ਐਸਪੀ ਭਾਰਦਵਾਜ ਕੋਲ ਹੀ ਰਹੇਗੀ ਜਾਂਚ, ਸਿਰਫ ਸੁਪਰਵੀਜਨ ਬਦਲੀ
12 ਜੂਨ ਨੂੰ ਐਸਪੀ ਭਾਰਦਵਾਜ ਦੇ ਦਫਤਰ ਪੇਸ਼ ਹੋਣ ਲਈ ਸਿੱਧੂ ਮੂਸੇਵਾਲਾ ਨੂੰ ਭੇਜਿਆ ਨੋਟਿਸ- ਆਈਜੀ ਔਲਖ
ਹਰਿੰਦਰ ਨਿੱਕਾ ਸੰਗਰੂਰ 7 ਜੂਨ 2020
ਲੌੱਕਡਾਉਨ ਦੌਰਾਨ ਪੁਲਿਸ ਕਰਮਚਾਰੀ ਦੀ ਏ.ਕੇ. 47 ਅਸਾਲਟ ਰਾਇਫਲ ਨਾਲ ਜਿਲ੍ਹੇ ਦੇ ਪਿੰਡ ਬਡਬਰ ਚ, ਗਾਇਕ ਸਿੱਧੂ ਮੂਸੇਵਾਲਾ ਦੁਆਰਾ ਸ਼ੌਂਕ ਪੂਰਾ ਕਰਨ ਲਈ ਚਲਾਈਆਂ ਗੋਲੀਆਂ ਸਬੰਧੀ ਥਾਣਾ ਧਨੌਲਾ ਵਿਖੇ ਦਰਜ਼ ਕੇਸ ਦੀ ਸੁਪਰਵੀਜਨ ਆਈਜੀ ਰੇਂਜ ਪਟਿਆਲਾ ਨੇ ਚੁੱਪ ਚਪੀਤੇ ਹੀ ਐਸਐਸਪੀ ਬਰਨਾਲਾ ਸੰਦੀਪ ਗੋਇਲ ਤੋਂ ਬਦਲ ਕੇ ਐਸਐਸਪੀ ਸੰਗਰੂਰ ਡਾਕਟਰ ਸੰਦੀਪ ਗਰਗ ਨੂੰ ਸੌਂਪ ਦਿੱਤੀ ਹੈ। ਜਦੋਂ ਕਿ ਇਸ ਕੇਸ ਦੀ ਜਾਂਚ ਐਸਪੀ ਪੀਬੀਆਈ ਰੁਪਿੰਦਰ ਭਾਰਦਵਾਜ਼ ਕੋਲ ਹੀ ਰਹੇਗੀ। ਇਸ ਦੀ ਪੁਸ਼ਟੀ ਆਈਜੀ ਜਤਿੰਦਰ ਸਿੰਘ ਔਲਖ ਨੇ ਕਰ ਦਿੱਤੀ ਹੈ। ਆਈਜੀ ਔਲਖ ਨੇ ਕੇਸ ਦੀ ਸੁਪਰਵੀਜਨ ਬਦਲੇ ਜਾਣ ਦਾ ਭਾਂਵੇ ਕੋਈ ਠੋਸ ਕਾਰਣ ਤਾਂ ਨਹੀਂ ਦੱਸਿਆ, ਪਰ ਇੱਨ੍ਹਾਂ ਜਰੂਰ ਕਿਹਾ ਹੈ ਕਿ ਸਿੱਧੂ ਦੇ ਬਰਨਾਲਾ ਜਿਲ੍ਹੇ ਵਾਲੇ ਕੇਸ ਦੀ ਜਾਂਚ ਦੀ ਸੁਪਰਵੀਜਨ ਹੁਣ ਬਦਲ ਦਿੱਤੀ ਗਈ ਹੈ। ਯਾਨੀ ਹੁਣ ਐਸਐਸਪੀ ਬਰਨਾਲਾ ਇਸ ਕੇਸ ਚ, ਕੋਈ ਦਖਲ ਜਾਂ ਦਿਸ਼ਾ ਨਿਰਦੇਸ਼ ਨਹੀਂ ਦੇ ਸਕਣਗੇ। ਆਈਜੀ ਔਲਖ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਦੇ ਖਿਲਾਫ ਭਾਂਵੇ ਥਾਣਾ ਧਨੌਲਾ ਜਿਲ੍ਹਾ ਬਰਨਾਲਾ ਅਤੇ ਥਾਣਾ ਸਦਰ ਧੂਰੀ ,ਜਿਲ੍ਹਾ ਸੰਗਰੂਰ ਵਿਖੇ ਵੱਖ ਵੱਖ ਤਾਰੀਖਾਂ ਨੂੰ ਵੱਖ ਵੱਖ ਜੁਰਮਾਂ ਤਹਿਤ ਦਰਜ਼ ਹਨ। ਪਰੰਤੂ ਦੋਵਾਂ ਕੇਸਾਂ ਦੀ ਸੇਮ ਨੇਚਰ ਹੋਣ ਕਾਰਣ ਦੋਵਾਂ ਕੇਸਾਂ ਦੀ ਸੁਪਰਵੀਜਨ ਐਸਐਸਪੀ ਸੰਗਰੂਰ ਨੂੰ ਸੌਂਪਣ ਦਾ ਨਿਰਣਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਾਂਚ ਪੂਰੀ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਜਾਂਚ ਬਿਲਕੁਲ ਨਿਰਪੱਖ ਤਰੀਕੇ ਨਾਲ ਕੀਤੀ ਜਾ ਰਹੀ ਹੈ। ਉੱਧਰ ਆਈਜੀ ਔਲਖ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਨੂੰ ਧਨੌਲਾ ਥਾਣੇ ਚ, ਦਰਜ ਐਫਆਈਆਰ ਚ, ਬਰਨਾਲਾ ਦੇ ਐਸਪੀ ਪੀਬੀਆਈ ਤੇ ਕੇਸ ਦੇ ਜਾਂਚ ਅਧਿਕਾਰੀ ਰੁਪਿੰਦਰ ਭਾਰਦਵਾਜ ਦੇ ਦਫਤਰ ਪੇਸ਼ ਹੋਣ ਲਈ ਨੋਟਿਸ ਭੇਜਿਆ ਗਿਆ ਹੈ। ਜੇਕਰ ਉਹ 12 ਜੂਨ ਨੂੰ ਵੀ ਪੇਸ਼ ਨਾ ਹੋਇਆ, ਤਾਂ ਅਗਲੀ ਸਖਤ ਕਾਨੂੰਨੀ ਕਾਰਵਾਈ ਅਮਲ ਚ, ਲਿਆਂਦੀ ਜਾਵੇਗੀ। ਪੁਲਿਸ ਸਿੱਧੂ ਮੂਸੇਵਾਲਾ ਨਾਲ ਖੇਡ ਰਹੀ ਲੁਕਣਮੀਚੀ ਦੀ ਖੇਡ- ਐਡਵੋਕੇਟ ਜੋਸ਼ੀ
ਪੰਜਾਬ ਐਂਡ ਹਰਿਆਣਾ ਹਾਈਕੋਰਟ ਚ, ਪੀਆਈਐਲ ਦਾਇਰ ਕਰਕੇ ਗਾਇਕ ਸਿੱਧੂ ਮੂਸੇਵਾਲਾ ਅਤੇ ਪੰਜਾਬ ਪੁਲਿਸ ਦੀਆਂ ਮੁਸ਼ਕਿਲਾਂ ਵਧਾਉਣ ਵਾਲੇ ਐਡਵੋਕੇਟ ਰਵੀ ਜੋਸ਼ੀ ਨੇ ਕਿਹਾ ਕਿ ਪੰਜਾਬ ਪੁਲਿਸ ਸਿੱਧੂ ਮੂਸੇਵਾਲਾ ਨਾਲ ਦੋ ਕੇਸਾਂ ਚ, ਵਾਂਟਡ ਹੋਣ ਦੇ ਬਾਵਜੂਦ ਵੀ ਲੁਕਣਮੀਚੀ ਦੀ ਖੇਡ , ਖੇਡ ਰਹੀ ਹੈ। ਥਾਣਾ ਧੂਰੀ ਅਤੇ ਥਾਣਾ ਧਨੌਲਾ ਦੀ ਪੁਲਿਸ ਸਿੱਧੂ ਮੂਸੇਵਾਲਾ ਨੂੰ ਫੜ੍ਹਨ ਲਈ ਰੇਡ ਕਰਨ ਦੀਆਂ ਗੱਲਾਂ ਕਰ ਰਹੀ ਹੈ। ਜਦੋਂ ਕਿ ਨਾਭਾ ਪੁਲਿਸ ਫੜ੍ਹੇ ਜਾਣ ਦੇ ਬਾਵਜੂਦ ਵੀ ਸਿੱਧੂ ਨੂੰ ਸਿਰਫ ਚਲਾਨ ਕੱਟ ਕੇ ਹੀ ਛੱਡੀ ਜਾ ਰਹੀ ਹੈ। ਇਹ ਪੰਜਾਬ ਦੇ ਲੋਕਾਂ ਅਤੇ ਨਿਆਂਇਕ ਪ੍ਰਣਾਲੀ ਦੇ ਅੱਖੀ ਘੱਟਾ ਪਾਉਣ ਵਾਲੀ ਗੱਲ ਹੈ। ਐਡਵੋਕੇਟ ਜੋਸ਼ੀ ਨੇ ਕਿਹਾ ਕਿ ਜੇਕਰ ਸਿੱਧੂ ਦੀ ਗਿਰਫਤਾਰੀ ਦੀ ਕੋਈ ਲੋੜ ਹੀ ਨਹੀਂ, ਫਿਰ ਉਸ ਦੇ ਨਾਲ ਦੇ ਸਹਿਦੋਸ਼ੀ ਕਿਉਂ ਅਦਾਲਤਾਂ ਚ, ਜਮਾਨਤਾਂ ਲੈਣ ਲਈ ਤਰਲੋਮੱਛੀ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਸਿੱਧੂ ਨੇ ਦੋਵਾਂ ਦਰਜ਼ ਕੇਸਾਂ ਚ, ਨਾ ਐਂਟੀਸਪੇਟਰੀ ਜਮਾਨਤ ਲਾਈ ਹੈ ਅਤੇ ਨਾ ਹੀ ਉਸ ਨੂੰ ਕੋਈ ਐਂਟੀਸਪੇਟਰੀ ਜਮਾਨਤ ਕਿਸੇ ਅਦਾਲਤ ਨੇ ਦਿੱਤੀ ਹੈ। ਜੋਸ਼ੀ ਨੇ ਕਿਹਾ ਕਿ ਸੰਗਰੂਰ ਅਦਾਲਤ ਨੇ ਪੰਜ ਪੁਲਿਸ ਕਰਮਚਾਰੀਆਂ ਤੇ ਨੈਸ਼ਨਲ ਸ਼ੂਟਰ ਜੰਗਸ਼ੇਰ ਸਿੰਘ ਦੀ ਜਮਾਨਤ ਤੇ 9 ਜੂਨ ਤੱਕ ਰੋਕ ਲਾਈ ਹੋਈ ਹੈ। ਜਦੋਂ ਕਿ ਬਰਨਾਲਾ ਅਦਾਲਤ ਨੇ ਨੈਸ਼ਨਲ ਸ਼ੂਟਰ ਜੰਗਸ਼ੇਰ ਸਿੰਘ ਸਮੇਤ ਪੰਜ ਪੁਲਿਸ ਕਰਮਚਾਰੀਆਂ ਦੀ ਐਂਟੀਸਪੇਟਰੀ ਜਮਾਨਤ ਖਾਰਿਜ ਕਰ ਦਿੱਤੀ ਸੀ। ਜੰਗਸ਼ੇਰ ਸਿੰਘ ਨੂੰ ਪਿਛਲੇ ਦਿਨੀਂ ਹਾਈਕੋਰਟ ਤੋਂ ਐਂਟੀਸਪੇਟਰੀ ਜਮਾਨਤ ਮਿਲ ਗਈ ਹੈ, ਜਿਸ ਦੀ ਗਿਰਫਤਾਰੀ ਤੇ ਰੋਕ ਲਾਈ ਗਈ ਹੈ।