ਹਰਿੰਦਰ ਨਿੱਕਾ , ਬਰਨਾਲਾ 31 ਅਗਸਤ 2023
ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਸਤੰਬਰ ਤੋਂ ਅਣਮਿੱਥੇ ਸਮੇਂ ਲਈ ਰੈਵਨਿਊ ਪਟਵਾਰ ਯੂਨੀਅਨ ਦੇ ਸੱਦੇ ਤੇ ਕਲਮ ਛੋਡ ਹੜਤਾਲ ਤੇ ਜਾ ਰਹੇ ਪਟਵਾਰੀਆਂ ਖਿਲਾਫ ਸਖਤ ਕਾਰਵਾਈ ਕਰਨ ਦਾ ਹੁਕਮ ਚਾੜ ਕੇ,ਯੂਨੀਅਨ ਨੂੰ ਘੇਰਨ ਅਤੇ ਦੂਜੇ ਬੰਨੇ ਹਰ ਹਾਲ ਹੜਤਾਲ ਤੇ ਜਾਣ ਦੀ ਯੂਨੀਅਨ ਦੀ ਜਿੱਦ ਦਾ ਰੇੜਕਾ ਕਿਸੇ ਤਣ ਪੱਤਣ ਨਹੀਂ ਲੱਗਿਆ। ਪਰੰਤੂ ਇਸੇ ਰੇੜਕੇ ਦਰਮਿਆਨ ਵਿਜੀਲੈਂਸ ਬਿਊਰੋ ਬਰਨਾਲਾ ਦੀ ਟੀਮ ਨੇ ਇੱਕ ਹੋਰ ਪਟਵਾਰੀ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਦਬੋਚ ਲਿਆ ਹੈ। ਫੜ੍ਹੇ ਗਏ ਪਟਵਾਰੀ ਕੋਲੋਂ ਲਈ ਗਈ ਰਿਸ਼ਵਤ ਦੀ ਰਾਸ਼ੀ ਵੀ ਬਰਾਮਦ ਕਰ ਲਈ ਹੈ। ਵਿਜੀਲੈਂਸ ਦੀ ਟੀਮ ਨੇ ਇਹ ਕਾਰਵਾਈ ਵਿਜੀਲੈਂਸ ਦੇ ਇੰਸਪੈਕਟਰ ਗੁਰਮੇਲ ਸਿੰਘ ਦੀ ਅਗਵਾਈ ਵਿੱਚ ਨੇਪਰੇ ਚਾੜ੍ਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੱਬੂ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਹਰੀਗੜ, ਜਿਲ੍ਹਾ ਬਰਨਾਲਾ ਨੇ ਵਿਜੀਲੈਂਸ ਬਿਊਰੋ ਕੋਲ ਸ਼ਕਾਇਤ ਦਿੱਤੀ ਸੀ ਕਿ ਪਟਵਾਰ ਹਲਕਾ ਉੱਪਲੀ ਅਤੇ ਵਾਧੂ ਚਾਰਜ ਹਰੀਗੜ ਦਾ ਪਟਵਾਰੀ ਉਸ ਤੋਂ ਤੇਰਾਂ ਸਾਲਾ ਰਿਕਾਰਡ ਲੈਣ ਦੇ ਬਦਲੇ ਵੀਹ ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕਰ ਰਿਹਾ ਸੀ, ਜਦੋਂਕਿ ਸੌਦਾ ਪੰਜ ਹਜ਼ਾਰ ਰੁਪਏ ਵਿੱਚ ਤੈਅ ਹੋ ਗਿਆ ਹੈ। ਵਿਜੀਲੈਂਸ ਬਿਊਰੋ ਦੇ ਆਲ੍ਹਾ ਅਧਿਕਾਰੀਆਂ ਵੱਲੋਂ ਕਾਰਵਾਈ ਲਈ ਮਿਲੀ ਹਰੀ ਝੰਡੀ ਤੋਂ ਬਾਅਦ ਇੰਸਪੈਕਟਰ ਗੁਰਮੇਲ ਸਿੰਘ ਦੀ ਅਗਵਾਈ ਵਿੱਚ ਏ.ਐਸ.ਆਈ. ਸਤਗੁਰ ਸਿੰਘ, ਹੌਲਦਾਰ ਗੁਰਜਿੰਦਰ ਸਿੰਘ, ਕਾਂਸਟੇਬਲ ਵੀਰਪਾਲ ਕੌਰ ਅਤੇ ਹੋਰ ਸਰਕਾਰੀ ਗਵਾਹਾਂ ਨੂੰ ਨਾਲ ਲੈ ਕੇ ਪਟਵਾਰੀ ਨੂੰ ਫੜ੍ਹਨ ਲਈ ਜਾਲ ਵਿਛਾਇਆ ਗਿਆ। ਜਦੋਂ ਧਨੌਲਾ ਸਬ ਤਹਿਸੀਲ ਕੰਪਲੈਕਸ ਵਿੱਚ ਪਟਵਾਰੀ ਸਤੀਸ਼ ਕੁਮਾਰ ਨੇ ਬੱਬੂ ਸਿੰਘ ਤੋਂ ਰਿਸ਼ਵਤ ਦੇ 5 ਹਜ਼ਾਰ ਰੁਪਏ ਲੈ ਲਏ,ਉਦੋਂ ਹੀ ਪਹਿਲਾਂ ਤੋਂ ਘਾਤ ਲਈ ਖੜੀ ਵਿਜੀਲੈਂਸ ਦੀ ਟੀਮ ਨੇ ਪਟਵਾਰੀ ਸਤੀਸ਼ ਕੁਮਾਰ ਨੂੰ ਰਿਸ਼ਵਤ ਦੀ ਰਾਸ਼ੀ ਸਣੇ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਦਬੋਚ ਲਿਆ। ਪਟਵਾਰੀ ਦੇ ਕਬਜ਼ੇ ਵਿੱਚੋਂ ਰਿਸ਼ਵਤ ਵਜੋਂ ਪ੍ਰਾਪਤ ਪੰਜ ਹਜ਼ਾਰ ਰੁਪਏ ਬਰਾਮਦ ਕਰ ਲਏ ਹਨ। ਵਿਜੀਲੈਂਸ ਬਿਊਰੋ ਦੇ ਇੰਸਪੈਕਟਰ ਗੁਰਮੇਲ ਸਿੰਘ ਨੇ ਦੱਸਿਆ ਕਿ ਪਟਵਾਰੀ ਸਤੀਸ਼ ਕੁਮਾਰ ਦੇ ਖਿਲਾਫ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕੇਸ ਦਰਜ਼ ਕਰਕੇ,ਅਗਲੀ ਕਾਨੂੰਨੀ ਕਾਰਵਾਈ ਅਤੇ ਪੁੱਛਗਿਛ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭ੍ਰਿਸ਼ਟ ਅਧਿਕਾਰੀਆਂ ਤੇ ਕਰਮਚਾਰੀਆਂ ਖਿਲਾਫ ਕਾਨੂੰਨੀ ਕਾਰਵਾਈ ਲਈ ਬੇਝਿਜਕ ਅੱਗੇ ਆਉਣ, ਤਾਂ ਜੋ ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸ਼ਨ ਦੇਣ ਦਾ ਸਰਕਾਰ ਦਾ ਟੀਚਾ ਪੂਰਾ ਹੋ ਸਕੇ। ਅਜਿਹਾ ਲੋਕਾਂ ਦੇ ਸਹਿਯੋਗ ਬਿਨਾਂ ਸੰਭਵ ਨਹੀਂ ਹੈ।