ਰਘਬੀਰ ਹੈਪੀ, ਬਰਨਾਲਾ, 23 ਜੁਲਾਈ 2023
ਬਰਨਾਲਾ ਸ਼ਹਿਰ ਨੂੰ ਮੋਹਰੀ ਸ਼ਹਿਰਾਂ ‘ਚ ਲਿਆਉਣ ਲਈ ਜਿੱਥੇ ਬੁਨਿਆਦੀ ਸਹੂਲਤਾਂ ਨੂੰ ਤਵੱਜੋਂ ਦਿੱਤੀ ਜਾ ਰਹੀ ਹੈ, ਓਥੇ ਹਰਿਆਵਲ ਵਧਾਉਣ ਲਈ ਨਵੇਂ ਪਾਰਕ ਬਣਾਉਣ ਦੀ ਵੀ ਤਜਵੀਜ਼ ਹੈ। ਇਹ ਪ੍ਰਗਟਾਵਾ ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਬਰਨਾਲਾ ਸ਼ਹਿਰ ਦੇ ਵੱਖ – ਵੱਖ ਵਾਰਡਾਂ ਵਿੱਚ ਵਿਕਾਸ ਕਾਰਜ ਸ਼ੁਰੂ ਕਰਵਾਉਣ ਮੌਕੇ ਕੀਤਾ, ਜਿਨ੍ਹਾਂ ਵਾਸਤੇ ਕੈਬਨਿਟ ਮੰਤਰੀ ਮੀਤ ਹੇਅਰ ਵਲੋਂ ਗ੍ਰਾਂਟ ਜਾਰੀ ਕੀਤੀ ਗਈ ਹੈ।
ਇਸ ਮੌਕੇ ਉਨ੍ਹਾਂ ਰਵਿਦਾਸ ਧਰਮਸ਼ਾਲਾ, ਹਰੀ ਨਗਰ ਬਰਨਾਲਾ ਦੀ ਮੁਰੰਮਤ ਲਈ ਜਾਰੀ ਕੀਤੀ 2 ਲੱਖ ਦੀ ਗ੍ਰਾਂਟ ਨਾਲ ਕੰਮ ਸ਼ੁਰੂ ਕਰਵਾਇਆ। ਇਸ ਤੋਂ ਇਲਾਵਾ ਧਰਮਸ਼ਾਲਾ ਪ੍ਰੇਮ ਨਗਰ ਦੀ ਮੁਰੰਮਤ ਸਬੰਧੀ ਵੀ 2 ਲੱਖ ਦੀ ਗ੍ਰਾਂਟ ਅਤੇ ਰਵਿਦਾਸ ਧਰਮਸ਼ਾਲਾ ਸੇਖਾ ਰੋਡ ਦੀ ਮੁਰੰਮਤ ਸਬੰਧੀ ਇਕ ਲੱਖ ਦੀ ਗ੍ਰਾਂਟ ਨਾਲ ਕੰਮ ਸ਼ੁਰੂ ਕਰਵਾਇਆ। ਇਸ ਮੌਕੇ ਉਨ੍ਹਾਂ ਇਸ ਧਰਮਸ਼ਾਲਾ ਲਈ 2 ਲੱਖ ਦੀ ਗ੍ਰਾਂਟ ਹੋਰ ਦੇਣ ਦਾ ਐਲਾਨ ਕੀਤਾ। ਇਸੇ ਤਰ੍ਹਾਂ ਕੁਸ਼ਟ ਆਸ਼ਰਮ ਬਰਨਾਲਾ ਵਿੱਚ ਨਿਰਮਾਣ ਕਾਰਜਾਂ ਦੀ ਇਕ ਲੱਖ ਰੁਪਏ ਦੀ ਗ੍ਰਾਂਟ ਨਾਲ ਸ਼ੁਰੂਆਤ ਕਰਵਾਈ ਅਤੇ 2 ਲੱਖ ਰੁਪਏ ਹੋਰ ਦੇਣ ਦਾ ਐਲਾਨ ਕੀਤਾ।
ਇਸ ਮੌਕੇ ਉਨ੍ਹਾਂ ਇਲਾਕਾ ਵਾਸੀਆਂ ਦੀ ਮੰਗ ‘ਤੇ ਪੁਰਾਣੇ ਪੀਆਰਟੀਸੀ ਦਫ਼ਤਰ, ਧਨੌਲਾ ਰੋਡ ਵਿਖੇ ਪਾਰਕ ਬਣਾਉਣ ਦਾ ਐਲਾਨ ਕੀਤਾ ਤੇ ਇਸ ਬਾਰੇ ਨਗਰ ਕੌਂਸਲ ਅਧਿਕਾਰੀਆਂ ਨੂੰ ਤਜਵੀਜ਼ ਤਿਆਰ ਕਰਨ ਦੇ ਦਿਸ਼ਾ – ਨਿਰਦੇਸ਼ ਦਿੱਤੇ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਹੋਰ ਵੀ ਪਾਰਕ ਬਣਾਉਣ ਲਈ ਤਜਵੀਜ਼ ਤਿਆਰ ਕੀਤੀ ਜਾ ਰਹੀ ਹੈ ਤਾਂ ਜੋ ਬਰਨਾਲੇ ਨੂੰ ਹਰਿਆਵਲ ਪੱਖੋਂ ਮੋਹਰੀ ਬਣਾਇਆ ਜਾ ਸਕੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਨਗਰ ਸੁਧਾਰ ਟਰੱਸਟ ਬਰਨਾਲਾ ਰਾਮ ਤੀਰਥ ਮੰਨਾ, ਐਮ ਸੀ ਰੁਪਿੰਦਰ ਸ਼ੀਤਲ ਬੰਟੀ, ਐਮ ਸੀ ਜੋਂਟੀ ਮਾਨ, ਐਮ ਸੀ ਮਲਕੀਤ ਸਿੰਘ, ਐਮ ਸੀ ਜਗਰਾਜ ਸਿੰਘ, ਐਮ ਸੀ ਵਿਨੈ ਕੁਮਾਰ, ਐਮ ਸੀ ਯਾਦਵਿੰਦਰ ਸਿੰਘ, ਐਮ ਸੀ ਭੋਲਾ ਸਿੰਘ, ਮਹਿੰਦਰ ਪਾਲ ਸਿੰਘ ਸਿੱਧੂ, ਯੂਥ ਆਗੂ ਪਰਮਿੰਦਰ ਸਿੰਘ ਭੰਗੂ, ਰੋਹਿਤ ਕੁਮਾਰ ਤੇ ਹੋਰ ਪਤਵੰਤੇ ਮੌਜੂਦ ਸਨ।