ਹਰਿੰਦਰ ਨਿੱਕਾ , ਪਟਿਆਲਾ 23 ਮਾਰਚ 2023
ਨਫਾ ਸਿੰਘ ਆਪਣੇ ਨਾਮ ਨੂੰ ਸਾਕਾਰ ਕਰਦਿਆਂ ਸਿਰਫ 20 ਹਜ਼ਾਰ ਰੁਪਏ ਦੇ ਕੇ ਹੀ ਸੀਜਨ ਲਾਉਣ ਲਈ ਇੱਕ ਕੰਬਾਈਨ ਠੇਕੇ/ ਕਿਰਾਏ ਤੇ ਲੈ ਗਿਆ। ਸੀਜਨ ਲਾ ਕੇ ਆਇਆ ਤਾਂ ਕਿਰਾਇਆ ਕੀ ਦੇਣਾ ਸੀ, ਕੰਬਾਈਨ ਮੋੜਨ ਤੋਂ ਵੀ ਨਾਂਹ ਕਰ ਦਿੱਤੀ ਤੇ ਉਲਟਾ ਕੰਬਾਈਨ ਮਾਲਿਕ ਨੂੰ ਗਾਲ੍ਹੀ ਗਲੋਚ ਸ਼ੁਰੂ ਕਰ ਦਿੱਤਾ। ਅਜਿਹਾ ਘਟਨਾਕ੍ਰਮ ਥਾਣਾ ਜੁਲਕਾਂ ਦੇ ਪਿੰਡ ਰੋਹੜ ਜੰਗੀਰ ਵਿਖੇ ਵਾਪਰਿਆ। ਪੁਲਿਸ ਨੂੰ ਦਿੱਤੀ ਸ਼ਕਾਇਤ ਵਿੱਚ ਕੰਬਾਈਨ ਮਾਲਿਕ ਸੰਜੀਵ ਕੁਮਾਰ ਪੁੱਤਰ ਕ੍ਰਿਸ਼ਨ ਵਾਸੀ ਰੋਹੜ ਜੰਗੀਰ ਨੇ ਦੱਸਿਆ ਕਿ ਹਰਿਆਣਾ ਦੇ ਕਰਨਾਲ ਜਿਲ੍ਹੇ ਦਾ ਰਹਿਣ ਵਾਲਾ ਨਫਾ ਸਿੰਘ ਪੁੱਤਰ ਬੀਰ ਸਿੰਘ ਲੰਘੇ ਸੀਜਨ ਤੋਂ ਪਹਿਲਾਂ ਉਸ ਤੋਂ 90 ਹਜ਼ਾਰ ਰੁਪਏ ਪ੍ਰਤੀ ਸੀਜਨ ਠੇਕੇ/ਕਿਰਾਏ ਤੇ ਸਿਰਫ 20 ਹਜ਼ਾਰ ਰੁਪਏ ਐਡਵਾਂਸ ਦੇ ਕੇ ਬਾਕੀ 70 ਹਜ਼ਾਰ ਰੁਪਏ ਸੀਜਨ ਲਾ ਕੇ ਦੇਣ ਦਾ ਭਰੋਸਾ ਦਿਵਾ ਕੇ ਕੰਬਾਈਨ ਲੈ ਗਿਆ। ਜਦੋਂ ਉਹ ਸੀਜਨ ਲਾ ਕੇ ਮੁੜਿਆ ਤਾਂ ਉਸ ਨੇ ਨਾ ਬਾਕੀ ਰਹਿੰਦੇ 70 ਹਜ਼ਾਰ ਰੁਪਏ ਦਿੱਤੇ ਤੇ ਨਾ ਹੀ ਕੰਬਾਈਨ ਮੋੜੀ। ਫਿਰ ਜਦੋਂ ਮੁਦਈ ਆਪਣੇ ਬਾਕੀ ਰਹਿੰਦੇ ਰੁਪੱਈਏ ਤੇ ਕੰਬਾਈਨ ਲੈਣ ਲਈ, ਉਹ ਦੇ ਘਰ ਗਿਆ ਤਾਂ ਉਸ ਨੇ ਪੈਸੇ ਤੇ ਕੰਬਾਈਨ ਮੋੜਨ ਦੀ ਬਜਾਏ ਗਾਲ੍ਹੀ-ਗਲੋਚ ਕਰਕੇ, ਮੋੜ ਦਿੱਤਾ। ਥਾਣਾ ਜੁਲਕਾਂ ਦੇ ਐਸ.ਐਚ.ੳ. ਨੇ ਦੱਸਿਆ ਕਿ ਸ਼ਕਾਇਤ ਦੀ ਪੜਤਾਲ ਉਪਰੰਤ ਨਾਮਜਦ ਦੋਸ਼ੀ ਨਫਾ ਸਿੰਘ ਖਿਲਾਫ ਅਧੀਨ ਜੁਰਮ 420/ 506 ਆਈਪੀਸੀ ਤਹਿਤ ਕੇਸ ਦਰਜ਼ ਕਰਕੇ, ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ, ਜਲਦ ਹੀ ਉਸ ਨੂੰ ਗਿਰਫਤਾਰ ਕਰਕੇ,ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।