ਅਸ਼ੋਕ ਵਰਮਾ , ਸਿਰਸਾ, 29 ਅਪਰੈਲ 2023
ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦੇ 75ਵੇਂ ਰੂਹਾਨੀ ਸਥਾਪਨਾ ਦਿਵਸ ਦੀ ਖੁਸ਼ੀ ’ਚ ਸ਼ਾਹ ਸਤਿਨਾਮ ਜੀ ਧਾਮ ਸਿਰਸਾ ’ਚ ਮਨਾਏ ਗਏ ਪਵਿੱਤਰ ਭੰਡਾਰੇ ਮੌਕੇ ਸਾਧ-ਸੰਗਤ ਦਾ ਹੜ੍ਹ ਆ ਗਿਆ। ਇਸ ਮੌਕੇ ਕਰੋੜਾਂ ਸਾਧ-ਸੰਗਤ ਵੱਲੋਂ ਪਵਿੱਤਰ ਭੰਡਾਰੇ ’ਚ ਸ਼ਿਰਕਤ ਕੀਤੀ ਗਈ। ਡੇਰੇ ਦੀ 1000 ਏਕੜ ਜ਼ਮੀਨ ’ਚ ਸੰਗਤ ਹੀ ਸੰਗਤ ਨਜ਼ਰ ਆ ਰਹੀ ਸੀ। ਪਵਿੱਤਰ ਭੰਡਾਰੇ ਮੌਕੇ ਪਹੁੰਚਣ ਵਾਲੀ ਵੱਡੀ ਗਿਣਤੀ ਸਾਧ-ਸੰਗਤ ਨੂੰ ਮੱਦੇਨਜ਼ਰ ਰੱਖਦਿਆਂ ਪ੍ਰਬੰਧਕਾਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਪਰ ਸਾਧ-ਸੰਗਤ ਦੇ ਹੜ੍ਹ ਅੱਗੇ ਸਾਰੇ ਪ੍ਰਬੰਧ ਛੋਟੇ ਪੈ ਗਏ। ਸਾਧ-ਸੰਗਤ ਦੇ ਬੈਠਣ ਲਈ ਮੁੱਖ ਪੰਡਾਲ ਸਮੇਤ ਕੁੱਲ 7 ਪੰਡਾਲ ਬਣਾਏ ਗਏ ਸਨ ਜੋ ਕਿ ਭੰਡਾਰੇ ਦੀ ਸ਼ੁਰੂਆਤ ਤੋਂ 2 ਘੰਟੇ ਪਹਿਲਾਂ ਹੀ ਫੁੱਲ ਹੋ ਚੁੱਕੇ ਸਨ ਤੇ ਕਿਤੇ ਵੀ ਤਿਲ ਸੁੱਟਣ ਦੀ ਥਾਂ ਨਹੀਂ ਸੀ, ਜਿਸ ਕਰਕੇ ਸਾਧ-ਸੰਗਤ ਨੂੰ ਸੜਕਾਂ ’ਤੇ ਖੜ੍ਹ ਕੇ ਹੀ ਪਵਿੱਤਰ ਭੰਡਾਰਾ ਸੁਣਨਾ ਪਿਆ। ਇਸ ਦੇ ਨਾਲ ਹੀ ਪਵਿੱਤਰ ਭੰਡਾਰੇ ’ਚ ਪਹੰੁਚਣ ਵਾਲੀ ਸਾਧ-ਸੰਗਤ ਦੇ ਵਾਹਨਾਂ ਦੀਆਂ ਵੀ ਕਈ-ਕਈ ਕਿਲੋਮੀਟਰ ਲੰਬੀਆਂ ਲਾਈਨਾਂ ਲੱਗ ਗਈਆਂ ਜਿਸ ਕਰਕੇ ਸਾਧ-ਸੰਗਤ ਨੂੰ 5 ਤੋਂ 7 ਕਿਲੋਮੀਟਰ ਤੱਕ ਪੈਦਲ ਚੱਲ ਕੇ ਭੰਡਾਰੇ ’ਚ ਪਹੁੰਚਣਾ ਪਿਆ।
ਇਸ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੁਆਰਾ ਰੂਹਾਨੀ ਚਿੱਠੀ ਭੇਜੀ ਗਈ,ਜੋ ਸਾਧ-ਸੰਗਤ ਨੂੰ ਪੜ੍ਹ ਕੇ ਸੁਣਾਈ ਗਈ। ਚਿੱਠੀ ਰਾਹੀਂ ਪੂਜਨੀਕ ਗੁਰੂ ਜੀ ਨੇ 157 ਵਾਂ ਮਾਨਵਤਾ ਭਲਾਈ ਕਾਰਜ ‘ਉੱਤਮ ਸੰਸਕਾਰ’ ਸ਼ੁਰੂ ਕਰਵਾਇਆ, ਜਿਸ ਤਹਿਤ ਸਾਧ-ਸੰਗਤ ਰੋਜ਼ਾਨਾ ਜਾਂ ਹਫਤੇ ’ਚ ਤਿੰਨ ਵਾਰ ਆਪਣੇ ਬੱਚਿਆਂ ਨੂੰ ਮਾਨਵਤਾ ਤੇ ਮਾਨਵਤਾ ਭਲਾਈ , ਸਿ੍ਰਸ਼ਟੀ ਦੀ ਭਲਾਈ ਬਾਰੇ ਸਿੱਖਿਆ ਦੇਵੇਗੀ ਤੇ ਪਿਆਰ ਨਾਲ ਸਮਝਾਵੇਗੀ। ਪੂਜਨੀਕ ਗੁਰੂ ਜੀ ਨੇ ਚਿੱਠੀ ਰਾਹਂ ਸਾਧ-ਸੰਗਤ ਨੂੰ ਏਕਤਾ ’ਚ ਰਹਿਣ ਅਤੇ ਸਾਰੇ ਧਰਮਾਂ ਦਾ ਸਤਿਕਾਰ ਕਰਨ ਦਾ ਸੱਦਾ ਦਿੱਤਾ। ਇਸ ਤੋਂ ਇਲਾਵਾ ਮਈ ਮਹੀਨੇ ਦੇ ਆਖਰੀ ਐਤਵਾਰ ਨੂੰ ਵੀ ਭੰਡਾਰੇ ਦੇ ਰੂਪ ’ਚ ਮਨਾਉਣ ਦੇ ਬਚਨ ਕੀਤੇ।
ਇਸ ਪਵਿੱਤਰ ਦਿਹਾੜੇ ’ਤੇ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਕਾਰਜਾਂ ਨੂੰ ਗਤੀ ਦਿੰਦੇ ਹੋਏ 75 ਲੋੜਵੰਦ ਪਰਿਵਾਰਾਂ ਨੂੰ ਫੂਡ ਬੈਂਕ ਮੁਹਿੰਮ ਤਹਿਤ ਰਾਸ਼ਨ, ਕਲਾਥ ਬੈਂਕ ਮੁਹਿੰਮ ਤਹਿਤ 75 ਬੱਚਿਆਂ ਨੂੰ ਮੌਸਮ ਅਨੁਸਾਰ ਕੱਪੜੇ ਦਿੱਤੇ ਗਏ। ਭਿਆਨਕ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਪੰਛੀ ਉਧਾਰ ਮੁਹਿੰਮ ਤਹਿਤ ਪੰਛੀਆਂ ਦੇ ਰਹਿਣ ਲਈ ਆਲ੍ਹਣੇ ਲਗਾਏ ਗਏ। ਇਸ ਤੋਂ ਇਲਾਵਾ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਜਨ ਕਲਿਆਣ ਪਰਮਾਰਥੀ ਕੈਂਪ ਲਗਾ ਕੇ ਹਜ਼ਾਰਾਂ ਲੋੜਵੰਦਾਂ ਦੀ ਮੁਫਤ ਜਾਂਚ ਕਰਕੇ ਉਹਨਾਂ ਨੂੰ ਸਹੀ ਸਲਾਹ ਦਿੱਤੀ ਗਈ। ਇਸ ਮੌਕੇ ਹੀ ਕਰੀਅਰ ਸਲਾਹ ਕੈਂਪ ਲਗਾ ਕੇ ਹਜ਼ਾਰਾਂ ਬੱਚਿਆਂ ਨੂੰ ਸਹੀ ਕਰੀਅਰ ਦਾ ਰਸਤਾ ਚੁਣਨ ਲਈ ਮਾਰਗਦਰਸ਼ਨ ਕੀਤਾ ਗਿਆ।
ਸੰਤਾਂ ਦਾ ਮਕਸਦ ਬੁਰਾਈਆਂ ਦੂਰ ਕਰਨਾ
ਇਸ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਰਿਕਾਰਡਿਡ ਬਚਨ ਸਾਧ-ਸੰਗਤ ਨੂੰ ਸੁਣਾਏ ਗਏ। ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਸੰਤਾਂ ਦਾ ਕੰਮ ਇਸ ਸਮਾਜ ਵਿੱਚ ਆ ਕੇ ਬੁਰਾਈਆਂ ਦੂਰ ਕਰਨਾ ਹੁੰਦਾ ਹੈ। ਸੰਤ ਕਦੇ ਕਿਸੇ ਦੇ ਧਰਮ, ਮਜ੍ਹਬ ’ਚ ਦਖਲ ਨਹੀਂ ਦਿੰਦੇ ਸਗੋਂ ਉਹ ਤਾਂ ਸਿਖਾਉਂਦੇ ਹਨ ਕਿ ਆਪਣੇ ਆਪਣੇ ਧਰਮ ਵਿੱਚ ਰਹਿੰਦੇ ਹੋਏ ਆਪਣੇ ਆਪਣੇ ਧਰਮ ਨੂੰ ਮੰਨ ਲਓ, ਤੇ ਅਸੀਂ ਕਿੰਨੇ ਵਾਰ ਆਖ ਚੁੱਕੇ ਹਾਂ ਕਿ ਸਾਰੇ ਧਰਮਾਂ ਦੇ ਭਗਤ ਜੇਕਰ ਇਸ ਮਿੰਟ ਧਰਮਾਂ ਨੂੰ ਮੰਨਣਾ ਸ਼ੁਰੂ ਕਰ ਦੇਣਗੇ ਤਾਂ ਅਗਲੇ ਮਿੰਟ ਧਰਤੀ ’ਤੇ ਪਿਆਰ ਮੁਹੱਬਤ ਦੀ ਗੰਗਾ ਵਗਣ ਲੱਗੇਗੀ। ਕਿਉਂਕਿ ਧਰਮਾਂ ’ਚ ਬੇਗਰਜ਼, ਨਿਸਵਾਰਥ ਪਿਆਰ ਮੁਹੱਬਤ ਦੀ ਗੱਲ ਆਖੀ ਗਈ ਹੈ। ਫਜੂਲ ਦੀ ਬਹਿਸ ਨਾ ਕਰੋ, ਕਿਸੇ ਨੂੰ ਗਲਤ ਨਾ ਬੋਲੋ, ਕਿਸੇ ਦੀ ਨਿੰਦਾ ਨਾ ਕਰੋ, ਕਿਸੇ ਦਾ ਅਪਮਾਨ ਨਾ ਕਰੋ, ਸਾਰਿਆਂ ਦਾ ਸਤਿਕਾਰ ਕਰੋ, ਸਾਰਿਆਂ ਦੀ ਇੱਜਤ ਕਰੋ, ਨਸ਼ੇ ਨਾ ਕਰੋ, ਮਾਸਾਹਾਰ ਨੂੰ ਤਿਆਗ ਦਿਓ ਕਿਉਂਕਿ ਇਸ ਨਾਲ ਆਦਮੀ ਦੇ ਅੰਦਰੋਂ ਰਹਿਮ ਤੇ ਦਇਆ ਨਾਂਅ ਦੀ ਚੀਜ਼ ਚਲੀ ਜਾਂਦੀ ਹੈ। ਸੋ ਅਜਿਹੀਆਂ ਹੀ ਭਗਤੀ ਦੀਆਂ ਗੱਲਾਂ ਸਾਡੇ ਸੰਤਾਂ ਪੀਰਾਂ ਨੇ ਦੱਸੀਆਂ ਤੇ ਸਾਡੇ ਦਾਤਾ ਰਹਿਬਰ ਨੇ ਵੀ ਬਹੁਤ ਸਾਰੇ ਭਜਨਾਂ ਰਾਹੀਂ ਆਖੀਆਂ। ਕਦੇ ਕਿਸੇ ਦਾ ਬੁਰਾ ਨਾ ਸੋਚੋ, ਕਦੇ ਕਿਸੇ ਦਾ ਦਿਲ ਨਾ ਦੁਖਾਓ ਤੇ ਕਦੇ ਕਿਸੇ ਨੂੰ ਬੁਰਾ ਕਹੋ ਨਾ, ਕਿਉਂਕਿ ਜਦੋਂ ਤੁਸੀਂ ਦੂਜਿਆ ਦਾ ਦਿਲ ਦੁਖਾਉਂਦੇ ਹੋ ਤਾਂ ਭਗਵਾਨ ਦੀ ਪ੍ਰਾਪਤੀ ਦੀ ਸੋਚ ਵੀ ਨਹੀਂ ਸਕਦੇ ਕਿਉਂਕਿ ਹਰ ਦਿਲ ਵਿੱਚ ਉਹ ਮਾਲਕ ਰਹਿੰਦਾ ਹੈ। ਜੇਕਰ ਤੁਹਾਡਾ ਮੂਡ ਖਰਾਬ ਹੈ, ਕੋਈ ਟੈਨਸਨ ਹੈ, ਕੋਈ ਪ੍ਰੇਸ਼ਾਨੀ ਹੈ ਤਾਂ ਤੁਸੀਂ ਉਸ ਟੈਨਸਨ, ਪ੍ਰੇਸ਼ਾਨੀ ਨੂੰ ਸਿਮਰਨ ਕਰਕੇ ਦੂਰ ਕਰੋ ਨਾ ਕਿ ਕਿਸੇ ’ਤੇ ਗੁੱਸਾ ਕਰਕੇ । ਜੋੜਨ ਵਾਲੇ ਘੱਟ, ਤੋੜਨ ਵਾਲੇ ਜ਼ਿਆਦਾ ਹਨ। ਆਪ ਜੀ ਨੇ ਫਰਮਾਇਆ ਕਿ ਇਸ ਸਮਾਜ ਵਿੱਚ ਲੋਕਾਂ ਨੂੰ ਆਪਸ ਵਿੱਚ ਲੜਾਉਣ ਵਾਲੇ ਬਹੁਤ ਜ਼ਿਆਦਾ ਹਨ। ਭਾਵ ਜੋੜਨ ਵਾਲੇ ਘੱਟ ਤੇ ਤੋੜਨ ਵਾਲੇ ਜ਼ਿਆਦਾ ਹਨ। ਜੋੜਨ ਵਾਲੇ ਉਹ ਲੋਕ ਹਨ ਜਿਹਨਾਂ ਦੇ ਮਾਤਾ ਪਿਤਾ ਦੇ ਚੰਗੇ ਸੰਸਕਾਰ ਹਨ ਜਾਂ ਜਿਹੜੇ ਗੁਰੂ ਪੀਰਾਂ ਫਕੀਰਾਂ ਦੇ ਬਚਨਾਂ ’ਤੇ ਅਮਲ ਕਰਦੇ ਹਨ, ਉਹ ਤਾਂ ਜਰੂਰ ਜੋੜਨ ਦਾ ਕੰਮ ਕਰ ਸਕਦੇ ਹਨ ਨਹੀਂ ਤਾਂ ਅੱਜ ਦੇ ਇਸ ਦੌਰ ’ਚ ਲੋਕ ਤੋੜਨ ਦਾ ਕੰਮ ਜ਼ਿਆਦਾ ਕਰਦੇ ਹਨ। ਸੋ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ, ਸਾਈਂ ਸ਼ਾਹ ਮਸਤਾਨ ਜੀ ਦਾਤਾ ਰਹਿਬਰ ਨੇ ਆਪਣੇ ਭਗਤਾਂ ਨੂੰ ਜੋੜਨਾ ਸਿਖਾਇਆ।