ਵੱਡਾ ਸਵਾਲ- ਪ੍ਰਿੰਸੀਪਲ ਕੋਲ ਪਹੁੰਚੀ ਹੀ ਨਹੀਂ ਟੀਚਰ , ਫਿਰ ਦੂਰ ਤੋਂ ਹੀ ਕਿਵੇਂ ਪਹਿਚਾਣ ਲਈ ਗਲਤ ਨਿਗ੍ਹਾ ਅਤੇ ਨੀਯਤ ?
ਐਸਐਚਉ ਸਿਟੀ -2 ਨੂੰ ਸੌਂਪੇ ਪ੍ਰਿੰਸੀਪਲ ਕਰਨਲ ਸੁਮਾਂਚੀ ਸ੍ਰੀ ਨਿਵਾਸਨੂੰ ਨੇ ਦਸਤਾਵੇਜ਼ ਅਤੇ ਕੈਮਰੇ ਦੀ ਫੁਟੇਜ
ਹਰਿੰਦਰ ਨਿੱਕਾ / ਮਨੀ ਗਰਗ ਬਰਨਾਲਾ 7 ਜੂਨ 2020
-ਸਕੂਲ ਟੀਚਰ ਮੇਰੇ ਬੱਚਿਆਂ ਵਰਗੀ ,ਆਪਣੇ ਬੱਚਿਆਂ ਨੂੰ ਗਲਤ ਨਿਗ੍ਹਾ ਨਾਲ ਕੌਣ ਦੇਖਦੈ,,
ਕਰੀਬ 58 ਵਰ੍ਹਿਆਂ ਦੇ ਭਾਰਤੀ ਫੌਜ ਦੇ ਰਿਟਾਇਰਡ ਕਰਨਲ ਤੇ ਸਕੂਲ ਪ੍ਰਿੰਸੀਪਲ ਸੁਮਾਂਚੀ ਸ੍ਰੀ ਨਿਵਾਸਨੂੰ ਨੇ ਬਰਨਾਲਾ ਟੂਡੇ ਨੂੰ ਆਪਣਾ ਪੱਖ ਸਪੱਸ਼ਟ ਕਰਦਿਆਂ ਕਿਹਾ ਕਿ 1 ਜੂਨ ਨੂੰ ਮੇਰਾ ਜਨਮ ਦਿਨ ਸੀ , ਮੇਰੀ ਪਤਨੀ ਅਤੇ ਪਰਿਵਾਰ ਦੇ ਹੋਰ ਮੈਂਬਰ ਵੀ ਕੋਠੀ ਚ, ਹੀ ਸਨ। ਮੈਂ ਕਿਸੇ ਵੀ ਟੀਚਰ ਨੂੰ ਸਕੂਲ ਨਹੀਂ ਬੁਲਾਇਆ ਸੀ। ਪਰੰਤੂ ਫਿਰ ਵੀ ਟੀਚਰ ਰਵਿੰਦਰ ਕੌਰ ਅਤੇ ਉਸਦੀਆਂ ਕੁਝ ਸਾਥੀ ਟੀਚਰ ਪਹਿਲਾਂ ਪ੍ਰਿੰਸੀਪਲ ਦਫਤਰ ਪਹੁੰਚੀਆਂ, ਜਦੋਂ ਮੈਂ ਉੱਥੇ ਨਹੀਂ ਮਿਲਿਆ ਤਾਂ, ਫਿਰ ਉਨ੍ਹਾਂ ਸਕੂਲ ਦੀ ਕਲਰਕ ਨਾਲ ਗੱਲ ਕਰਕੇ ਮੈਨੂੰ ਮਿਲਣ ਦੀ ਜਿੱਦ ਕੀਤੀ। ਜਿਸ ਤੋਂ ਬਾਅਦ ਮੈਂ ਟੀਚਰਜ ਨੂੰ ਮਿਲਣ ਲਈ ਕੋਠੀ ਦੇ ਬਾਹਰਲੇ ਗੇਟ ਤੇ ਆ ਗਿਆ। ਉਸ ਸਮੇਂ ਕਥਿਤ ਦੋਸ਼ ਲਾਉਣ ਵਾਲੀ ਟੀਚਰ ਰਵਿੰਦਰ ਕੌਰ ਹੋਰ ਟੀਚਰਾਂ ਤੋਂ ਬਿਲਕੁਲ ਪਿੱਛੇ ਖੜੀ ਰਹੀ। ਰਵਿੰਦਰ ਕੌਰ ਜਾਂ ਕਿਸੇ ਵੀ ਟੀਚਰ ਨੂੰ ਗਲਤ ਨਿਗ੍ਹਾ ਨਾਲ ਜਾਂ ਬੁਰੀ ਨੀਯਤ ਨਾਲ ਦੇਖਣ ਦੀ ਗੱਲ ਬਿਲਕੁਲ ਝੂਠ ਤੇ ਬੇਬੁਨਿਆਦ ਹੈ। ਸਕੂਲ ਟੀਚਰ ਮੇਰੇ ਬੱਚਿਆਂ ਦੀ ਤਰਾਂ ਹਨ। ਕੋਈ ਆਪਣੀਆਂ ਧੀਆਂ ਨੂੰ ਗਲਤ ਨਿਗ੍ਹਾ ਤੇ ਬੁਰੀ ਨੀਯਤ ਨਾਲ ਕਿਵੇਂ ਦੋਖ ਸਕਦਾ ਹੈ। ਉਨ੍ਹਾਂ ਕਿਹਾ ਕਿ ਮੈਂ ਅਜਿਹੀ ਗੱਲ ਕਰਨਾ ਤਾਂ ਦੂਰ ਕਦੇ ਸੁਪਨੇ ਚ, ਵੀ ਸੋਚ ਨਹੀਂ ਸਕਦਾ।
22 ਦਿਸੰਬਰ 2019 ਤੋਂ ਚੱਲ ਰਿਹਾ ਟੀਚਰਜ ਦਾ ਵਿਵਾਦ
ਸਕੂਲ ਪ੍ਰਿੰਸੀਪਲ ਕਰਨਲ ਸੁਮਾਂਚੀ ਸ੍ਰੀ ਨਿਵਾਸਨੂੰ ਨੇ ਦੱਸਿਆ ਕਿ ਰਵਿੰਦਰ ਕੌਰ ਤੇ ਹੋਰ ਸਕੂਲ ਟੀਚਰਜ ਨੇ 22 ਦਿਸੰਬਰ ਨੂੰ ਸਕੂਲ ਟਾਈਮ ਚ, ਸਕੂਲ ਦੇ ਗੇਟ ਤੇ ਬਿਨਾਂ ਕਿਸੇ ਅਗਾਉਂ ਨੋਟਿਸ ਤੋਂ ਰੋਸ ਪ੍ਰਦਰਸ਼ਨ ਕਰਦਿਆਂ ਧਰਨਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਾਰੇ ਪ੍ਰਦਰਸ਼ਨਕਾਰੀਆਂ ਨੂੰ ਸ਼ੋਕਾਜ਼ ਨੋਟਿਸ ਵੀ ਜਾਰੀ ਕੀਤਾ ਗਿਆ। ਜਿਸ ਤੋਂ ਬਾਅਦ ਕਾਫੀ ਟੀਚਰਜ ਨੇ ਆਪਣੀ ਗਲਤੀ ਦੀ ਮਾਫੀ ਵੀ ਮੰਗ ਲਈ ਸੀ, ਕੁਝ ਪ੍ਰਦਰਸ਼ਨਕਾਰੀ ਟੀਚਰ ਰਿਟਾਇਰ ਵੀ ਹੋ ਚੁੱਕੇ ਹਨ। ਰਵਿੰਦਰ ਕੌਰ ਤੇ ਕੁਝ ਹੋਰ ਟੀਚਰਜ ਨੇ ਨੋਟਿਸ ਦਾ ਜਵਾਬ ਵੱਖ ਵੱਖ ਦੇਣ ਦੀ ਬਜਾਏ, ਇੱਕ ਜੁਆਬ ਤੇ ਹੀ ਦਸਤਖਤ ਕਰਕੇ ਦੇ ਦਿੱਤੇ। ਇੱਕ ਇੱਕ ਕਰਕੇ ਤਿੰਨ ਨੋਟਿਸ ਦਿੱਤੇ ਗਏ। ਜਿਨ੍ਹਾਂ ਦਾ ਤਸੱਲੀਬਖਸ਼ ਜੁਆਬ ਉਕਤ ਟੀਚਰਜ ਨੇ ਨਹੀਂ ਦਿੱਤਾ। ਹੁਣ ਕੁਝ ਟੀਚਰਜ , ਸਕੂਲ ਮੈਨੇਜਮੈਂਟ ਨੂੰ ਬਦਨਾਮ ਕਰਨ ਅਤੇ ਮੈਨੂੰ ਬਲੈਕਮੇਲ ਕਰਨਾ ਚਾਹੁੰਦੇ ਹਨ।
ਸਟੂਡੈਂਟਸ ਦੀ ਪੜ੍ਹਾਈ ਸਭ ਤੋਂ ਅਹਿਮ
ਪ੍ਰਿੰਸੀਪਲ ਸ੍ਰੀ ਨਿਵਾਸਨੂੰ ਨੇ ਕਿਹਾ ਕਿ ਮੈਂ ਹੈਦਰਾਬਾਦ ਦਾ ਰਹਿਣ ਵਾਲਾ ਹਾਂ, ਮੈਂ ਇੱਥੇ ਕਿਸੇ ਨੂੰ ਨਹੀਂ ਜਾਣਦਾ, ਕੋਈ ਮੈਨੂੰ ਨਹੀਂ ਜਾਣਦਾ। ਨਾ ਮੇਰਾ ਕੋਈ ਆਪਣਾ ਹੈ, ਨਾ ਹੀ ਕੋਈ ਪਰਾਇਆ। ਮੇਰੇ ਲਈ ਸਕੂਲੀ ਬੱਚਿਆਂ ਦੀ ਪੜ੍ਹਾਈ ਹੀ ਸਭ ਤੋਂ ਅਹਿਮ ਹੈ। ਪੜ੍ਹਾਈ ਤੇ ਸਟੂਡੈਂਟ ਦੇ ਹਿੱਤ ਨੂੰ ਨਜਰਅੰਦਾਜ਼ ਕਰਕੇ ਕੁਝ ਵੀ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਰਵਿੰਦਰ ਕੌਰ ਦੇ ਕੁਝ ਹੋਰ ਟੀਚਰਜ ਦਾ ਟ੍ਰਿਬਿਊਨਲ ਚ, ਕੇਸ ਵੀ ਪੈਂਡਿੰਗ ਹੈ। ਇਸ ਤੋਂ ਇਲਾਵਾ 22 ਦਿਸੰਬਰ ਨੂੰ ਸਕੂਲ ਗੇਟ ਦੇ ਬਾਹਰ ਦਿੱਤੇ ਧਰਨੇ ਦੀ ਜਾਂਚ ਸਕੂਲ ਮੈਨੇਜਮੈਂਟ ਐਡੀਸ਼ਨਲ ਸੈਸ਼ਨ ਜੱਜ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਸਕੂਲ ਦਾ ਮਹੌਲ ਖਰਾਬ ਕਰਨ ਦੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਕੇਸ ਦੇ ਫੈਸਲੇ ਦਾ ਇੰਤਜ਼ਾਰ ਕਰਨ ਟੀਚਰਜ
ਪ੍ਰਿੰਸੀਪਲ ਸ੍ਰੀ ਨਿਵਾਸਨੂੰ ਨੇ ਮੰਨਿਆ ਕਿ ਸਕੂਲ ਟੀਚਰ ਰਵਿੰਦਰ ਕੌਰ ,ਅਮ੍ਰਿਤਪਾਲ ਕੌਰ , ਰਮਨਦੀਪ ਕੌਰ , ਪ੍ਰਭਜੀਤ ਕੌਰ , ਸੁਖਜੀਤ ਕੌਰ,ਸੀਮਾ ਮਿੱਤਲ ਆਦਿ ਹੋਰ ਵੀ ਕੁਝ ਟੀਚਰਜ ਦਾ ਕੇਸ ਟ੍ਰਿਬਿਊਨਲ ਚ,ਪੈਂਡਿੰਗ ਹੈ। ਟੀਚਰਜ਼ ਨੂੰ ਟ੍ਰਿਬਿਊਨਲ ਦੇ ਫੈਸਲੇ ਅਤੇ ਉਨ੍ਹਾਂ ਖਿਲਾਫ ਐਡੀਸ਼ਨਲ ਸੈਸ਼ਨ ਜੱਜ ਦੀ ਪੈਂਡਿੰਗ ਜਾਂਚ ਦੇ ਫੈਸਲੇ ਦਾ ਇੰਤਜਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਟੀਚਰਜ ਦੁਆਰਾ ਆਪਣੇ ਹੱਕ ਲਈ ਕਾਨੂੰਨੀ ਲੜਾਈ ਲੜਨ ਤੇ ਮੈਨੂੰ ਜਾਂ ਮੈਨੇਜਮੈਂਟ ਨੂੰ ਕੋਈ ਇਤਰਾਜ ਨਹੀਂ ਹੈ। ਪਰੰਤੂ ਸਕੂਲ ਚ, ਅਫਰਾ ਤਫਰੀ ਬਰਦਾਸ਼ਤ ਨਹੀਂ ਹੋ ਸਕਦੀ।
ਲੌਕਡਾਉਨ ਦੌਰਾਨ ਮਿਲੀਆਂ ਪੇਰੈਂਟਸ ਦੀਆਂ ਸ਼ਿਕਾਇਤਾਂ
ਪ੍ਰਿੰਸੀਪਲ ਸ੍ਰੀ ਨਿਵਾਸਨੂੰ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਵਿਸ਼ਵ ਪੱਧਰ ਦੀ ਸਮੱਸਿਆ ਹੈ, ਸਰਕਾਰੀ ਅਤੇ ਨਿੱਜੀ ਸਕੂਲਾਂ ਨੇ ਆਨਲਾਈਨ ਪੜ੍ਹਾਈ ਚਾਲੂ ਕੀਤੀ ਹੋਈ ਹੈ। ਬੀਜੀਐਸ ਦੇ ਕਰੀਬ 120 ਟੀਚਰਜ ਚੋਂ ਸਿਰਫ ਇੱਨ੍ਹਾਂ ਕੁਝ ਕੁ ਟੀਚਰਜ ਨੂੰ ਹੀ ਇਤਰਾਜ ਹੈ। ਜਿਨ੍ਹਾਂ ਦੀ ਬਦੌਲਤ ਸਟੂਡੈਂਟਸ ਦੇ ਪੇਰੈਂਟਸ ਸ਼ਿਕਾਇਤਾਂ ਕਰ ਰਹੇ ਹਨ ਕਿ ਉਨ੍ਹਾਂ ਦੇ ਬੱਚਿਆਂ ਦੀ ਪੜਾਈ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਬੱਚਿਆਂ ਦੀ ਪੜ੍ਹਾਈ ਦੇ ਨੁਕਸਾਨ ਦਾ ਕੌਣ ਜਿੰਮੇਵਾਰ ਹੈ। ਪੜਾਈ ਕਰਵਾਉਣ ਤੋਂ ਬਹਾਨੇਬਾਜੀ ਕਰਕੇ ਕੰਨੀ ਕਤਰਾ ਰਹੀਆਂ ਟੀਚਰਾਂ ਦੀ ਥਾਂ ਤੇ ਬੱਚਿਆਂ ਦੀ ਪੜ੍ਹਾਈ ਨੂੰ ਮੁੱਖ ਰੱਖਦਿਆਂ ਨਵੇਂ ਟੀਚਰਜ ਨੂੰ ਕੰਮ ਦੇਣਾ ਸਾਡੀ ਮਜਬੂਰੀ ਹੈ।
ਪੜਤਾਲ ਰਿਪੋਰਟ ਆਲ੍ਹਾ ਅਧਿਕਾਰੀਆਂ ਨੂੰ ਸੌਂਪਣ ਦੀ ਤਿਆਰੀ-ਐਸਐਚਉ
ਥਾਣਾ ਸਿਟੀ -2 ਦੇ ਐਸਐਚਉ ਇਕਬਾਲ ਸਿੰਘ ਨੇ ਕਿਹਾ ਕਿ ਮਾਮਲੇ ਦੇ ਜਾਂਚ ਅਧਿਕਾਰੀ ਪਵਨ ਕੁਮਾਰ ਨੇ ਦੋਵਾਂ ਧਿਰਾਂ ਦੇ ਬਿਆਨ ਅਤੇ ਤੱਥਾਂ ਦੇ ਅਧਾਰ ਤੇ ਰਿਪੋਰਟ ਤਿਆਰ ਕਰ ਲਈ ਹੈ। ਜਲਦ ਦੀ ਅਗਲੀ ਕਾਰਵਾਈ ਲਈ ਆਲਾ ਅਧਿਕਾਰੀਆਂ ਨੂੰ ਸੌਂਪ ਦਿੱਤੀ ਜਾਵੇਗੀ।