ਅਸੋਕ ਧੀਮਾਨ,ਫਤਿਹਗੜ੍ਹ ਸਾਹਿਬ,26 ਸਤੰਬਰ2023
ਸਿਵਲ ਸਰਜਨ ਫਤਿਹਗੜ੍ਹ ਸਾਹਿਬ, ਡਾ ਦਵਿੰਦਰਜੀਤ ਕੌਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲਾ ਟੀਕਾਕਰਨ ਅਫਸਰ ਡਾ ਰਾਜੇਸ਼ ਕੁਮਾਰ ਦੀ ਅਗਵਾਈ ਹੇਠ ਜਿਲ੍ਹਾ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਅੰਦਰ ਬਲਾਕ ਐਕਸਟੈਨਸ਼ਨ ਐਜੂਕੇਟਰਾਂ ਅਤੇ ਆਯੂਸ਼ਮਾਨ ਮਿੱਤਰਾਂ ਨੂੰ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਹਿਤ ਬੀਮਾ ਯੋਜਨਾ ਦੇ ਈ ਕਾਰਡ ਬਣਾਉਣ ਦੀ ਸਿਖਲਾਈ ਦਿੱਤੀ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆ ਡਾ ਦਵਿੰਦਰਜੀਤ ਕੌਰ ਨੇ ਦੱਸਿਆ ਕਿ ਸਿਹਤ ਬੀਮਾ ਯੋਜਨਾ ਦੇ ਈ-ਕਾਰਡ ਬਣਾਉਣ ਦੀ ਪ੍ਰਕਿਰਿਆ ਨੂੰ ਹੋਰ ਤੇਜ਼ ਕਰਨ ਲਈ ਕਰਮਚਾਰੀਆਂ ਨੂੰ ਈ- ਐਪ ਵਿੱਚ ਕਾਰਡ ਬਣਾਉਣ ਦੀ ਸਿਖਲਾਈ ਦਿੱਤੀ ਗਈ ਹੈ। ਜੋਕਿ ਆਯੂਸ਼ਮਾਨ ਐਪ ਦੀ ਵਰਤੋਂ ਕਰਨ ਲਈ ਅੱਗੇ ਆਸ਼ਾ ਵਰਕਰਾਂ ਨੂੰ ਸਿਖਲਾਈ ਦੇ ਰਹੇ ਹਨ।
ਜਿਸ ਤਹਿਤ ਹੁਣ ਆਸ਼ਾ ਵਰਕਰਾਂ ਨੈਸ਼ਨਲ ਹੈਲਥ ਅਥਾਰਟੀ ਦੁਆਰਾ ਤਿਆਰ ਕੀਤੀ ਆਯੂਸ਼ਮਾਨ ਐਪ ਦੀ ਵਰਤੋਂ ਕਰਕੇ ਘਰ ਘਰ ਜਾ ਕੇ ਆਮ ਲੋਕ ਜੋ ਇਸ ਯੋਜਨਾ ਦੇ ਯੋਗ ਹਨ ਦੇ ਸਿਹਤ ਬੀਮਾ ਯੋਜਨਾ ਦੇ ਈ-ਕਾਰਡ ਬਣਾ ਸਕਣਗੀਆਂ। ਉਹਨਾਂ ਦੱਸਿਆ ਕਿ “ਆਯੁਸ਼ਮਾਨ ਭਵ ” ਦੇ “ਸੇਵਾ ਪਖਵਾੜੇ” ਦੌਰਾਨ ਇਹ ਪ੍ਰੋਗਰਾਮ ਸਮੂਹ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਵਿਚ ਮਨਾਇਆ ਜਾ ਰਿਹਾ ਹੈ ਅਤੇ ਇਸ ਪ੍ਰੋਗਰਾਮ ਤਹਿਤ ਘਰ ਘਰ ਜਾ ਕੇ ਯੋਗ ਲੋਕਾਂ ਦੇ ਸਿਹਤ ਬੀਮਾ ਯੋਜਨਾ ਦੇ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ “ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ” ਤਹਿਤ ਯੋਗ ਪਰਿਵਾਰ ਸੂਚੀਬੱਧ ਹਸਪਤਾਲਾਂ ਵਿੱਚ ਦਾਖਲ ਹੋਣ ਤੇ ਸਾਲਾਨਾ ਪੰਜ ਲੱਖ ਰੁਪਏ ਤੱਕ ਦਾ ਨਕਦੀ ਰਹਿਤ ਇਲਾਜ਼ ਕਰਵਾ ਸਕਣਗੇ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਰਕਾਰ ਦੀ ਇਸ ਯੋਜਨਾ ਦਾ ਵੱਧ ਤੋਂ ਵੱਧ ਲਾਭ ਉਠਾਉਣ ।