ਪਟਵਾਰੀ ਮਸਲੇ–ਜੱਟ ,,ਸ਼ਾਹਾਂ ਨੂੰ ਖੰਘੂਰੇ ਮਾਰੇ, ਕਣਕਾਂ ਨਿੱਸਰ ਗਈਆਂ

Advertisement
Spread information

ਅਸ਼ੋਕ ਵਰਮਾ, ਬਠਿੰਡਾ,1 ਸਤੰਬਰ 2023


     ਪੰਜਾਬ ਸਰਕਾਰ ਵੱਲੋਂ ਈਸਟ ਪੰਜਾਬ ਅਸੈਂਸ਼ੀਅਲ ਸਰਵਿਸਿਜ਼ ਮੈਂਟੀਨੈਂਸ ਐਕਟ (ਐਸਮਾ) ਲਾਗੂ ਕਰਨ ਦੇ ਬਾਵਜੂਦ ਪਟਵਾਰੀ ਅਤੇ ਕਾਨੂੰਨਗੋ ਯੂਨੀਅਨਾਂ ਨੇ ਸਰਕਾਰੀ ਦਬਕਿਆਂ ਨੂੰ ਵੱਟ ਤੇ ਰੱਖਦਿਆਂ ਆਪਣੇ  ਸੰਘਰਸ਼ ਵਿੱਚ ਤਬਦੀਲੀ ਕਰਕੇ ਕਲਮ ਛੋੜ ਹੜਤਾਲ ਕਰਨ ਦੀ ਥਾਂ ਆਪਣੀ ਨਿਯਮਾਂ ਮੁਤਾਬਕ ਬਣਦੀ ਡਿਊਟੀ ਤੋਂ ਫਾਲਤੂ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਯੂਨੀਅਨਾਂ ਦੇ ਇਸ ਫ਼ੈਸਲੇ ਤੋਂ ਬਾਅਦ ਸਰਕਾਰ ਅਤੇ ਜਥੇਬੰਦੀਆਂ ਵਿਚਕਾਰ ਨਵੇਂ ਟਕਰਾਅ ਦਾ ਮੁੱਢ ਬੱਝ ਗਿਆ ਹੈ‌। ਜੱਥੇਬੰਦੀਆਂ ਨੇ ਮੁੱਢਲੇ ਤੌਰ ਤੇ ਕਲਮ ਛੋੜ ਹੜਤਾਲ ਕਰਨ ਦਾ ਐਲਾਨ ਕੀਤਾ ਸੀ ਪਰ ਮੁੱਖ ਮੰਤਰੀ ਵੱਲੋਂ ਦਿੱਤੀ ਗਈ ਧਮਕੀ ਤੋਂ ਪਿੱਛੋਂ ਯੂਨੀਅਨਾਂ ਨੇ  ਆਪਣੇ ਸੰਘਰਸ਼ ਨੂੰ ਕਾਨੂੰਨੀ ਪੱਖ ਤੋਂ ਨਵਾਂ ਰੂਪ ਦੇ ਦਿੱਤਾ ਹੈ।                                       
     ਮੁੱਖ ਮੰਤਰੀ ਨੇ ਕਿਹਾ ਸੀ ਕਿ ਜਿਸ ਨੇ ਕਲਮ ਛੱਡਣੀ ਹੈ ਉਹ ਛੱਡ ਦੇਵੇ ਮਗਰੋਂ ਸਰਕਾਰ ਦੇਖੇਗੀ ਕੇ ਕਲਮ ਉਹਨਾਂ ਨੂੰ ਦੇਣੀ ਹੈ ਜਾਂ ਨਹੀਂ ਦੇਣੀ ।ਸਰਕਾਰ ਦੇ ਤਿੱਖੇ ਤੇਵਰਾਂ ਨੂੰ ਦੇਖਦਿਆਂ ਇਨ੍ਹਾਂ ਯੂਨੀਅਨਾਂ  ਨੇ  ਹੁਣ ਉਹਨਾਂ ਸਰਕਲਾਂ ਦਾ ਕੰਮ ਬੰਦ ਕਰਨ ਸਬੰਧੀ ਨਵੀਂ ਰਣਨੀਤੀ ਅਪਣਾਈ ਹੈ ਜਿਨ੍ਹਾਂ ਦਾ ਉਹਨਾਂ ਕੋਲ ਵਾਧੂ ਚਾਰਜ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਯੂਨੀਅਨਾਂ ਦੇ ਇਸ ਪੈਂਤੜੇ ਕਾਰਨ ਪੰਜਾਬ ਦੇ  ਵਾਧੂ ਕਾਰਜਭਾਰ ਵਾਲੇ 3193 ਸਰਕਲਾਂ ਵਿੱਚ ਕਰੀਬ 9 ਹਜ਼ਾਰ ਪਿੰਡ ਪਟਵਾਰੀਆਂ ਤੇ ਕਾਨੂੰਨਗੋਆਂ ਵੱਲੋਂ ਕੀਤੇ ਜਾਣ ਵਾਲੇ ਕੰਮਕਾਜ ਤੋਂ ਸੱਖਣੇ ਹੋ ਗਏ ਹਨ।ਬਠਿੰਡਾ ਜ਼ਿਲ੍ਹੇ ਵਿੱਚ ਵੀ ਪਟਵਾਰੀਆਂ ਨੇ ਅੱਜ ਵਾਧੂ ਚਾਰਜ ਵਾਲੇ ਸਰਕਲਾਂ ਦਾ ਕੰਮਕਾਜ ਨਹੀਂ ਦੇਖਿਆ। ਇਸ ਜ਼ਿਲ੍ਹੇ ਦੇ  ਕੁੱਲ 172 ਪਟਵਾਰ ਸਰਕਲਾਂ ‘ਚੋਂ ਪਟਵਾਰੀਆਂ ਨੇ 67 ਸਰਕਲਾਂ ਦਾ ਚਾਰਜ ਛੱਡ ਦਿੱਤਾ ਹੈ।
   ਇਸ ਤਰ੍ਹਾਂ ਹੀ ਦੋ ਕਾਨੂੰਗੋ ਸਰਕਲ ਵੀ ਖਾਲ੍ਹੀ ਹੋ ਗਏ ਹਨ। ਜ਼ਿਲ੍ਹੇ ਵਿੱਚ ਕੁੱਲ 29 ਕਾਨੂੰਗੋ ਸਰਕਲ ਹਨ ਜਿਨ੍ਹਾਂ ‘ਚੋਂ 3 ਸਰਕਲਾਂ ਦਾ ਚਾਰਜ ਹੋਰ ਕਾਨੂੰਗੋਆਂ ਨੂੰ ਦਿੱਤਾ  ਸੀ ਪਰ ਇਹ ਕਾਨੂੰਗੋ ਵੀ ਤਿੰਨੇ ਸਰਕਲਾਂ ਦਾ ਚਾਰਜ ਛੱਡ ਗਏ ਹਨ।  ਬਠਿੰਡਾ ਜਿਲ੍ਹੇ ਵਿੱਚ ਪਟਵਾਰੀਆਂ ਵੱਲੋਂ ਸਰਕਾਰ ਖਿਲਾਫ ਵਿੱਢੀ ਲੜਾਈ ਦਾ ਪਹਿਲੇ ਦਿਨ ਵੱਡਾ ਅਸਰ ਦੇਖਣ ਨੂੰ ਮਿਲਿਆ। ਖਾਸ ਤੌਰ ਤੇ ਵਾਧੂ ਚਾਰਜ ਵਾਲੇ ਸਰਕਲਾਂ ਵਿੱਚ ਅੱਜ ਕੰਮ ਕਾਜ ਪੂਰੀ ਤਰ੍ਹਾਂ ਠੱਪ ਰਿਹਾ।ਬਠਿੰਡਾ ਦੇ ਪਟਵਾਰਖਾਨੇ ਵਿੱਚ ਇੱਕਾ ਦੁੱਕਾ ਪਟਵਾਰੀਆਂ ਨੂੰ ਛੱਡ ਕੇ ਜਿਆਦਾਤਰ ਪਟਵਾਰੀ ਗਾਇਬ ਨਜ਼ਰ ਆਏ। ਉਂਜ ਪਟਵਾਰੀਆਂ ਵੱਲੋਂ ਰੱਖੇ ਸਹਾਇਕ ਅੱਜ ਪਟਵਾਰਖਾਨੇ ਦੇ ਨਜ਼ਦੀਕ ਘੁੰਮਦੇ ਦਿਖਾਈ ਦਿੱਤੇ ਪਰ ਉਹਨਾਂ ਨੇ ਕਿਸੇ ਕਿਸਮ ਦੀ ਕਾਰਵਾਈ ਦੇ ਡਰੋਂ ਕੰਮ ਕਾਰ ਤੋਂ ਪਾਸਾ ਵੱਟਿਆ।                               
    ਆਪਣੀ ਜਮੀਨ ਸਬੰਧੀ ਕੰਮ ਲਈ ਆਏ ਕਿਸਾਨ ਦਾ ਕਹਿਣਾ ਸੀ ਕਿ ਜੱਟ ਦਾ ਪਹਿਲਾਂ ਤੇ ਸਭ ਤੋਂ ਵੱਡਾ ਅਫਸਰ ਪਟਵਾਰੀ ਹੁੰਦਾ ਹੈ ਇਸ ਲਈ ਉਹ ਜ਼ੋਰ ਦੇ ਕੇ ਵੀ ਕੁੱਝ ਕਹਿ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਵਿਗਾੜਨ ਦਾ ਕੀ ਫਾਇਦਾ ਆਖ਼ਿਰ ਇਹ ਸੌਦਾ ਤਾਂ ਇਸੇ ਦੁਕਾਨ ਤੋਂ ਮਿਲਣਾ ਹੈ । ਇਸ ਮੌਕੇ ਕੰਮਾਂ ਲਈ ਆਏ ਲੋਕਾਂ ਦਾ ਕਹਿਣਾ ਸੀ ਕਿ ਉਹਨਾਂ ਦਾ ਕੀ ਕਸੂਰ ਹੈ ਜੋ ਆਪੋ ਆਪਣੇ ਕੰਮ ਧੰਦਿਆਂ ਲਈ ਧੱਕੇ ਖਾਣੇ ਪੈ ਰਹੇ  ਹਨ। ਉਂਜ ਅੱਜ ਇੱਥੇ ਕੁੱਝ ਲੋਕਾਂ ਦੇ ਕੰਮ ਹੋਏ ਵੀ ਪਰ ਬਹੁਤਿਆਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਹੀ ਕਰਨਾ ਪਿਆ। ਬਠਿੰਡਾ ‘ਚ ਕਈ ਔਰਤਾਂ ਵੀ ਆਪੋ ਆਪਣੇ ਕੰਮ ਧੰਦਿਆਂ ਲਈ ਪਟਵਾਰੀਆਂ ਦੀ ਤਲਾਸ਼ ਕਰਦੀਆਂ ਦੇਖੀਆਂ ਗਈਆਂ। ਮੌਕੇ ਤੇ ਹਾਜ਼ਿਰ ਇੱਕ ਪਟਵਾਰੀ ਨੇ  ਕੁੱਝ ਪਟਵਾਰੀਆਂ ਦੇ ਦਫ਼ਤਰ ਨਾ ਹੋਣ ਸਬੰਧੀ ਫਰਦ ਕੇਂਦਰ ਵਿੱਚ ਗਏ ਹੋਣ ਦੀ ਦਲੀਲ ਦਿੱਤੀ। 
    ਯੂਨੀਅਨ ਦੇ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਪਟਵਾਰੀ ਹਿਤੇਸ਼ ਕੁਮਾਰ ਨੇ ਦੱਸਿਆ ਕਿ ਪਟਵਾਰੀ ਅਤੇ ਕਾਨੂੰਨਗੋ  ਅੱਜ ਤੋਂ ਆਪਣੀਆਂ ਸਿਰਫ਼ ਪੱਕੀ ਪੋਸਟਿੰਗ ਵਾਲੀਆਂ ਡਿਊਟੀਆਂ ’ਤੇ ਹੀ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਉਹਨਾਂ ਦਾ ਮੰਤਵ ਕਿਸੇ ਨੂੰ ਤੰਗ ਪਰੇਸ਼ਾਨ ਕਰਨਾ ਨਹੀਂ ਉਹ ਤਾਂ ਸਰਕਾਰ ਦੀਆਂ ਨੀਤੀਆਂ ਕਾਰਨ ਸੰਘਰਸ਼ ਦੇ ਰਾਹ ਪੈਣ ਲਈ ਮਜਬੂਰ ਹੋਏ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਕੁੱਲ 4716 ਅਸਾਮੀਆਂ ਮਨਜ਼ੂਰਸ਼ੁਦਾ ਹਨ ਜਿਨ੍ਹਾਂ ਤੇ 1513 ਰੈਗੂਲਰ ਪਟਵਾਰੀ ਹੀ ਕੰਮ ਕਰ ਰਹੇ ਹਨ ਜਦੋਂ ਕਿ ਠੇਕੇ ‘ਤੇ ਕੰਮ ਕਰਨ ਵਾਲੇ ਪਟਵਾਰੀਆਂ ਦੀ ਗਿਣਤੀ 514 ਹੈ। ਉਨ੍ਹਾਂ  ਕਿਹਾ ਕਿ  ਵੱਡੀ ਪੱਧਰ ਤੇ  ਖਾਲੀ ਪਈਆਂ ਅਸਾਮੀਆਂ ਦਾ  ਖਮਿਆਜ਼ਾ ਪਟਵਾਰੀਆਂ ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਹੋਣ ਦੇ ਰੂਪ ਵਿੱਚ ਭੁਗਤਣਾ ਪੈ ਰਿਹਾ ਹੈ।   
   ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਖਾਲੀ ਪਈਆਂ ਅਸਾਮੀਆਂ ਤੇ ਤੁਰੰਤ ਭਰਤੀ ਕਰਨੀ ਚਾਹੀਦੀ ਹੈ ਜਿਸ ਨਾਲ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮਿਲੇਗਾ ਅਤੇ ਕੰਮ ਕਾਰ ਵਿੱਚ ਪਾਰਦਰਸ਼ਤਾ ਆਏਗੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਨਵੇਂ ਪਟਵਾਰੀਆਂ ਦੀ ਭਰਤੀ ਵੀ ਢੰਗ ਸਿਰ ਨਹੀਂ ਕੀਤੀ ਜਿਸ ਕਰਕੇ ਨਵੇਂ ਭਰਤੀ ਹੋਏ ਪਟਵਾਰੀ ਨੌਕਰੀ ਕਰਨ ਲਈ ਦਿਲਚਸਪੀ ਨਹੀਂ ਲੈ ਰਹੇ ਹਨ।ਯੂਨੀਅਨ ਆਗੂ ਨੇ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੇ ਭ੍ਰਿਸ਼ਟਾਚਾਰ ਦੀ ਹਮਾਇਤ ਨਹੀਂ ਕਰਦੇ ਬਲਕਿ ਉਨ੍ਹਾਂ ਦੀ ਮੰਗ ਹੈ ਕਿ ਪਟਵਾਰੀਆਂ ਖ਼ਿਲਾਫ਼ ਕੀਤੀ ਜਾਣ ਵਾਲੀ ਜਾਂਚ ਧਾਰਾ 17-ਏ ਤਹਿਤ ਹੀ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਸੰਗਰੂਰ ਵਿੱਚ ਵੀ ਇਸ ਧਾਰਾ ਦੀ ਪਾਲਣਾ ਕਰਨ ਤੋਂ ਬਗੈਰ ਹੀ ਧਾਰਾ  ਐਫ ਆਈ ਆਰ ਨੰਬਰ 29 ਦਰਜ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਗੱਲਬਾਤ ਰਾਹੀਂ ਮਾਹੌਲ ਨੂੰ ਸੁਖਾਵਾਂ ਬਣਾਏ‌।
Advertisement
Advertisement
Advertisement
Advertisement
Advertisement
error: Content is protected !!