ਹਰਿੰਦਰ ਨਿੱਕਾ ,ਬਰਨਾਲਾ 30 ਅਗਸਤ 2023
ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੇ ਪ੍ਰਬੰਧ ‘ਚ ਹੋਈਆਂ ਕਥਿਤ ਬੇਨਿਯਮੀਆਂ ਨੂੰ ਲੈ ਕੇ ਭਖਿਆ ਮਸਲਾ ਦਿਨ ਬ ਦਿਨ ਹੋਰ ਪ੍ਰਚੰਡ ਰੂਪ ਧਾਰਨ ਕਰਦਾ ਜਾ ਰਿਹਾ ਹੈ। ਐਕਸ਼ਨ ਕਮੇਟੀ ਦੀ ਸ਼ਕਾਇਤ ਤੇ ਐਸਡੀਐਮ ਦੀ ਅਦਾਲਤ ਵਿਚ ਅੱਜ ਹੋਈ ਸੁਣਵਾਈ ਦੌਰਾਨ ਜਿੱਥੇ ਐਕਸ਼ਨ ਕਮੇਟੀ ਨੇ ਤੱਥਾਂ ਸਮੇਤ ਆਪਣਾ ਪੱਖ ਰੱਖਿਆ, ਉੱਥੇ ਹੀ ਕਾਲਜ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੋਏ ਪ੍ਰਧਾਨ ਭੋਲਾ ਸਿੰਘ ਵਿਰਕ ਨੇ ਕਾਲਜ ਦੀ ਤਰਫੋਂ ਕੋਈ ਸਫਾਈ ਪੇਸ਼ ਕਰਨ ਦੀ ਬਜਾਏ ਟਾਲਾ ਹੀ ਵੱਟਿਆ, ਸਗੋਂ ਪੱਖ ਪੇਸ਼ ਕਰਨ ਲਈ ,ਅਦਾਲਤ ਤੋਂ ਹੋਰ ਸਮਾਂ ਮੰਗਿਆ। ਭੋਲਾ ਸਿੰਘ ਵਿਰਕ ਦੇ ਅਜਿਹੇ ਰਵੱਈਏ ਤੋਂ ਬਾਅਦ ਐਕਸ਼ਨ ਕਮੇਟੀ ਤੇ ਪ੍ਰਦਰਸ਼ਨਕਾਰੀਆਂ ਦੋ ਹੌਸਲੇ ਹੋਰ ਵੀ ਬੁਲੰਦ ਹੋ ਗਏ। ਮਾਨਯੋਗ ਅਦਾਲਤ ਨੇ ਅਗਲੀ ਸੁਣਵਾਈ 20 ਸਤੰਬਰ ਨੂੰ ਮੁਕਰਰ ਕਰ ਦਿੱਤੀ। ਦੂਜੇ ਪਾਸੇ ਕਾਲਜ ਦੇ ਗੇਟ ਸਾਹਮਣੇ ਲੱਗਿਆ ਪੱਕਾ ਧਰਨਾ ਅੱਜ 13ਵੇਂ ਦਿਨ ਵਿਚ ਦਾਖਿਲ ਹੋ ਗਿਆ ਹੈ। ਧਰਨੇ ਨੂੰ ਸੰਬੋਧਿਤ ਕਰਦਿਆਂ ਬੁਲਾਰਿਆਂ ਨੇ ਅਦਾਲਤੀ ਕਾਰਵਾਈ ਬਾਰੇ ਵਿਸਥਾਰ ਸਹਿਤ ਦੱਸਿਆ ਕਿ ਖੇਡ ਸਟੇਡੀਅਮ ਵਿਚ ਬਣੇ ਆਡੀਟੋਰੀਅਮ ਅਤੇ ਸਵੀਮਿੰਗ ਪੂਲ ਦੀ 1 ਕਰੋੜ 70 ਲੱਖ ਦੀ ਯੂ.ਜੀ.ਸੀ ਵੱਲੋਂ 2012 ਵਿਚ ਭੇਜੀ ਗ੍ਰਾਂਟ ਦੇ ਘਪਲੇ ਦੇ ਸੰਬੰਧ ਵਿਚ ਅੱਜ ਮਾਣਯੋਗ ਐਸ.ਡੀ.ਐਮ ਬਰਨਾਲਾ ਦੀ ਕੋਰਟ ਵਿਚ ਦੋਵਾਂ ਧਿਰਾਂ ਦੀ ਪੇਸ਼ੀ ਹੋਈ। ਇਸ ਪੇਸ਼ੀ ਵਿਚ ਕਾਲਜ ਬਚਾਉ ਸੰਘਰਸ਼ ਕਮੇਟੀ ਅਤੇ ਕਾਲਜ ਦੇ ਪ੍ਰਧਾਨ ਭੋਲਾ ਸਿੰਘ ਵਿਰਕ ਸ਼ਾਮਿਲ ਹੋਏ, ਪਰੰਤੂ ਕਾਲਜ ਪ੍ਰਿੰਸੀਪਲ ਡਾ. ਸਰਬਜੀਤ ਸਿੰਘ ਕੁਲਾਰ ਇਸ ਪੇਸ਼ੀ ਦੌਰਾਨ ਗੈਰ ਹਾਜਿਰ ਰਹੇ, ਜੋ ਕਿ ਪਿਛਲੇ ਲੰਮੇ ਸਮੇਂ ਤੋਂ ਵਿਦੇਸ਼ ਵਿਚ ਲੰਮੀ ਛੁੱਟੀ ਤੇ ਗਏ ਹੋਏ ਹਨ। ਪੇਸ਼ੀ ਮੌਕੇ ਕਾਲਜ ਬਚਾਉ ਸੰਘਰਸ਼ ਕਮੇਟੀ ਵੱਲੋਂ ਤੱਥਾਂ ਅਤੇ ਸਬੂਤਾਂ ਨਾਲ ਆਪਣਾ ਪੱਖ ਰੱਖਦੇ ਹੋਏ ਕੋਰਟ ਵਿਚ ਕਿਹਾ ਕਿ ਕਾਲਜ ਪ੍ਰਬੰਧਕਾਂ ਵੱਲੋਂ ਸੰਬੰਧਿਤ ਗ੍ਰਾਂਟ ਨੂੰ ਜਾਅਲੀ ਦਸਤਾਵੇਜ ਤਿਆਰ ਕਰਵਾ ਕੇ ਖੰਡਰ ਬਣ ਚੁੱਕੀ ਇਮਾਰਤ ਨੂੰ ਸੰਪੂਰਨ ਤਿਆਰ ਕੀਤਾ ਹੋਇਆ ਵਿਖਾ ਦਿੱਤਾ ਗਿਆ ਹੈ। ਜਿਸ ਦਾ ਖੁਲਾਸਾ ਆਰ.ਟੀ.ਆਈ ਪ੍ਰਾਪਤ ਸੂਚਨਾ ਵਿਚ ਹੋਇਆ ਹੈ। ਉੱਧਰ ਕਾਲਜ ਪ੍ਰਧਾਨ ਭੋਲਾ ਸਿੰਘ ਵਿਰਕ ਨੇ ਕੋਰਟ ਅੱਗੇ ਬੇਨਤੀ ਕਰਦੇ ਹੋਏ ਕਿਹਾ ਕਿ ਕਾਲਜ ਪ੍ਰਿੰਸੀਪਲ ਲੰਮੇ ਸਮੇਂ ਤੋਂ ਵਿਦੇਸ਼ ਗਏ ਹੋਏ ਹਨ। ਇਸ ਲਈ ਸਾਨੂੰ ਪੱਖ ਰੱਖਣ ਲਈ 20 ਸਤੰਬਰ ਤੱਕ ਦਾ ਸਮਾਂ ਦਿੱਤਾ ਜਾਵੇ। ਇੱਥੇ ਜਿਕਰਯੋਗ ਹੈ ਕਿ ਪਿਛਲੇ ਦਿਨੀ ਭੋਲਾ ਸਿੰਘ ਵਿਰਕ ਵੱਲੋਂ ਪ੍ਰੈਸ ਕਾਨਫਰੰਸ ਦੇ ਦੌਰਾਨ ਇਹ ਦਾਅਵਾ ਕੀਤਾ ਗਿਆ ਸੀ ਕਿ 30 ਤਰੀਕ ਨੂੰ ਐਸ.ਡੀ.ਐਮ ਸਾਹਿਬ ਦੀ ਅਦਾਲਤ ਵਿਚ ਮੇਰੇ ਵੱਲੋਂ ਸਟੇਡੀਅਮ ਦੀ ਗ੍ਰਾਂਟ ਦਾ ਪਾਈ-ਪਾਈ ਦਾ ਹਿਸਾਬ ਦਿੱਤਾ ਜਾਵੇਗਾ , ਜਿਸ ਨਾਲ ਪੂਰੇ ਮਸਲੇ ਦਾ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ। ਪਰੰਤੂ ਜਮੀਨੀ ਪੱਧਰ ਉਪਰ ਪੇਸ਼ੀ ਦੌਰਾਨ ਕਾਲਜ ਪ੍ਰਧਾਨ ਵੱਲੋਂ ਕੀਤੇ ਇਹ ਦਾਅਵੇ ਖੋਖਲੇ ਨਿਕਲੇ।
ਕਾਲਜ ਬਚਾਉ ਸੰਘਰਸ਼ ਕਮੇਟੀ ਵੱਲੋਂ ਇਹ ਦਾਅਵਾ ਕੀਤਾ ਗਿਆ ਕਿ ਕੋਰਟ ਵਿਚ ਕਾਲਜ ਪ੍ਰਧਾਨ ਵੱਲੋਂ ਮੰਗੇ ਸਮੇਂ ਤੋਂ ਇਹ ਸਾਬਿਤ ਹੁੰਦਾ ਹੈ ਕਿ ਭੋਲਾ ਸਿੰਘ ਵਿਰਕ ਜਾਂਚ ਤੋਂ ਭੱਜਦਾ ਨਜ਼ਰ ਆ ਰਿਹਾ ਹੈ। ਇਸ ਲਈ ਪ੍ਰਸ਼ਾਸ਼ਨ ਵੱਲੋਂ ਜਮੀਨੀ ਪੱਧਰ ਉਪਰ ਸਟੇਡੀਅਮ ਅਤੇ ਸਵੀਮਿੰਗ ਪੂਲ ਦਾ ਮੌਕਾ ਵੇਖ ਕੇ ਜਾਂਚ ਕਰਨੀ ਚਾਹੀਦੀ ਹੈ ਅਤੇ ਦੋਸੀਆਂ ਉਪਰ ਬਣਦੀ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ। ਸੰਘਰਸ਼ ਕਮੇਟੀ ਵੱਲੋਂ ਪ੍ਰਸ਼ਾਸ਼ਨ ਨੂੰ ਅਪੀਲ ਕੀਤੀ ਕਿ ਜਲਦ ਤੋਂ ਜਲਦ ਇਸ ਮਸਲੇ ਦਾ ਹੱਲ ਕੀਤਾ ਜਾਵੇ ਨਹੀਂ ਤਾਂ ਸੰਘਰਸ਼ ਕਮੇਟੀ ਵੱਲੋਂ ਵੱਡਾ ਐਕਸ਼ਨ ਕੀਤਾ ਜਾਵੇਗਾ।