ਜੇਬਾਂ ਦੀ ਮੜਕ ਵਿਗਾੜੂ ਇਹ ਸੜਕ ! ਮੁਕਤਸਰ ਤੋਂ ਮਲੋਟ ਮਾਰਗ ਦੀ ਹੁਣ ਨਿੱਕਲੂ ਰੜਕ

Advertisement
Spread information
ਅਸ਼ੋਕ ਵਰਮਾ , ਸ੍ਰੀ ਮੁਕਤਸਰ ਸਾਹਿਬ 12 ਜੂਨ 2023
       ਬਾਰਾਂ  ਸਾਲਾਂ ਵਿੱਚ ਰੂੜੀ ਦੀ ਸੁਣੇ ਜਾਣ ਦੀ ਤਰਜ਼ ਤੇ ਹੁਣ ਸ਼੍ਰੀ ਮੁਕਤਸਰ ਸਾਹਿਬ ਤੋਂ ਮਲੋਟ ਸੜਕ ਦੀ ਸੁਣਵਾਈ ਹੋ ਗਈ ਹੈ। ਪੰਜਾਬ ਸਰਕਾਰ ਦੀ ਕੈਬਨਿਟ ਮੰਤਰੀ ਅਤੇ ਮਲੋਟ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਬਲਜੀਤ ਕੌਰ ਨੇ  ਅੱਜ ਰੀਬਨ ਕੱਟ ਕੇ ਸੜਕ ਦੀ ਉਸਾਰੀ ਦਾ ਕੰਮ ਰਸਮੀ ਤੌਰ ਤੇ ਸ਼ੁਰੂ ਕਰਵਾਇਆ ਹੈ। ਇਸ ਸੜਕ ਤੇ ਹੱਦੋਂ ਵੱਧ  ਖੱਡੇ ਸਨ। ਜਿਸ ਕਾਰਨ ਆਮ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਖਾਸ ਤੌਰ ਤੇ ਵੱਡੀਆਂ ਗੱਡੀਆਂ ਅਤੇ ਟਰੱਕ ਚਾਲਕਾਂ ਲਈ ਤਾਂ ਇਸ ਸੜਕ ਤੇ ਸਫਰ ਕਰਨਾ ਕੁੰਭੀ ਪਾਕ ਨਰਕ ਵਿੱਚ ਦੀ ਲੰਘਣ ਵਰਗਾ ਸੀ। ਸੜਕ ਦੀ ਟੁੱਟ-ਭੱਜ ਕਾਰਨ ਰੋਜ਼ਾਨਾ ਹਾਦਸੇ ਵਾਪਰਨਾ ਆਮ ਬਣਿਆ ਹੋਇਆ ਸੀ ਜਦੋਂ ਕਿ ਗੱਡੀਆਂ ਦਾ ਨੁਕਸਾਨ ਇਸ ਤੋਂ ਵੱਖਰਾ ਹੈ।                         
              ਇਸ ਮਾਮਲੇ ਦਾ ਸੁਖਾਵਾਂ ਪੱਖ ਇਹੋ ਹੈ ਕਿ ਇਸ ਸੜਕ ਤੋਂ ਲੰਘਣ ਵਾਲਿਆਂ ਲਈ ਸਫ਼ਰ ਸੁਹਾਣਾ ਅਤੇ ਤੇਜ਼ ਰਫ਼ਤਾਰ ਵਾਲਾ ਹੋ ਜਾਏਗਾ ਪਰ ਮਾੜਾ ਪੱਖ ਇਹ ਹੈ ਕਿ ਇਹ ਸੜਕ ਹਰੇ ਭਰੇ ਤੇ ਛਾਂਦਾਰ ਰੁੱਖਾਂ ਦਾ ਉਜਾੜਾ ਕਰਨ ਜਾ ਰਹੀ ਹੈ। ਇਸ ਤੋਂ ਇਲਾਵਾ ਟੋਲ ਪਲਾਜ਼ਾ ਲੱਗਣ ਤੋਂ ਪਿੱਛੋਂ ਇਸ ਕੌਮੀ ਮਾਰਗ  ‘ਤੇ ਸਫਰ ਕਰਨਾ  ਸਸਤਾ ਸੌਦਾ ਨਹੀਂ ਰਹੇਗਾ। ਉਸਾਰੀ ਮੁਕੰਮਲ ਹੋਣ ਤੋਂ ਤੁਰੰਤ ਬਾਅਦ ਹੀ ਲੋਕਾਂ ਨੂੰ  ਟੋਲ ਟੈਕਸ ਦੀ ਮਾਰ ਝੱਲਣੀ ਪਵੇਗੀ। ਇਸ ਵੇਲੇ ਕਾਰ ਅਤੇ ਜੀਪ ਤੇ 70 ਤੋਂ 80 ਰੁਪਏ ਤੋਂ ਲੱਗਦੇ ਹਨ। ਜਦੋਂ ਕਿ ਮਿੰਨੀ ਬੱਸਾਂ ਆਦਿ ਦੀ ਦਰ ਇਸ ਤੋਂ ਵੀ ਜ਼ਿਆਦਾ ਹੈ। ਟਰੱਕ ਅਤੇ ਟਰਾਲਾ ਚਾਲਕਾਂ ਲਈ ਤਾਂ ਇਸ ਸੜਕ ਦਾ ਸਫਰ ਜੇਬ ਖਾਲ੍ਹੀ ਕਰਨ ਵਾਲਾ ਹੋਵੇਗਾ। ਗਰੀਬ ਆਦਮੀ ਨੂੰ ਇਸ ਸੜਕ ਤੇ ਸਫਰ ਕਰਨਾ ਮਹਿੰਗਾ ਪਵੇਗਾ।
              ਇਸ ਖਿੱਤੇ ‘ਚ ਇਕੱਲੀ ਇਹੋ ਸੜਕ ਹੀ ਸੀ ਜੋ ਹਾਲੇ ਤੱਕ ਟੋਲ ਟੈਕਸ ਦੀ ਮਾਰ ਤੋਂ ਬਚੀ ਹੋਈ ਸੀ।  ਕੇਂਦਰ ਸਰਕਾਰ ਨੇ ਇਸ ਕੌਮੀ ਮਾਰਗ ਨੂੰ  ਚਹੁੰ ਮਾਰਗੀ ਬਣਾਉਣ ਲਈ ਪ੍ਰਵਾਨਗੀ ਦੇ ਦਿੱਤੀ ਹੈ।ਇਸ ਸਮੇਂ ਸੜਕ ਦੀ ਚੌੜਾਈ 7  ਮੀਟਰ ਤੱਕ ਹੈ।ਪੇਂਡੂ ਖੇਤਰਾਂ ਵਿਚ ਇਹ ਚੌੜਾਈ 10 ਮੀਟਰ ਤੇ ਨਿਰਮਤ ਖੇਤਰਾਂ ‘ਚ ਇਸ ਨੂੰ 12 ਮੀਟਰ ਚੌੜੀ ਕਰਨ ਦੀ ਤਜਵੀਜ਼ ਹੈ । ਤਕਰੀਬਨ 28 ਕਿਲੋਮੀਟਰ ਲੰਬੀ ਇਸ ਸੜਕ ਦੀ ਉਸਾਰੀ  ਤੇ 152.58 ਕਰੋੜ ਰੁਪਏ  ਖਰਚ ਹੋਣਗੇ। ਕਿਹਾ ਜਾ ਰਿਹਾ ਹੈ  ਕਿ ਇਸ ਇਲਾਕੇ ਦੇ ਸੜਕੀ ਸੰਪਰਕ ਨੂੰ ਮਜਬੂਤ ਕਰਨ ਦੇ ਨਾਲ ਨਾਲ ਪੰਜਾਬ ਦੇ ਰਾਜਸਥਾਨ ਨਾਲ ਸੜਕ ਰਾਹੀਂ ਸੰਪਰਕ ਵੀ ਛੋਟਾ ਹੋ ਜਾਏਗਾ ਅਤੇ  ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ। ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਅਤੇ ਮੁਲਾਜਮ ਇਸ ਵੇਲੇ ਇਸੇ ਪ੍ਰੋਜੈਕਟ ਨੂੰ ਸੁਰੂ ਕਰਨ ਵਿੱਚ ਲੱਗੇ ਹੋਏ ਹਨ।
      ਮੁੱਢਲੇ ਤੌਰ ਤੇ ਇਸ ਸੜਕ ਤੇ ਰੁੱਖਾਂ ਦੀ ਕਟਾਈ ਸ਼ੁਰੂ ਹੋ ਗਈ ਹੈ। ਰੁੱਖ ਕੱਟੇ ਜਾਣ ਮਗਰੋਂ ਇਸ ਸੜਕ ਨੂੰ ਚਹੁੰ ਮਾਰਗੀ ਕਰਨ ਦਾ ਕੰਮ ਸ਼ੁਰੂ ਹੋ ਜਾਵੇਗਾ। ਜੰਗਲਾਤ ਮਹਿਕਮੇ ਵੱਲੋਂ ਜੋ ਕੌਮੀ ਸੜਕ ਮਾਰਗ ‘ਤੇ ਪ੍ਰਭਾਵਿਤ ਹੋਣ ਵਾਲੇ ਦਰੱਖਤਾਂ ਦੀ ਅਸੈਸਮੈਂਟ ਕੀਤੀ ਗਈ ਹੈ । ਉਸ ਮੁਤਾਬਕ ਕਰੀਬ 3 ਹਜ਼ਾਰ ਰੁੱਖਾਂ ਦਾ ਉਜਾੜਾ ਹੋਵੇਗਾ। ਗੌਰਤਲਬ ਹੈ ਕਿ ਲੰਘੇ ਦਸ ਸਾਲਾਂ  ਦੌਰਾਨ ਪੰਜਾਬ ਵਿੱਚ ਸੱਤਾ ਤੇ ਰਹੀਆਂ ਸਰਕਾਰਾਂ ਵੱਲੋਂ ਇਸ ਸੜਕ  ਨੂੰ ਚਹੁੰਮਾਰਗੀ ਬਨਾਉਣ ਦੇ ਐਲਾਨ ਕੀਤੇ ਜਾ ਰਹੇ ਸਨ  ।ਪਰ ਮਸਲਾ ਕਿਸੇ ਤਣ-ਪੱਤਣ ਨਹੀਂ ਲੱਗਿਆ ਸੀ। ਦੱਸਣਯੋਗ ਹੈ ਕਿ ਇਸ ਸੜਕ ‘ਤੇ ਟਰੈਫਿਕ ਕਾਫੀ ਵਧ ਗਿਆ ਹੈ ਅਤੇ ਹਾਦਸਿਆਂ ਵਿੱਚ ਵੀ ਵਾਧਾ ਹੋਇਆ ਹੈ।  ਇਸ  ਕਰਕੇ ਆਮ ਲੋਕਾਂ ਵੱਲੋਂ ਇਸ ਸੜਕ ਨੂੰ ਜਲਦੀ ਬਨਾਉਣ ਦੀ ਮੰਗ ਕੀਤੀ ਜਾ ਰਹੀ ਸੀ।
ਡੇਢ ਸਾਲ ਅੰਦਰ ਉਸਾਰੀ ਮੁਕੰਮਲ: ਮੰਤਰੀ 
ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਭਲਾਈ ਵਿਭਾਗ ਦੀ ਮੰਤਰੀ  ਡਾ: ਬਲਜੀਤ ਕੌਰ ਦਾ ਕਹਿਣਾ ਸੀ ਕਿ ਸ੍ਰੀ ਮੁਕਤਸਰ ਸਾਹਿਬ ਮਲੋਟ ਸੜਕ ਦੀ ਉਸਾਰੀ ਦਾ ਕੰਮ ਡੇਢ ਸਾਲ ਦੇ ਅੰਦਰ-ਅੰਦਰ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪਿਛਲੇ 10 ਸਾਲ ਤੋਂ ਇਹ ਸੜਕ ਖਸਤਾ ਹਾਲ ਸੀ ਪਰ ਪਿਛਲੀਆਂ ਸਰਕਾਰਾਂ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਇਸ ਸੜਕ ਦੀ ਉਸਾਰੀ ਵਿੱਚ ਆ ਰਹੇ ਸਾਰੇ ਅੜਿੱਕਿਆਂ ਨੂੰ ਦੂਰ ਕਰ ਲਿਆ ਹੈ ਅਤੇ ਜਲਦੀ ਹੀ ਸੜਕ ਦੀ ਉਸਾਰੀ ਸ਼ੁਰੂ ਹੋ ਜਾਏਗੀ।
ਰੁੱਖਾਂ ਦੀ ਕਟਾਈ ਪਿੱਛੋਂ ਉਸਾਰੀ: ਐਸਡੀਓ 
ਲੋਕ ਨਿਰਮਾਣ ਵਿਭਾਗ ਪੰਜਾਬ ਦੇ ਇਸ ਕੌਮੀ ਸੜਕ ਦੀ ਉਸਾਰੀ ਦਾ ਕੰਮ ਦੇਖ ਰਹੇ ਐਸ ਡੀ ਓ ਰਾਹੁਲ ਸੋਖਲ ਦਾ ਕਹਿਣਾ ਹੈ ਕਿ ਸ੍ਰੀ ਮੁਕਤਸਰ ਸਾਹਿਬ ਮਲੋਟ ਸੜਕ ਨੂੰ ਚਹੁੰਮਾਰਗੀ ਬਣਾਉਣ ਲਈ ਪਹਿਲੇ ਪੜਾਅ ਤਹਿਤ ਰੁੱਖਾਂ ਦੀ ਕਟਾਈ ਦਾ ਕੰਮ ਸ਼ੁਰੂ ਹੋ ਗਿਆ ਹੈ। ਇਹ ਕੰਮ ਮੁਕੰਮਲ ਹੋਣ ਤੋਂ ਬਾਅਦ ਸੜਕ ਦੀ ਉਸਾਰੀ ਸ਼ੁਰੂ ਕਰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਸੜਕ ਤੇ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਵੱਲੋਂ ਇੱਕ ਟੋਲ ਬੈਰੀਅਰ ਲਗਾਇਆ ਜਾਣਾ ਹੈ ਜਿਸ ਲਈ ਅਜੇ ਜਗਾ ਨਿਸਚਿਤ ਨਹੀਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸੜਕ ਤੇ ਕੋਈ ਬਾਈਪਾਸ ਨਹੀਂ ਬਣਾਇਆ ਜਾ ਰਿਹਾ ਹੈ।
Advertisement
Advertisement
Advertisement
Advertisement
Advertisement
error: Content is protected !!