ਅਸ਼ੋਕ ਵਰਮਾ , ਭਦੌੜ ( ਬਰਨਾਲਾ ) 23 ਮਾਰਚ 2023
ਪਿੰਡ ਰਾਮਗੜ੍ਹ ਦੇ ਐਨ ਆਰ ਆਈ, ਲਾਇਬ੍ਰੇਰੀ ਕਮੇਟੀ ਤੇ ਪੰਚਾਇਤ ਨੇ ਨਿਵੇਕਲੀ ਪਹਿਲ ਕਰਦਿਆਂ ਵਿਰਾਸਤ ਆਰਟ ਗੈਲਰੀ ਦਾ ਲੋਕ ਅਰਪਣ ਕੀਤਾ ਹੈ। ਜਿਸ ਵਿੱਚ ਰੂਸੀ ਲੇਖਕ ਲਿਓ ਟਾਲਸਟਾਏ, ਸੂਫ਼ੀ ਕਵੀ ਬਾਬਾ ਬੁੱਲ੍ਹੇ ਸ਼ਾਹ, ਪ੍ਰਥਮ ਮਹਿਲਾ ਅਧਿਆਪਕਾ ਸਾਵਿਤਰੀ ਬਾਈ ਫੂਲੇ, ਉੱਘੇ ਰੰਗ ਕਰਮੀ ਗੁਰਸ਼ਰਨ ਸਿੰਘ, ਲਹਿੰਦੇ ਪੰਜਾਬ ਦੇ ਕ੍ਰਾਂਤੀਕਾਰੀ ਸ਼ਾਇਰ ਬਾਬਾ ਨਜਮੀ, ਗ਼ਦਰੀ ਗੁਲਾਬ ਬੀਬੀ ਗੁਲਾਬ ਕੌਰ, ਸੰਤ ਰਾਮ ਉਦਾਸੀ, ਲਾਲ ਸਿੰਘ ਦਿਲ, ਸ਼ਹੀਦ ਭਗਤ ਸਿੰਘ ਦੀਆਂ ਬੁੱਤ ਰੂਪੀ ਕਲਾ ਕ੍ਰਿਤੀਆਂ ਲਗਾਈਆਂ ਗਈਆਂ।
ਇਸ ਵਿਰਾਸਤੀ ਆਰਟ ਗੈਲਰੀ ਦਾ ਉਦਘਾਟਨ ਕਰਨ ਅਤੇ ਵਿਚਾਰ ਚਰਚਾ ਕਰਨ ਮੌਕੇ ਅਮੋਲਕ ਸਿੰਘ ਆਗੂ ਪਲਸ ਮੰਚ, ਓਮ ਪ੍ਰਕਾਸ਼ ਗਾਸੋ ਉੱਘੇ ਸਾਹਿਤਕਾਰ, ਬਲਦੇਵ ਸੜਕਨਾਮਾ ਉੱਘੇ ਨਾਵਲਕਾਰ, ਇਕਬਾਲ ਉਦਾਸੀ ਆਗੂ ਕੁੱਲ ਹਿੰਦ ਪ੍ਰਗਤੀਸੀਲ ਇਸਤਰੀ ਸਭਾ, ਰਾਜਿੰਦਰ ਭਦੌੜ ਆਗੂ ਤਰਕਸ਼ੀਲ ਸੁਸਾਇਟੀ, ਨੀਲ ਕਮਲ ਸੀਨੀਅਰ ਪੱਤਰਕਾਰ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ।
ਆਗੂਆਂ ਆਪਣੇ ਸੰਬੋਧਨ ਚ ਕਿਹਾ ਕਿ ਜਦੋਂ ਅੰਨ੍ਹੇ ਕੌਮੀਂ ਜਨੂੰਨ ਦੀ ਪੁੱਠ ਚਾੜ੍ਹਕੇ ਮੁਲਕ ਅੰਦਰ ਫਿਰਕੂ ਹਨੇਰੀ ਵਗਾਈ ਜਾ ਰਹੀ ਹੈ। ਜਦੋਂ ਪੰਜਾਬ ਅੰਦਰ ਮੁੜ ਫਿਰਕੂ ਅਤੇ ਹਕੂਮਤੀ ਦਹਿਸਤਗਰਦੀ ਦੇ ਝੱਖੜ ਝੁਲਾਉਣ ਲਈ ਸ਼ਾਤਰਾਨਾ ਚਾਲਾਂ ਚੱਲੀਆਂ ਜਾ ਰਹੀਆਂ ਹਨ ਤਾਂ ਇਸ ਮੌਕੇ ਰਾਮਗੜ੍ਹ ਵਾਸੀਆਂ ਨੇ ਨਿਵੇਕਲੀ ਪਹਿਲ ਕਰਦਿਆਂ ਹੱਦਾਂ ਸਰਹੱਦਾਂ , ਜਾਤ ਪਾਤ, ਬੋਲੀ, ਭਾਸ਼ਾ ਤੋਂ ਪਾਰ ਜਾ ਕੇ ਇਹ ਇਤਿਹਾਸਕ, ਵਿਰਾਸਤੀ ਆਰਟ ਗੈਲਰੀ ਬਣਾ ਕੇ ਪ੍ਰੇਰਨਾਦਾਇਕ ਕਾਰਜ ਕੀਤਾ ਹੈ।
ਬੁਲਾਰਿਆਂ ਨੇ ਕਿਹਾ ਕਿ ਇਸ ਆਰਟ ਗੈਲਰੀ ਬਣਾਉਣ ਦਾ ਮਹੱਤਵ ਅੱਜ ਹੀ ਨਹੀਂ, ਆਉਣ ਵਾਲੇ ਕੱਲ੍ਹ ਲਈ ਵੀ ਇਹਦੀ ਵਧੇਰੇ ਪ੍ਰਸੰਗਕਿਤਾ ਅਤੇ ਸਾਰਥਕਤਾ ਬਣੀ ਰਹੇਗੀ। ਉੱਨਾਂ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਉੱਦਮ ਪਿੰਡ ਪਿੰਡ ਅਤੇ ਵਿਦਿਅਕ ਅਦਾਰਿਆਂ ਨੂੰ ਜੁਟਾਉਣ ਦੀ ਲੋੜ ਹੈ ਅਤੇ ਇਨ੍ਹਾਂ ਥਾਵਾਂ ਤੇ ਹਰ ਮਹੀਨੇ ਹੋਣ ਵਿਚਾਰ ਚਰਚਾਵਾਂ, ਗੀਤ ਸੰਗੀਤ, ਕਵੀ ਮਿਲਣੀਆਂ, ਚਿਤਰਕਲਾ ਅਤੇ ਰੰਗ ਮੰਚੀ ਸਰਗਰਮੀਆਂ ਲਗਾਤਾਰ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਨੌਜਵਾਨ ਤੇ ਨਵੀਂ ਪੀੜੀ ਆਪਣੀ ਅਸਲ ਵਿਰਾਸਤ ਤੋਂ ਜਾਣੂ ਹੋ ਸਕਣ ।
ਉਹਨਾਂ ਕਿਹਾ ਕਿ ਅਜਿਹਾ ਕਰਕੇ ਸਾਡੀ ਨੌਜਵਾਨੀ ਨੂੰ ਹਥਿਆਰਾਂ, ਨਸ਼ਿਆਂ ਤੇ ਗੁੰਡਾਗਰਦੀ ਦੀ ਪੁੱਠ ਚਾੜਦੀ ਗਾਇਕੀ ਤੋਂ ਜਾਗਰੂਕ ਕੀਤਾ ਜਾ ਸਕੇਗਾ । ਆਰਟ ਗੈਲਰੀ ਚ ਬੁੱਤ ਬਣਾਉਣ ਵਾਲੇ ਪਿੰਡ ਦੇ ਹੀ ਆਰਟਿਸਟ ਜਨਕ ਸਿੰਘ ਨੇ ਇਸ ਕਲਾ ਦੀਆਂ ਬਾਰੀਕੀਆਂ ਤੋਂ ਜਾਣੂ ਕਰਵਾਉਂਦਿਆਂ ਇਸ ਦੀ ਜੀਵਨ ‘ਚ ਲੋੜ ਨੂੰ ਬਾਖੂਬੀ ਬਿਆਨਿਆਂ।ਲਾਇਬ੍ਰੇਰੀ ਕਮੇਟੀ ਦੇ ਪ੍ਰਧਾਨ ਜੀਵਨ ਸ਼ਰਮਾ ਨੇ ਮੰਚ ਸੰਚਾਲਨ ਕਰਦਿਆਂ ਉਮੀਦ ਜਤਾਈ ਕਿ ਵਿਰਾਸਤੀ ਆਰਟ ਗੈਲਰੀ ਦਾ ਉੱਦਮ ਆਉਣ ਵਾਲੀਆਂ ਪੀੜ੍ਹੀਆਂ ਲਈ ਮਾਰਗ ਦਰਸ਼ਕ ਦਾ ਕੰਮ ਕਰੇਗਾ।
ਇਸ ਮੌਕੇ ਸਰਪੰਚ ਰਾਜਵਿੰਦਰ ਸਿੰਘ ਨੇ ਧੰਨਵਾਦੀ ਸ਼ਬਦਾਂ ਉਪਰੰਤ ਆਰਟ ਗੈਲਰੀ ਲਈ ਦਿੱਤੀ ਥਾਂ ਸਬੰਧੀ ਮਤਾ ਵੀ ਲੋਕ ਅਰਪਣ ਕੀਤਾ। ਇਸ ਮੌਕੇ ਪਿੰਡ ਦੇ ਐਨ ਆਰ ਆਈਜ ਅਮਰਜੀਤ ਸਿੰਘ ਚਹਿਲ, ਗੋਗੀ ਸੰਧੂ, ਜੀਵਨ ਰਾਮਗੜ੍ਹ, ਮੇਜਰ ਸਿੰਘ ਤੋਂ ਇਲਾਵਾ ਵਰਿੰਦਰ ਦੀਵਾਨਾ, ਸਰਪੰਚ ਰਾਜਵਿੰਦਰ ਸਿੰਘ, ਸਰਪੰਚ ਸੁਖਵਿੰਦਰ ਕਲਕੱਤਾ, ਸਰਪੰਚ ਤਰਨਜੀਤ ਦੁੱਗਲ, ਸਰਪੰਚ ਜੱਸਾ ਸਿੰਘ, ਪੰਮਾ ਚਹਿਲ, ਗਾਂਧੀ ਘਣਸ, ਸਤਨਾਮ ਸਿੰਘ, ਗੁਰਦੀਪ ਸਿੰਘ, ਮਾ਼ ਗੁਰਨਾਮ ਸਿੰਘ , ਸੰਦੀਪ ਸਿੰਘ, ਗੁਰਮੀਤ ਸਿੰਘ ਗੀਤਾ,ਗੁਰਦੀਪ ਸਿੰਘ ਮਾ਼ ਕੁਲਵਿੰਦਰ ਸਿੰਘ, ਪਿੰਦਾ ਕਹਿਲ, ਸ਼ਾਬਰ ਅਲੀ ਸਮੇਤ ਸਹਸ ਸਮੂਹ ਸਟਾਫ਼ ਨਗਰ ਪੰਚਾਇਤ ਤੇ ਪਤਵੰਤੇ ਹਾਜ਼ਰ ਸਨ।