਕਿਹਾ ਕਿ ਕੇਂਦਰ ਸਰਕਾਰ ਦਾ ਇਹ ਫੈਸਲਾ ਕਾਰਪੋਰੇਟ ਘਰਾਣਿਆਂ ਨੂੰ ਵਿੱਤੀ ਲਾਭ ਪਹੁੰਚਾਉਣ ਵਾਲਾ ਅਤੇ ਕਿਸਾਨਾਂ ਨੂੰ ਆਰਥਿਕ ਪੱਖੋਂ ਸਰਮਾਏਦਾਰਾਂ ਦੇ ਚੁੰਗਲ ਵਿਚ ਫਸਾਉਣ ਵਾਲਾ ਹੈ। ਇਸ ਫੈਸਲੇ ਨੂੰ ਪੰਜਾਬ ਦੇ ਹੀ ਨਹੀਂ ਸਗੋਂ ਪੂਰੇ ਦੇਸ਼ ਦੇ ਕਿਸਾਨਾਂ ਵੱਲੋਂ ਨਕਾਰ ਦਿੱਤਾ ਗਿਆ ਹੈ।
ਓਹਨਾ ਕਿਹਾ ਕਿ ਅੱਜ ਕਾਰੋਨਾ ਦੇ ਸਮੇਂ ਵਿਚ ਪੰਜਾਬ ਦੇ ਕਿਸਾਨਾਂ ਨੇ ਪੂਰੇ ਦੇਸ਼ ਦਾ ਢਿੱਡ ਭਰਿਆ ਹੈ। ਇਸ ਬਦਲੇ ਕੇਂਦਰ ਸਰਕਾਰ ਨੂੰ ਚਾਹੀਦਾ ਸੀ ਕਿ ਉਹ ਪੰਜਾਬ ਦੇ ਕਿਸਾਨਾਂ ਨੂੰ ਕੋਈ ਇੰਸੈਂਟਿਵ ਦਿੱਤੀ ਜਾਂਦੀ ਪਰ ਇਸਦੀ ਬਜਾਇ ਕਿਸਾਨੀ ਦਾ ਗਲਾ ਘੁਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਓਹਨਾ ਦੱਸਿਆ ਕਿ ਸੂਬੇ ਵਿੱਚ ਇਸ ਵੇਲੇ 3600 ਸੋਸਾਇਟੀਆਂ ਕੰਮ ਕਰ ਰਹੀਆਂ ਹਨ। ਜਿਨ੍ਹਾਂ ਵਿਚੋਂ 1100 ਘਾਟੇ ਵਿੱਚ ਚਲ ਰਹੀਆਂ ਸਨ। ਜਿੰਨਾ ਵਿਚੋਂ 500 ਨੂੰ ਮੁੜ ਲਾਭ ਵਿੱਚ ਲਿਆਂਦਾ ਗਿਆ ਹੈ। ਅਗਲੇ ਇਕ ਸਾਲ ਵਿਚ 300 ਹੋਰ ਸੋਸਾਇਟੀਆਂ ਨੂੰ ਲਾਭ ਵਿੱਚ ਲਿਆਉਣ ਦਾ ਟੀਚਾ ਹੈ। ਜੋ ਰਹਿ ਜਾਣਗੀਆਂ ਓਹਨਾ ਨੂੰ ਹੋਰ ਵਿਚ ਜਜ਼ਬ ਕਰ ਲਿਆ ਜਾਵੇਗਾ। ਓਹਨਾ ਸਪੱਸ਼ਟ ਤੌਰ ਤੇ ਕਿਹਾ ਕਿ ਅਕਾਲੀਆਂ ਨੇ ਆਪਣੇ ਕਾਰਜਕਾਲ ਦੌਰਾਨ ਸਹਿਕਾਰੀ ਸਭਾਵਾਂ ਦਾ ਸਭ ਤੋਂ ਵੱਧ ਨੁਕਸਾਨ ਕੀਤਾ।
ਇਸ ਮੌਕੇ ਓਹਨਾ ਨੇ ਦੋਵੇਂ ਸਭਾਵਾਂ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ ਅਤੇ ਉਮੀਦ ਜਤਾਈ ਕਿ ਹੋਰ ਸਭਾਵਾਂ ਵੀ ਆਪਣੇ ਆਪ ਨੂੰ ਲਾਭ ਵਿੱਚ ਲਿਆਉਣਗੀਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਕਾਂਗਰਸੀ ਨੇਤਾ ਕੈਪਟਨ ਸੰਦੀਪ ਸਿੰਘ ਸੰਧੂ, ਵਿਕਾਸ ਗਰਗ ਰਜਿਸਟਰਾਰ ਸਹਿਕਾਰੀ ਸਭਾਵਾਂ, ਮਲਕੀਤ ਸਿੰਘ ਦਾਖਾ ਸਾਬਕਾ ਮੰਤਰੀ, ਚੇਅਰਮੈਨ ਅਮਰੀਕ ਸਿੰਘ ਆਲੀਵਾਲ, ਮੇਜਰ ਸਿੰਘ ਭੈਣੀ, ਰਛਪਾਲ ਸਿੰਘ ਤਲਵਾੜਾ, ਗੁਰਦੇਵ ਸਿੰਘ ਲਾਪਰਾਂ, ਕੇਵਲ ਕ੍ਰਿਸ਼ਨ ਬਾਵਾ ਚੇਅਰਮੈਨ, ਮੇਜਰ ਸਿੰਘ ਮੁੱਲਾਂਪੁਰ ਅਤੇ ਹੋਰ ਹਾਜ਼ਰ ਸਨ।