ਹਰਿੰਦਰ ਨਿੱਕਾ , ਬਰਨਾਲਾ 28 ਮਾਰਚ 2023
ਨਗਰ ਕੌਂਸਲ ਬਰਨਾਲਾ ਦੇ ਕਾਂਗਰਸੀ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਵੱਲੋਂ ਲੰਬੀ ਚੁੱਪ ਤੋਂ ਬਾਅਦ ਹਾਊਸ ਦੇ ਬਹੁਸੰਮਤੀ ਮੈਂਬਰਾਂ ਦੀ ਮੰਗ ਤੇ ਭਲ੍ਹਕੇ 29 ਮਾਰਚ ਨੂੰ ਸਵੇਰੇ 11:30 ਨਗਰ ਕੌਂਸਲ ਦਫਤਰ ‘ਚ ਰੱਖੀ ਗਈ ਹਾਊਸ ਦੀ ਸਧਾਰਨ ਮੀਟਿੰਗ ਨੂੰ ਲੈ ਕੇ, ਕਾਫੀ ਖਿੱਚੋਤਾਣ ਦੀ ਹਾਲਤ ਬਣੀ ਹੋਈ ਹੈ। ਕੌਂਸਲ ਦੀ ਸੱਤਾ ਤੇ ਕਾਬਿਜ਼ ਧਿਰ ਮੀਟਿੰਗ ਕਰਨ ਦੀ ਜਿੱਦ ਤੇ ਕਾਇਮ ਹੈ। ਜਦੋਂਕਿ ਸੂਬੇ ਦੀ ਸੱਤਾ ਤੇ ਕਾਬਿਜ਼ ਆਮ ਆਦਮੀ ਪਾਰਟੀ ਦੇ ਮੈਂਬਰ ਕਿਸੇ ਵੀ ਹਾਲਤ ਵਿੱਚ ਮੀਟਿੰਗ ਨੂੰ ਰੋਕਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ। ਪੂਰਾ ਦਿਨ ਜਿਲ੍ਹੇ ਦੇ ਪ੍ਰਸ਼ਾਸ਼ਨਿਕ ਅਧਿਕਾਰੀ ਮੀਟਿੰਗ ਨੂੰ ਪੋਸਟਪੌਨ ਕਰਵਾਉਣ ਲਈ ਕਾਫੀ ਯਤਨਸ਼ੀਲ ਰਹੇ। ਪਰੰਤੂ ਖਬਰ ਲਿਖੇ ਜਾਣ ਤੱਕ ਮੀਟਿੰਗ ਹੋਣ ਜਾਂ ਨਾ ਹੋਣ ਨੂੰ ਲੈ ਕੇ ਹਾਲੇ ਵੀ ਭੰਬਲਭੂਸਾ ਬਰਕਰਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਰੀਬ ਇੱਕ ਸਾਲ ਲੰਘ ਜਾਣ ਤੋਂ ਬਾਅਦ ਅਤੇ ਸੂਬੇ ਦੀ ਸੱਤਾ ਤਬਦੀਲੀ ਉਪਰੰਤ , ਨਗਰ ਕੌਂਸਲ ਬਰਨਾਲਾ ਦੀ ਇਹ ਪਹਿਲੀ ਮੀਟਿੰਗ ਹੈ। ਮੀਟਿੰਗ ਵਿੱਚ ਬਜਟ ਤੋਂ ਇਲਾਵਾ ਵੱਖ ਵੱਖ 38 ਤਜਵੀਜਾਂ ਰੱਖੀਆਂ ਗਈਆਂ ਹਨ। ਮੀਟਿੰਗ ਵਿੱਚ ਸ਼ਹਿਰ ਦੇ ਵਾਰਡਾਂ ਵਿੱਚ ਵਰਕਸ ਸਾਖਾ ਵੱਲੋਂ 4269 ਲੱਖ ਰੁਪਏ ਤੋਂ ਜਿਆਦਾ ਦੇ ਵਿਕਾਸ ਕੰਮਾਂ ਦੀ ਵੀ ਤਜ਼ਵੀਜ਼ ਪ੍ਰਵਾਨਗੀ ਲਈ ਰੱਖੀ ਜਾ ਰਹੀ ਹੈ। ਦੂਜੇ ਪਾਸੇ ਨਗਰ ਕੌਂਸਲ ਵਿੱਚ ਵਿਰੋਧੀ ਧਿਰ ਅਤੇ ਸੂਬੇ ਦੀ ਸੱਤਾਧਾਰੀ ਧਿਰ ਨਾਲ ਜੁੜੇ ਮੈਂਬਰ, ਮੀਟਿੰਗ ਨਾ ਹੋਣ ਦੇਣ ਲਈ ਪੱਬਾਂ ਭਾਰ ਹੋਏ ਫਿਰਦੇ ਹਨ। ਭਰੋਸੇਯੋਗ ਸੂਤਰਾਂ ਅਨੁਸਾਰ, ਅੱਜ ਪੂਰਾ ਦਿਨ, ਪ੍ਰਸ਼ਾਸ਼ਨਿਕ ਅਧਿਕਾਰੀ, ਮੀਟਿੰਗ ਪੋਸਟਪੌਨ ਕਰਨ ਲਈ ਮਸ਼ਕਾਂ ਕਰਦੇ ਨਜ਼ਰ ਆਏ। ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਨੇ ਪ੍ਰਸ਼ਾਸ਼ਨਿਕ ਦਬਾਅਦੀ ਦਬੀ ਜੁਬਾਨ ਵਿੱਚ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਬੁਲਾ ਕੇ ਅਧਿਕਾਰੀਆਂ ਨੇ ਮੀਟਿੰਗ ਵਿੱਚ ਕੁੱਝ ਹੋਰ ਏਜੰਡੇ ਰੱਖਣ ਦਾ ਸੁਝਾਅ ਦਿੰਦਿਆਂ ਮੀਟਿੰਗ ਪੋਸਟਪੌਨ ਕਰਨ ਲਈ ਰਾਇ ਦਿੱਤੀ ਸੀ। ਪਰੰਤੂ ਮੈਂ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਭਰੋਸਾ ਦਿੱਤਾ ਹੈ ਕਿ ਮੀਟਿੰਗ ਹੋਣ ਦਿਉ, ਇਹ ਮੀਟਿੰਗ ਲੰਬੇ ਸਮੇਂ ਤੋਂ ਬਾਅਦ ਹਾਊਸ ਦੇ 20 ਤੋਂ ਜਿਆਦਾ ਮੈਂਬਰਾਂ ਦੇ ਕਹਿਣ ਤੇ ਰੱਖੀ ਗਈ ਹੈ। ਇਸ ਨੂੰ ਇਕੱਲਿਆਂ ਬਿਨਾਂ ਕਿਸੇ ਠੋਸ ਕਾਰਣ ਦੇ ਪੋਸਟਪੌਨ ਕਰਨਾ ਠੀਕ ਨਹੀਂ ਹੈ। ਪ੍ਰਧਾਨ ਨੇ ਕਿਹਾ ਕਿ ਮੈਂ ਅਧਿਕਾਰੀਆਂ ਨੂੰ ਇਹ ਵੀ ਕਿਹਾ ਹੈ ਕਿ ਜੇਕਰ, ਕੋਈ ਹੋਰ ਏਜੰਡਿਆਂ ਨੂੰ ਸ਼ਾਮਿਲ ਕਰਨ ਦੀ ਲੋੜ ਪਈ ਤਾਂ ਉਹ ਪ੍ਰਧਾਨ ਦੀ ਆਗਿਆ ਨਾਲ, ਹਾਊਸ ਵਿੱਚ ਵਿਚਾਰ ਲਈ ਰੱਖੇ ਜਾ ਸਕਦੇ ਹਨ। ਇਸ ਤੋਂ ਇਲਾਵਾ ਮੀਟਿੰਗ ਦੁਬਾਰਾ ਫਿਰ ਜਲਦੀ ਹੀ ਰੱਖੀ ਵੀ ਜਾ ਸਕਦੀ ਹੈ। ਪ੍ਰਧਾਨ ਨੇ ਕਿਹਾ ਕਿ ਸਾਡੇ ਵੱਲੋਂ ਹਰ ਹਾਲ ਵਿੱਚ ਮੀਟਿੰਗ ਹੋਵੇਗੀ, ਜੇਕਰ ਪ੍ਰਸ਼ਾਸ਼ਨ ਨੇ ਧੱਕੇਸ਼ਾਹੀ ਨਾਲ ਮੀਟਿੰਗ ਨੂੰ ਰੋਕਿਆ ਤਾਂ ਅਸੀਂ ਇਹ ਮਾਮਲਾ, ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ ਲੈ ਕੇ ਜਾਣ ਨੂੰ ਮਜਬੂਰ ਹੋਵਾਂਗੇ। ਜਿਕਰਯੋਗ ਹੈ ਕਿ ਮਿਊਸਪਲ ਐਕਟ ਅਨੁਸਾਰ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੀ, ਬਤੌਰ ਹਾਊਸ ਦੇ ਮੈਂਬਰ , ਹਲਕੇ ਅੰਦਰ ਪੈਂਦੀਆਂ ਨਗਰ ਕੌਂਸਲਾਂ ਤੇ ਨਗਰ ਪੰਚਾਇਤ ਹੰਡਿਆਇਆ ਦੀ ਮੀਟਿੰਗ ਵਿੱਚ ਸ਼ਾਮਿਲ ਹੋਣ ਦਾ ਅਧਿਕਾਰ ਰੱਖਦੇ ਹਨ। ਪਰੰਤੂ ਉਹ ਬਤੌਰ ਵਿਧਾਇਕ ਇੱਕਾ ਦੁੱਕਾ ਮੌਕਿਆਂ ਨੂੰ ਛੱਡ ਕੇ ਕੌਂਸਲ ਦੀਆਂ ਮੀਟਿੰਗਾਂ ਵਿੱਚ ਸ਼ਾਮਿਲ ਨਹੀਂ ਹੋਏ। ਮੰਤਰੀ ਬਣਨ ਤੋਂ ਬਾਅਦ ਵੀ, ਉਹ ਕਦੇ ਨਗਰ ਕੌਂਸਲ ਬਰਨਾਲਾ ਵਿਖੇ ਨਹੀਂ ਪਹੁੰਚੇ। ਭਲ੍ਹਕੇ ਹੋਣ ਵਾਲੀ ਮੀਟਿੰਗ ਵਿੱਚ ਉਹ ਸ਼ਾਮਿਲ ਹੋਣਗੇ ਜਾਂ ਨਹੀਂ ਇਹ ਕੱਲ੍ਹ ਹੋਣ ਵਾਲੀ ਮੀਟਿੰਗ ਤੋਂ ਬਾਅਦ ਹੀ ਪਤਾ ਲੱਗੇਗਾ। ਆਮ ਆਦਮੀ ਪਾਰਟੀ ਨਾਲ ਜੁੜੇ ਇੱਕ ਮੈਂਬਰ ਨੇ, ਆਪਣਾ ਨਾਮ ਨਹੀਂ ਲਿਖਣ ਦੀ ਸ਼ਰਤ ਤੇ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਮੰਤਰੀ ਸਾਬ੍ਹ ਮੀਟਿੰਗ ਵਿੱਚ ਜਰੂਰ ਪਹੁੰਚਣ। ਮੰਤਰੀ ਦੇ ਮੀਟਿੰਗ ਵਿੱਚ ਆਉਣ ਸਬੰਧੀ ਪੁੱਛਣ ਤੇ ਕੌਂਸਲ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਨੇ ਕਿਹਾ ਕਿ ਅਸੀਂ ਸਾਰੇ ਹਾਊਸ ਦੇ ਮੈਂਬਰ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਕੈਬਨਿਟ ਮੰਤਰੀ ਮੀਤ ਹੇਅਰ ਜੀ ਦਾ ਦਿਲੋਂ ਸਤਿਕਾਰ ਕਰਦੇ ਹਾਂ, ਤੇ ਸਾਨੂੰ ਭਰੋਸਾ ਹੈ ਕਿ ਉਹ ਵੀ ਪਾਰਟੀਬਾਜੀ ਨੂੰ ਭੁੱਲ ਕੇ ਸ਼ਹਿਰ ਦੇ ਵਿਕਾਸ ਕੰਮਾਂ ਵਿੱਚ ਆਪਣਾ ਯੋਗਦਾਨ ਪਾਉਣਗੇ। ਪ੍ਰਧਾਨ ਨੇ ਕਿਹਾ ਕਿ ਅਸੀਂ ਕੈਬਨਿਟ ਮੰਤਰੀ ਜੀ ਦਾ ਮੀਟਿੰਗ ਵਿੱਚ ਪਹੁੰਚਣ ਲਈ ਸਵਾਗਤ ਕਰਾਂਗੇ, ਉਨਾਂ ਦਾ ਉਸਾਰੂ ਸੁਝਾਅ ਅਤੇ ਸਹਿਯੋਗ ਦੀ ਦੇਣ ਲਈ ਮੀਟਿੰਗ ਵਿੱਚ ਪਹੁੰਚਣਾ ਸਮੁੱਚੇ ਹਾਊਸ ਲਈ ਹੀ ਮਾਣ ਵਾਲੀ ਗੱਲ ਹੈ। ਉਨਾਂ ਕਿਹਾ ਕਿ ਸਾਨੂੰ ਪੂਰਨ ਉਮੀਦ ਹੈ ਕਿ ਮੰਤਰੀ ਸਾਬ੍ਹ ਮੀਟਿੰਗ ਹੋਣ ਵਿੱਚ ਕੋਈ ਅੜਿੱਕਾ ਨਹੀਂ ਲੱਗਣ ਦੇਣਗੇ।