ਹਰਿੰਦਰ ਨਿੱਕਾ , ਬਰਨਾਲਾ 28 ਮਾਰਚ 2023
ਇੱਕ ਪਾਸੇ ਸੂਬਾ ਸਰਕਾਰ ਹਾੜੀ ਦੇ ਸੀਜਨ ਦੀਆਂ ਤਿਆਰੀਆਂ ਕਰਨ ਵਿੱਚ ਰੁੱਝੀ ਹੋਈ ਹੈ, ਦੂਜੇ ਪਾਸੇ ਕਣਕ ਦੀ ਖਰੀਦ ਵਿੱਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਪਨਸਪ ਦੇ ਮੁਲਾਜਮ ਰੋਸ ਵਜੋਂ ਸਰਕਾਰ ਦੀਆਂ ਮੁਸ਼ਕਿਲਾਂ ਵਿੱਚ ਵਾਧਾ ਕਰਨ ਦੇ ਰਾਹ ਪੈ ਗਏ ਹਨ। 6 ਵਾਂ ਪੇਅ ਕਮਿਸ਼ਨ ਲਾਗੂ ਕਰਵਾਉਣ ਲਈ ਲੰਬੇ ਅਰਸੇ ਤੋਂ ਜੱਦੋਜਹਿਦ ਕਰ ਰਹੀ , 6ਵਾਂ ਪੇਅ ਕਮਿਸ਼ਨ ਤਾਲਮੇਲ ਕਮੇਟੀ ਪਨਸਪ (ਪੰਜਾਬ) ਦੇ ਸੱਦੇ ਤੇ ਸਰਕਾਰ ਦੀ ਬੇਰੁਖੀ ਤੋਂ ਤੰਗ ਪਨਸਮ ਮੁਲਾਜਮਾਂ ਨੇ ਅੱਜ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਹੈ। ਤਾਲਮੇਲ ਕਮੇਟੀ ਦੇ ਆਗੂ ਗਗਨਦੀਪ ਸਿੰਘ ਸੇਖੋਂ (ਫਾਜ਼ਿਲਕਾ) , ਅਮਨਦੀਪ ਸਿੰਘ ਸਹੋਤਾ ,ਰਜਿੰਦਰ ਸਿੰਘ ਸੱਗੂ (ਸੰਗਰੂਰ) ,ਰਣਜੀਤ ਸਿੰਘ ਸਹੋਤਾ (ਮੋਗਾ) , ਸ਼ਿਵਦੇਵ ਸਿੰਘ (ਅੰਮ੍ਰਿਤਸਰ) , ਸਲਿਲ ਸੋਨੀ (ਲੁਧਿਆਣਾ) , ਕੁਲਦੀਪ ਕੁਮਾਰ (ਗੁਰਦਾਸਪੁਰ-ਪਠਾਨਕੋਟ) , ਪ੍ਰਵੀਨ (ਪਟਿਆਲਾ) , ਅਜੇ ਪਠਾਨੀਆਂ (ਜਲੰਧਰ) , ਗੁਰਦੇਵ ਸਿੰਘ (ਰੋਪੜ, ਮੁਹਾਲੀ) , ਮਨਿੰਦਰ ਸਿੰਘ (ਬਰਨਾਲਾ) ਨੇ ਮੀਡੀਆ ਨੂੰ ਜ਼ਾਰੀ ਪ੍ਰੈਸ ਨੋਟ ਵਿੱਚ ਕਿਹਾ ਹੈ ਕਿ ਖਰੀਦ ਏਜੰਸੀਆਂ (ਮਾਰਕਫੈੱਡ,ਪਨਗ੍ਰੇਨ, ਵੇਅਰ ਹਾਊਸ ਆਦਿ) ਨੂੰ 6ਵਾਂ ਪੇਅ ਕਮਿਸ਼ਨ ਕਾਫੀ ਸਮੇਂ ਪਹਿਲਾਂ ਹੀ ਲੱਗ ਚੁੱਕਾ ਹੈ। ਪਨਸਪ ਯੂਨੀਅਨ ਵੱਲੋਂ ਕਾਫੀ ਸਮੇਂ ਤੋਂ ਯੂਨੀਅਨ ਦੀਆਂ ਮੈਨੇਜਮੈਂਟ ਨਾਲ ਕੀਤੀਆਂ ਗਈਆਂ ਮੀਟਿੰਗਾ ਵਿੱਚ ਪੇਅ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਨ ਲਈ ਮੈਨੇਜਮੈਂਟ ਅੱਗੇ ਮੰਗ ਰੱਖੀ ਜਾਂਦੀ ਰਹੀ ਹੈ। ਮੈਨੇਜਮੈਂਟ ਵੱਲੋਂ ਹਰ ਵਾਰ ਜਲਦ ਤੋਂ ਜਲਦ ਪੇਅ ਕਮਿਸ਼ਨ ਲਾਗੂ ਕਰਨ ਲਈ ਯੂਨੀਅਨ ਨੂੰ ਭਰੋਸਾ ਦਿੱਤਾ ਜਾਂਦਾ ਰਿਹਾ ਹੈ।
ਉਨਾਂ ਤਫਸ਼ੀਲ ਦਿੰਦਿਆਂ ਦੱਸਿਆ ਕਿ ਵਿੱਤ ਵਿਭਾਗ ਪੰਜਾਬ ਵੱਲੋਂ ਉਹਨਾਂ ਦੇ ਪੱਤਰ ਨੰ:FD-DPED0AD/C/5/2021.D/1228 ਮਿਤੀ 28.02.2023 ਰਾਹੀਂ ਪਨਸਪ ਨੂੰ ਪੇਅ ਕਮਿਸ਼ਨ ਸਬੰਧੀ ਦਿੱਤੀ ਗਈ ਅਸਿਹਮਤੀ ਕਾਰਨ ਮੁਲਾਜਮਾਂ ਵਿੱਚ ਭਾਰੀ ਰੋਸ ਪਾਇਆ ਗਿਆ। ਜਿਸ ਕਾਰਨ ਪਨਸਪ ਪੰਜਾਬ ਦੇ ਸਮੂਹ ਮੁਲਾਜਮਾਂ ਵੱਲੋਂ ਮਿਤੀ 03.03.2023 ਤੋਂ ਹੜਤਾਲ ਕੀਤੀ ਗਈ ਅਤੇ ਕੰਮ ਦਾ ਮੁਕੰਮਲ ਬਾਈਕਾਟ ਕੀਤਾ ਗਿਆ । ਪਨਸਪ ਮੈਨੇਜਮੈਂਟ ਵੱਲੋਂ ਮਿਤੀ 07.03.2023 ਨੂੰ 6ਵਾਂ ਤਨਖਾਹ ਕਮਿਸ਼ਨ ਤਾਲਮੇਲ ਕਮੇਟੀ ਨਾਲ ਮੀਟਿੰਗ ਕੀਤੀ ਗਈ। ਪਨਸਪ ਮੈਨੇਜਮੈਂਟ ਵੱਲੋਂ ਪੱਤਰ ਨੰ:ਅਮਲਾ/ ਯੂਨੀਅਨ/2023/ਸਪੈਸ਼ਲ-1 ਮਿਤੀ 08.03.2023 ਰਾਹੀਂ ਪਨਸਪ ਦੇ ਸਮੂਹ ਮੁਲਾਜਮਾਂ ਨੂੰ ਪੇਅ ਕਮਿਸ਼ਨ ਦੀਆਂ ਸਿਫਾਰਿਸ਼ਾਂ ਲਾਗੂ ਕਰਵਾਉਣ ਲਈ ਇਹ ਆਸ਼ਵਾਸਨ ਦਿੱਤਾ ਗਿਆ ਕਿ ਵਿੱਤ ਵਿਭਾਗ ਵੱਲੋਂ ਲਗਾਈਆਂ Observations ਦੂਰ ਕਰਵਾਉਣ ਲਈ 15 ਤੋਂ 20 ਦਿਨ ਦਾ ਸਮਾਂ ਲੱਗ ਸਕਦਾ ਹੈ। ਇਸ ਸਬੰਧੀ ਕਮੇਟੀ ਵੱਲੋਂ ਪੱਤਰ ਨੰ:SPL-01 ਮਿਤੀ 09.03.2023 ਰਾਹੀਂ ਮੈਨੇਜਮੈਂਟ ਨੂੰ ਪੇਅ ਕਮਿਸ਼ਨ ਦੀਆਂ ਸਿਫਾਰਿਸ਼ਾਂ ਲਾਗੂ ਕਰਵਾਉਣ ਲਈ ਹੜਤਾਲ ਨੂੰ ਮੁਲਤਵੀ ਕਰਦੇ ਹੋਏ 15 ਦਿਨਾਂ ਦਾ ਸਮਾਂ ਦਿੱਤਾ ਗਿਆ ਸੀ । ਇਹ ਸਮਾਂ ਬੀਤ ਜਾਣ ਉਪਰੰਤ ਪਨਸਪ ਪੰਜਾਬ ਦੇ ਸਮੂਹ ਜਿਲ੍ਹਿਆ ਵੱਲੋਂ ਭੇਜੇ ਗਏ ਨੁਮਾਇੰਦਿਆਂ ਅਤੇ ਤਾਲਮੇਲ ਕਮੇਟੀ ਦੀ ਮਿਤੀ 24.03.2023 ਨੂੰ ਮੋਗਾ ਵਿਖੇ ਮੀਟਿੰਗ ਹੋਈ ਅਤੇ ਸਭ ਨੇ ਸਰਵ ਸੰਮਤੀ ਨਾਲ ਇਹ ਫੈਸਲਾ ਲਿਆ ਹੈ ਕਿ ਜੇਕਰ ਪਨਸਪ ਦੇ ਮੁਲਾਜਮਾਂ ਨੂੰ ਮਿਤੀ 27.03.2023 ਤੱਕ ਮੈਨੇਜਮੈਂਟ/ਪੰਜਾਬ ਸਰਕਾਰ ਦੀ ਤਰਫ ਤੋਂ 6ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਿਸ਼ਾਂ ਲਾਗੂ ਕਰਨ ਸਬੰਧੀ ਲਿਖਤੀ ਰੂਪ ਵਿੱਚ ਹੁਕਮ ਜਾਰੀ ਨਹੀ ਕੀਤੇ ਜਾਂਦੇ ਤਾਂ ਮਿਤੀ 28.03.2023 ਤੋਂ ਸਮੂਹ ਪਨਸਪ ਮੁਲਾਜਮ ਮੁਕੰਮਲ ਹੜਤਾਲ ਤੇ ਜਾਣ ਲਈ ਮਜਬੂਰ ਹੋਣਗੇ। ਮੋਗਾ ਵਿਖੇ ਮਿਤੀ 24.03.2023 ਨੂੰ ਮੀਟਿੰਗ ਵਿੱਚ ਲਏ ਗਏ ਫੈਸਲੇ ਮੁਤਾਬਿਕ ਪਨਸਪ ਦੇ ਮੁਲਾਜਮਾਂ ਨੂੰ 6ਵਾਂ ਤਨਖਾਹ ਕਮਿਸ਼ਨ ਦੀਆਂ ਸਿਫਾਰਿਸ਼ਾਂ ਲਾਗੂ ਕੀਤੇ ਜਾਣ ਤੱਕ ਪਨਸਪ ਦੇ ਸਮੂਹ ਮੁਲਾਜਮ ਮਿਤੀ 28.03.2023 ਤੋਂ ਅਣਮਿੱਥੇ ਸਮੇ ਲਈ ਮੁਕੰਮਲ ਹੜਤਾਲ ਤੇ ਜਾਣ ਲਈ ਮਜਬੂਰ ਹਨ ਅਤੇ ਕਣਕ ਦੀ ਖਰੀਦ ਸਮੇਤ ਪਨਸਪ ਦੇ ਸਾਰੇ ਕੰਮਾ ਦਾ ਮੁਕੰਮਲ ਬਾਈਕਾਟ ਕੀਤਾ ਜਾਵੇਗਾ। ਇਸ ਦੌਰਾਨ ਸਰਕਾਰ ਅਤੇ ਨਿਗਮ ਜੇਕਰ ਕਿਸੇ ਵੀ ਕਿਸਮ ਦਾ ਨੁਕਸਾਨ ਹੁੰਦਾ ਹੈ ਤਾਂ ਉਸ ਲਈ ਪਨਸਪ ਮੁਲਾਜਮ ਜਿੰਮੇਵਾਰ ਨਹੀ ਹੋਣਗੇ।