268 ਥਾਂਵਾਂ ਤੇ ਮੱਛਰਾਂ ਦਾ ਲਾਰਵਾ ਪਾਏ ਜਾਣ ਤੇ ਕਰਵਾਇਆ ਨਸ਼ਟ
ਡੇਂਗੂ ਤੋਂ ਬਚਾਅ ਲਈ ਸਾਵਧਾਨੀਆਂ ਵਰਤਣੀਆਂ ਜ਼ਰੂਰੀ : ਸਿਵਲ ਸਰਜਨ ਡਾ. ਰਮਿੰਦਰ ਕੌਰ
ਰਾਜੇਸ਼ ਗੋਤਮ , ਪਟਿਆਲਾ 23 ਜੂਨ 2023
ਡੇਂਗੂ ਬਿਮਾਰੀ ਦੀ ਰੋਕਥਾਮ ਲਈ ਚਲਾਏ ਜਾ ਰਹੇ ਹਰੇਕ ਹਫ਼ਤੇ ਫਰਾਈਡੇ-ਡਰਾਈਡੇ ਅਭਿਆਨ ਤਹਿਤ ਸਿਵਲ ਸਰਜਨ ਡਾ. ਰਮਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਸ਼ਹਿਰ ਦੀ ਨਿਊ ਸੈਂਚੁਰੀ ਇਨਕਲੇਵ, ਜੈ ਜਵਾਨ ਕਲੋਨੀ, ਸੁਖਰਾਮ ਕਲੋਨੀ, ਸੁੰਦਰ ਨਗਰ ਅਤੇ ਸਮਾਨੀਆਂ ਗੇਟ ਪਟਿਆਲਾ ਆਦਿ ਵਿੱਚ ਡੇਂਗੂ ਲਾਰਵੇ ਦੀ ਜਾਂਚ ਲਈ ਪਾਣੀ ਦੇ ਖੜੇ ਸਰੋਤਾਂ ਦੀ ਚੈਕਿੰਗ ਕੀਤੀ ਅਤੇ ਲਾਰਵੀਸਾਈਡ ਸਪਰੇਅ ਕੀਤੀ ਗਈ। ਇਹਨਾਂ ਟੀਮਾਂ ਦਾ ਜ਼ਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਵੱਲੋਂ ਫ਼ੀਲਡ ਵਿੱਚ ਜਾ ਕੇ ਵੀ ਨਿਰੀਖਣ ਕੀਤਾ।
ਸਿਵਲ ਸਰਜਨ ਡਾ. ਰਮਿੰਦਰ ਕੌਰ ਨੇ ਦੱਸਿਆ ਕਿ ਅੱਜ ਮੁਹਿੰਮ ਅਧੀਨ ਸਿਹਤ ਟੀਮਾਂ ਵੱਲੋਂ ਜ਼ਿਲ੍ਹੇ ਦੇ 30728 ਘਰਾਂ ਵਿਚ ਪਹੁੰਚ ਕੇ ਡੇਂਗੂ ਲਾਰਵੇ ਦੀ ਚੈਕਿੰਗ ਕੀਤੀ ਗਈ ਅਤੇ 268 ਥਾਂਵਾਂ ਤੇ ਮਿਲਿਆ ਲਾਰਵੇ ਨੂੰ ਟੀਮਾਂ ਵੱਲੋਂ ਮੌਕੇ ਤੇ ਹੀ ਨਸ਼ਟ ਕਰਵਾ ਦਿੱਤਾ ਗਿਆ ਅਤੇ 5 ਵਿਅਕਤੀਆਂ ਦੇ ਚਲਾਨ ਵੀ ਕੀਤੇ ਗਏ। ਉਹਨਾਂ ਦੱਸਿਆ ਕਿ ਹੁਣ ਤੱਕ ਸਿਹਤ ਟੀਮਾਂ ਵੱਲੋਂ ਖ਼ੁਸ਼ਕ ਦਿਵਸ ਮੁਹਿੰਮ ਤਹਿਤ 2 ਲੱਖ 30 ਹਜ਼ਾਰ ਤੋਂ ਵੱਧ ਘਰਾਂ ਦਾ ਸਰਵੇ ਕੀਤਾ ਜਾ ਚੁੱਕਾ ਹੈ ਅਤੇ ਇਹ ਗਤੀਵਿਧੀਆਂ ਲਗਾਤਾਰ ਜਾਰੀ ਹਨ। ਉਹਨਾਂ ਕਿਹਾ ਕਿ ਭਾਵੇਂ ਇਸ ਸੀਜ਼ਨ ਦੌਰਾਨ ਜ਼ਿਲ੍ਹੇ ਵਿੱਚ ਹੁਣ ਤੱਕ ਇੱਕ ਹੀ ਡੇਂਗੂ ਦਾ ਕੇਸ ਰਿਪੋਰਟ ਹੋਇਆ ਹੈ ਪ੍ਰੰਤੂ ਬੀਤੇ ਕੁੱਝ ਦਿਨਾਂ ਤੋਂ ਰੁਕ ਰੁਕ ਕੇ ਹੋ ਰਹੀ ਬਾਰਸ਼ ਕਾਰਨ ਨੀਵੇਂ ਥਾਂਵਾਂ ਅਤੇ ਘਰਾਂ ਵਿੱਚ ਪਏ ਟੁੱਟੇ ਫ਼ੁੱਟੇ ਬਰਤਨਾਂ ਵਿੱਚ ਪਾਣੀ ਇਕੱਠਾ ਅਤੇ ਹਵਾ ਵਿੱਚ ਨਮੀ ਹੋਣ ਕਾਰਨ ਮੱਛਰਾਂ ਦੀ ਪੈਦਾਇਸ਼ ਲਈ ਅਨੁਕੂਲ ਵਾਤਾਵਰਣ ਹੋਣ ਕਾਰਨ ਮੱਛਰਾਂ ਦੀ ਪੈਦਾਇਸ਼ ਦਾ ਵਧਣਾ ਲਾਜ਼ਮੀ ਹੈ। ਇਸ ਲਈ ਡੇਂਗੂ ਦੇ ਫੈਲਣ ਤੋਂ ਰੋਕਣ ਲਈ ਪਾਣੀ ਦੀ ਖੜੋਤ ਨੂੰ ਖ਼ਤਮ ਕਰਨਾ ਯਕੀਨੀ ਬਣਾਇਆ ਜਾਵੇ।
ਜ਼ਿਲ੍ਹਾ ਐਪੀਡੋਲੋਜਿਸਟ ਡਾ. ਸੁਮੀਤ ਸਿੰਘ ਨੇ ਕਿਹਾ ਕਿਸੇ ਕਿਸਮ ਦਾ ਬੁਖ਼ਾਰ ਹੋਣ ਜਾਂਚ ਯਕੀਨੀ ਬਣਾਈ ਜਾਵੇ ਜੋ ਕਿ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮੁਫ਼ਤ ਉਪਲਬਧ ਹੈ ਅਤੇ ਬੁਖ਼ਾਰ ਹੋਣ ਦੀ ਸੁਰਤ ਵਿੱਚ ਪੈਰਾਸੀਟਾਮੋਲ ਦੀ ਗੋਲੀ ਹੀ ਲਈ ਜਾਵੇ ਅਤੇ ਹੋਰ ਦਵਾਈ ਡਾਕਟਰੀ ਸਲਾਹ ਨਾਲ ਹੀ ਲਈ ਜਾਵੇ । ਉਹਨਾਂ ਕਿਹਾ ਕਿ ਡੇਂਗੂ ਕਿ ਇੱਕ ਵਾਇਰਲ ਬੁਖ਼ਾਰ ਹੈ ਜੋ ਕਿ ਏਡੀਜ ਮੱਛਰ ਦੇ ਦਿਨ ਵੇਲੇ ਕੱਟਣ ਤੇ ਫੈਲਦਾ ਹੈ ਅਤੇ ਇਹ ਮੱਛਰ ਸਾਫ਼ ਖੜੇ ਪਾਣੀ ਵਿਚ ਪੈਦਾ ਹੁੰਦਾ ਹੈ। ਉਹਨਾਂ ਲੋਕਾਂ ਨੂੰ ਮੱਛਰਾਂ ਦੀ ਪੈਦਾਇਸ਼ ਨੂੰ ਰੋਕਣ ਲਈ ਆਪਣੇ ਘਰਾਂ ਦੀਆਂ ਛੱਤਾਂ ਜਾਂ ਵਿਹੜੇ ਵਿੱਚ ਪਏ ਟੁੱਟੇ-ਫੁੱਟੇ ਬਰਤਨਾਂ ਨੂੰ ਮੂਧਾ ਮਾਰਨ ਜਾਂ ਨਸ਼ਟ ਕਰਨ, ਗਮਲਿਆਂ, ਕੂਲਰਾਂ, ਫ਼ਰਿਜਾਂ ਦੀਆਂ ਟਰੇਆਂ ਨੂੰ ਸਾਫ਼ ਕਰਨਾ ਯਕੀਨੀ ਬਣਾਉਣ ਅਤੇ ਸਰੀਰ ਨੂੰ ਢੱਕਣ ਵਾਲੇ ਕੱਪੜੇ ਪਾਉਣ ਦੀ ਅਪੀਲ ਕੀਤੀ।