ਰਿਚਾ ਨਾਗਪਾਲ, ਪਟਿਆਲਾ, 1 ਸਤੰਬਰ 2023
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਜ਼ਿਲ੍ਹੇ ਵਿੱਚ ਚੱਲ ਰਹੇ ਅਤੇ ਨਵੇਂ ਸ਼ੁਰੂ ਹੋਣ ਵਾਲੇ ਆਮ ਆਦਮੀ ਕਲੀਨਿਕਾਂ ਸਬੰਧੀ ਇਕ ਅਹਿਮ ਬੈਠਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕੀਤੀ। ਮੀਟਿੰਗ ਦੌਰਾਨ ਉਨ੍ਹਾਂ ਜ਼ਿਲ੍ਹੇ ਵਿੱਚ 7 ਨਵੇਂ ਹੋਰ ਖੁੱਲ੍ਹਣ ਵਾਲੇ ਆਮ ਆਦਮੀ ਕਲੀਨਿਕ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਕੰਮ ‘ਚ ਤੇਜ਼ੀ ਲਿਆਂਦੀ ਜਾਵੇ ਤਾਂ ਜੋ ਕਲੀਨਿਕ ਜਲਦੀ ਲੋਕਾਂ ਨੂੰ ਸਮਰਪਿਤ ਕੀਤੇ ਜਾ ਸਕਣ।
ਇਸ ਮੌਕੇ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਨਵੇਂ ਖੁੱਲਣ ਵਾਲੇ 7 ਆਮ ਆਦਮੀ ਕਲੀਨਿਕਾਂ ਵਿੱਚ ਡਕਾਲਾ ਤੇ ਅਲੂਣਾ ਦੋ ਆਮ ਆਦਮੀ ਕਲੀਨਿਕ ਪੇਂਡੂ ਖੇਤਰ ਵਿੱਚ ਖੋਲੇ ਜਾ ਰਹੇ ਹਨ ਜਦਕਿ ਹੀਰਾ ਬਾਗ, ਭਾਈ ਕਾ ਕਕਰਾਲਾ, ਘਨੌਰ, ਦੇਵੀਗੜ੍ਹ ਅਤੇ ਈਸ਼ਵਰ ਨਗਰ (ਵਾਰਡ ਨੰਬਰ 12 ਐਮ.ਸੀ. ਸਨੌਰ) ਕੁਲ ਪੰਜ ਕਲੀਨਿਕ ਸ਼ਹਿਰੀ ਖੇਤਰ ਵਿੱਚ ਖੋਲ੍ਹੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਲੀਨਿਕ ਲਈ ਸਥਾਨ ਦੀ ਚੋਣ ਕਰਨ ਸਮੇਂ ਇਸ ਗੱਲ ਦਾ ਖਾਸ ਖਿਆਲ ਰੱਖਿਆ ਗਿਆ ਹੈ ਕਿ ਲੋਕਾਂ ਨੂੰ ਘਰਾਂ ਦੇ ਨੇੜੇ ਸਿਹਤ ਸਹੂਲਤਾਂ ਮਿਲ ਸਕਣ। ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਨੂਪ੍ਰਿਤਾ ਜੌਹਲ, ਜ਼ਿਲ੍ਹਾ ਮਾਲ ਅਫ਼ਸਰ ਨਵਦੀਪ ਸਿੰਘ, ਐਕਸੀਅਨ ਪਿਯੂਸ਼ ਅਗਰਵਾਲ ਤੇ ਹੋਰ ਅਧਿਕਾਰੀ ਮੌਜੂਦ ਸਨ